Skip to content

Skip to table of contents

ਕੀ ਤੁਹਾਡੀਆਂ ਯੋਜਨਾਵਾਂ ਪਰਮੇਸ਼ੁਰ ਦੇ ਮਕਸਦ ਨਾਲ ਮੇਲ ਖਾਂਦੀਆਂ ਹਨ?

ਕੀ ਤੁਹਾਡੀਆਂ ਯੋਜਨਾਵਾਂ ਪਰਮੇਸ਼ੁਰ ਦੇ ਮਕਸਦ ਨਾਲ ਮੇਲ ਖਾਂਦੀਆਂ ਹਨ?

ਕੀ ਤੁਹਾਡੀਆਂ ਯੋਜਨਾਵਾਂ ਪਰਮੇਸ਼ੁਰ ਦੇ ਮਕਸਦ ਨਾਲ ਮੇਲ ਖਾਂਦੀਆਂ ਹਨ?

ਕਲਾਰਕ ਨੱਟਕ੍ਰੈਕਰ ਨਾਂ ਦੇ ਸਲੇਟੀ ਰੰਗੇ ਪੰਛੀ ਨੂੰ ਉੱਤਰੀ-ਪੱਛਮੀ ਅਮਰੀਕਾ ਦੇ ਜੰਗਲਾਂ ਵਿਚ ਉੱਡਦਿਆਂ ਦੇਖਿਆ ਜਾ ਸਕਦਾ ਹੈ। ਇਹ ਪੰਛੀ ਸਾਲ ਵਿਚ 33,000 ਬੀਜਾਂ ਨੂੰ ਇਕੱਠੇ ਕਰ ਕੇ ਜ਼ਮੀਨ ਵਿਚ ਦੱਬਦਾ ਹੈ ਤੇ ਇਨ੍ਹਾਂ ਨੂੰ 2,500 ਵੱਖੋ-ਵੱਖਰੀਆਂ ਥਾਵਾਂ ’ਤੇ ਸਰਦੀਆਂ ਵਾਸਤੇ ਜਮ੍ਹਾ ਕਰ ਕੇ ਰੱਖਦਾ ਹੈ। ਵਾਕਈ, ਇਹ ਪੰਛੀ ‘ਬੜੀ ਸਿਆਣਪ’ ਨਾਲ ਆਉਣ ਵਾਲੇ ਦਿਨਾਂ ਲਈ ਆਪਣੇ ਭੋਜਨ ਦਾ ਜੁਗਾੜ ਕਰ ਕੇ ਰੱਖਦਾ ਹੈ।—ਕਹਾਉਤਾਂ 30:24.

ਜਾਨਵਰਾਂ ਨਾਲੋਂ ਇਨਸਾਨਾਂ ਵਿਚ ਕਿਤੇ ਹੀ ਜ਼ਿਆਦਾ ਸਿਆਣਪ ਹੈ। ਯਹੋਵਾਹ ਦੀਆਂ ਸਾਰੀਆਂ ਰਚਨਾਵਾਂ ਵਿੱਚੋਂ ਇਨਸਾਨ ਹੀ ਹੈ ਜੋ ਆਪਣੇ ਤਜਰਬਿਆਂ ਤੋਂ ਸਿੱਖ ਕੇ ਆਪਣੇ ਭਵਿੱਖ ਲਈ ਯੋਜਨਾਵਾਂ ਬਣਾ ਸਕਦੇ ਹਨ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਮਨੁੱਖ ਦੇ ਮਨ ਵਿੱਚ ਅਨੇਕ ਜੁਗਤਾਂ ਹੁੰਦੀਆਂ ਹਨ।”—ਕਹਾਉਤਾਂ 19:21.

ਪਰ ਇਨਸਾਨਾਂ ਨੂੰ ਇਹ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ, ਇਸ ਲਈ ਉਨ੍ਹਾਂ ਦੀਆਂ ਯੋਜਨਾਵਾਂ ਬਦਲ ਸਕਦੀਆਂ ਹਨ। ਮਿਸਾਲ ਲਈ, ਤੁਸੀਂ ਕੱਲ੍ਹ ਬਾਰੇ ਸੋਚਦੇ ਹੋ ਕਿ ਤੁਸੀਂ ਕੀ-ਕੀ ਕਰੋਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਸੂਰਜ ਚੜ੍ਹੇਗਾ ਤੇ ਤੁਸੀਂ ਜ਼ਿੰਦਾ ਰਹੋਗੇ। ਇਹ ਗੱਲ ਤਾਂ ਪੱਕੀ ਹੈ ਕਿ ਸੂਰਜ ਚੜ੍ਹੇਗਾ, ਪਰ ਅਸੀਂ ਜ਼ਿੰਦਾ ਰਹਾਂਗੇ ਜਾਂ ਨਹੀਂ ਇਹ ਨਹੀਂ ਪਤਾ। ਇਸੇ ਲਈ ਬਾਈਬਲ ਦੇ ਲਿਖਾਰੀ ਯਾਕੂਬ ਨੇ ਕਿਹਾ: “ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ!”—ਯਾਕੂਬ 4:13, 14.

ਪਰ ਯਹੋਵਾਹ ਸਭ ਕੁਝ ਜਾਣਦਾ ਹੈ ਕਿਉਂਕਿ ਉਸ ਨੂੰ “ਆਦ ਤੋਂ ਅੰਤ” ਤਕ ਪਤਾ ਹੈ। ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ ਭਾਵੇਂ ਜੋ ਮਰਜ਼ੀ ਹੋ ਜਾਵੇ। ਉਸ ਨੇ ਕਿਹਾ: “ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।” (ਯਸਾਯਾਹ 46:10) ਪਰ ਉਦੋਂ ਕੀ ਹੁੰਦਾ ਹੈ ਜਦੋਂ ਇਨਸਾਨਾਂ ਦੀਆਂ ਯੋਜਨਾਵਾਂ ਯਹੋਵਾਹ ਦੇ ਮਕਸਦ ਨਾਲ ਮੇਲ ਨਹੀਂ ਖਾਂਦੀਆਂ?

ਜਦੋਂ ਇਨਸਾਨ ਪਰਮੇਸ਼ੁਰ ਦੇ ਮਕਸਦ ਨੂੰ ਨਜ਼ਰਅੰਦਾਜ਼ ਕਰਦੇ ਹਨ

ਲਗਭਗ 4,000 ਸਾਲ ਪਹਿਲਾਂ ਬਾਬਲ ਦਾ ਬੁਰਜ ਬਣਾਉਣ ਵਾਲਿਆਂ ਦੀ ਯੋਜਨਾ ਸੀ ਕਿ ਲੋਕ ਇੱਕੋ ਜਗ੍ਹਾ ’ਤੇ ਰਹਿਣ। ਉਨ੍ਹਾਂ ਨੇ ਕਿਹਾ: “ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਅਕਾਸ਼ ਤੀਕ ਹੋਵੇ ਅਰ ਆਪਣੇ ਲਈ ਇੱਕ ਨਾਉਂ ਕੱਢੀਏ ਅਜਿਹਾ ਨਾ ਹੋਵੇ ਭਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ।”—ਉਤਪਤ 11:4.

ਪਰ ਯਹੋਵਾਹ ