Skip to content

Skip to table of contents

ਕੀ ਧਰਤੀ ਦੇ ਨਾਸ਼ ਹੋਣ ਦਾ ਸਮਾਂ ਆ ਗਿਆ ਹੈ?

ਕੀ ਧਰਤੀ ਦੇ ਨਾਸ਼ ਹੋਣ ਦਾ ਸਮਾਂ ਆ ਗਿਆ ਹੈ?

ਕੀ ਧਰਤੀ ਦੇ ਨਾਸ਼ ਹੋਣ ਦਾ ਸਮਾਂ ਆ ਗਿਆ ਹੈ?

ਤੁਸੀਂ ਹੇਠਾਂ ਦਿੱਤੇ ਸਵਾਲ ਦਾ ਕਿਹੜਾ ਜਵਾਬ ਚੁਣੋਗੇ?

ਭਵਿੱਖ ਵਿਚ ਧਰਤੀ ਦੇ ਹਾਲਾਤ

(ੳ) ਸੁਧਰ ਜਾਣਗੇ?

(ਅ) ਇੱਦਾਂ ਹੀ ਰਹਿਣਗੇ?

(ੲ) ਹੋਰ ਵਿਗੜ ਜਾਣਗੇ?

ਕੀਤੁਸੀਂ ਭਵਿੱਖ ਬਾਰੇ ਚੰਗਾ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰਦੇ ਹੋ? ਚੰਗਾ ਨਜ਼ਰੀਆ ਰੱਖਣ ਦੇ ਤੁਹਾਨੂੰ ਕਈ ਲਾਭ ਹੋ ਸਕਦੇ ਹਨ। ਅਧਿਐਨ ਦਿਖਾਉਂਦੇ ਹਨ ਕਿ ਜਿਹੜੇ ਲੋਕ ਭਵਿੱਖ ਬਾਰੇ ਸਹੀ ਨਜ਼ਰੀਆ ਰੱਖਦੇ ਹਨ, ਉਹ ਪੜਾਾਈ-ਲਿਖਾਈ ਵਿਚ ਹੁਸ਼ਿਆਰ ਹੁੰਦੇ ਹਨ ਅਤੇ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿੰਦੇ ਹਨ। ਕਈ ਸਾਲਾਂ ਤਾਈਂ ਕੀਤੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਹੀ ਨਜ਼ਰੀਆ ਰੱਖਣ ਵਾਲੇ ਬੰਦਿਆਂ ਨੂੰ ਉਨ੍ਹਾਂ ਬੰਦਿਆਂ ਦੇ ਮੁਕਾਬਲੇ ਦਿਲ ਦੀਆਂ ਬੀਮਾਰੀਆਂ ਘੱਟ ਲੱਗਦੀਆਂ ਹਨ ਜਿਨ੍ਹਾਂ ਦਾ ਭਵਿੱਖ ਬਾਰੇ ਨਜ਼ਰੀਆ ਨਿਰਾਸ਼ਾਵਾਦੀ ਹੁੰਦਾ ਹੈ। ਇਨ੍ਹਾਂ ਗੱਲਾਂ ਦੀ ਸੱਚਾਈ ਪਹਿਲਾਂ ਹੀ ਬਾਈਬਲ ਵਿਚ ਦੱਸੀ ਗਈ ਸੀ ਕਿ “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ, ਪਰ ਉਦਾਸ [ਮਨ] ਹੱਡੀਆਂ ਨੂੰ ਸੁਕਾਉਂਦਾ ਹੈ।”—ਕਹਾਉਤਾਂ 17:22.

ਪਰ ਧਰਤੀ ਦੇ ਭਵਿੱਖ ਬਾਰੇ ਵਿਗਿਆਨੀ ਜੋ ਕਹਿੰਦੇ ਹਨ, ਉਸ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਲਈ ਖ਼ੁਸ਼ ਤੇ ਆਸ਼ਾਵਾਦੀ ਰਹਿਣਾ ਮੁਸ਼ਕਲ ਹੈ। ਆਓ ਦੇਖੀਏ ਕਿ ਵਿਗਿਆਨੀ ਧਰਤੀ ਦੇ ਭਵਿੱਖ ਬਾਰੇ ਕੀ ਕਹਿੰਦੇ ਹਨ ਜੋ ਅੱਜ-ਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਧਰਤੀ ਖ਼ਤਰੇ ਵਿਚ

ਕਈ ਦੇਸ਼ ਆਪਣੀ ਆਰਥਿਕ ਹਾਲਤ ਸੁਧਾਰਨ ਵਿਚ ਲੱਗੇ ਹੋਏ ਹਨ। ਪਰ ਉਹ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਸੁਆਰਥੀ ਜਤਨਾਂ ਦਾ ਵਾਤਾਵਰਣ ’ਤੇ ਕੀ ਅਸਰ ਪੈ ਸਕਦਾ ਹੈ। 2002 ਵਿਚ ਮੰਨੀ-ਪ੍ਰਮੰਨੀ ਸਟਾਕਹੋਮ ਇਨਵਾਇਰਮੈਂਟ ਇੰਸਟੀਚਿਊਟ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਦੇਸ਼ ਇੱਦਾਂ ਕਰਨ ਵਿਚ ਲੱਗੇ ਰਹੇ, ਤਾਂ ‘ਧਰਤੀ ਦਾ ਵਾਤਾਵਰਣ ਤੇ ਵਾਯੂਮੰਡਲ ਕਾਫ਼ੀ ਵਿਗੜ ਸਕਦਾ ਹੈ।’ ਉਨ੍ਹਾਂ ਨੇ ਅੱਗੇ ਕਿਹਾ ਕਿ ਦੁਨੀਆਂ ਭਰ ਵਿਚ ਗ਼ਰੀਬੀ, ਬੇਇਨਸਾਫ਼ੀ ਤੇ ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ ਕਰਕੇ ‘ਵਾਤਾਵਰਣ ਖ਼ਰਾਬ ਹੋ ਜਾਵੇਗਾ ਤੇ ਧਰਤੀ ਦੀ ਹਾਲਤ ਵਿਗੜਦੀ ਜਾਵੇਗੀ ਜਿਸ ਕਰਕੇ ਲੋਕਾਂ ਵਿਚ ਭਵਿੱਖ ਬਾਰੇ ਸੋਚ ਕੇ ਡਰ ਪੈਦਾ ਹੋ ਜਾਵੇਗਾ।’

2005 ਵਿਚ ਸੰਯੁਕਤ ਰਾਸ਼ਟਰ-ਸੰਘ ਨੇ ਆਪਣੀ ਰਿਪੋਰਟ (Millennium Ecosystem Assessment Synthesis Report) ਪੇਸ਼ ਕੀਤੀ। ਇਹ ਰਿਪੋਰਟ ਧਰਤੀ ਦੇ ਵਾਤਾਵਰਣ ਸੰਬੰਧੀ ਚਾਰ ਸਾਲਾਂ ਦਾ ਅਧਿਐਨ ਕਰ ਕੇ ਤਿਆਰ ਕੀਤੀ ਗਈ ਸੀ। ਇਹ ਅਧਿਐਨ 95 ਦੇਸ਼ਾਂ ਤੋਂ ਆਏ 1,360 ਮਾਹਰਾਂ ਨੇ ਕੀਤਾ ਸੀ ਜਿਸ ਵਿਚ ਇਹ ਚੇਤਾਵਨੀ ਦਿੱਤੀ ਗਈ ਸੀ: “ਇਨਸਾਨਾਂ ਦੇ ਕੰਮਾਂ ਦਾ ਧਰਤੀ ਦੀਆਂ ਕੁਦਰਤੀ ਕ੍ਰਿਆਵਾਂ ’ਤੇ ਮਾੜਾ ਅਸਰ ਪੈ ਰਿਹਾ ਹੈ ਜਿਸ ਕਰਕੇ ਧਰਤੀ ਦਾ ਵਾਤਾਵਰਣ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰਨਾਕ ਸਾਬਤ ਹੋਵੇਗਾ। ਇਸ ਗੱਲ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।” ਇਸ ਖ਼ਤਰੇ ਤੋਂ ਬਚਣ ਲਈ ਇਸ ਰਿਪੋਰਟ ਨੇ ਕਿਹਾ ਕਿ ਸਾਨੂੰ “ਆਪਣੀਆਂ ਨੀਤੀਆਂ, ਸੰਸਥਾਵਾਂ ਤੇ ਕੰਮਾਂ ਵਿਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਲੋੜ ਹੈ।”

ਆਨਾ ਟਿਬਾਈਯੁਕਾ, ਜੋ ਸੰਯੁਕਤ ਰਾਸ਼ਟਰ-ਸੰਘ ਦੇ ਹਿਊਮਨ ਸੈਟਲਮੈਂਟਸ ਪ੍ਰੋਗ੍ਰਾਮ ਦੀ ਡਾਇਰੈਕਟਰ ਹੈ, ਨੇ ਕਿਹਾ ਕਿ ਸਾਰੇ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ “ਜੇ ਅਸੀਂ ਵਾਤਾਵਰਣ ਬਾਰੇ ਕੁਝ ਨਾ ਕੀਤਾ, ਤਾਂ ਇਨਸਾਨਾਂ ਲਈ ਧਰਤੀ ’ਤੇ ਰਹਿਣਾ ਮੁਸ਼ਕਲ ਹੋ ਜਾਵੇਗਾ।”

ਆਸ਼ਾਵਾਦੀ ਹੋਣ ਦਾ ਕਾਰਨ

ਯਹੋਵਾਹ ਦੇ ਗਵਾਹ, ਜੋ ਇਹ ਰਸਾਲਾ ਛਾਪਦੇ ਹਨ, ਯਕੀਨ ਕਰਦੇ ਹਨ ਕਿ ਬਹੁਤ ਜਲਦੀ ਇਸ ਧਰਤੀ ਦੀ ਕਾਇਆ ਪਲਟਣ ਵਾਲੀ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਇਹ ਤਬਦੀਲੀ ਧਰਤੀ ਲਈ ਖ਼ਤਰੇ ਦੀ ਘੰਟੀ ਨਹੀਂ, ਸਗੋਂ ਇਸ ਦੇ ਕਾਰਨ ਧਰਤੀ ਉੱਤੇ ਵਧੀਆ ਹਾਲਾਤ ਆ ਜਾਣਗੇ ਜੋ ਲੋਕਾਂ ਨੇ ਪਹਿਲਾਂ ਕਦੇ ਨਹੀਂ ਦੇਖੇ। ਉਹ ਇਸ ਤਰ੍ਹਾਂ ਕਿਉਂ ਮੰਨਦੇ ਹਨ? ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦਿੱਤੇ ਵਾਅਦਿਆਂ ’ਤੇ ਭਰੋਸਾ ਰੱਖਦੇ ਹਨ। ਉਨ੍ਹਾਂ ਵਿੱਚੋਂ ਇਕ ਵਾਅਦਾ ਇਹ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:10, 11.

ਕੀ ਇਹ ਵਾਅਦਾ ਪੂਰਾ ਹੋਵੇਗਾ? ਜ਼ਰਾ ਇਸ ਗੱਲ ’ਤੇ ਗੌਰ ਕਰੋ: ਹਜ਼ਾਰਾਂ ਹੀ ਸਾਲ ਪਹਿਲਾਂ ਬਾਈਬਲ ਵਿਚ ਦੱਸਿਆ ਗਿਆ ਸੀ ਕਿ ਵੱਡੀਆਂ-ਵੱਡੀਆਂ ਮੁਸੀਬਤਾਂ ਆਉਣਗੀਆਂ ਜੋ ਅੱਜ ਧਰਤੀ ਅਤੇ ਲੋਕਾਂ ’ਤੇ ਕਹਿਰ ਢਾਹ ਰਹੀਆਂ ਹਨ। ਅਸੀਂ ਤੁਹਾਨੂੰ ਅਰਜ਼ ਕਰਦੇ ਹਾਂ ਕਿ ਅਗਲੇ ਲੇਖ ਵਿਚ ਦਿੱਤੇ ਹਵਾਲਿਆਂ ਨੂੰ ਪੜ੍ਹੋ ਅਤੇ ਦੁਨੀਆਂ ਵਿਚ ਵਾਪਰ ਰਹੀਆਂ ਗੱਲਾਂ ਨਾਲ ਇਨ੍ਹਾਂ ਦੀ ਤੁਲਨਾ ਕਰੋ। ਇਸ ਤਰ੍ਹਾਂ ਕਰਨ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਤੁਹਾਡਾ ਵਿਸ਼ਵਾਸ ਵਧੇਗਾ। (w08 8/1)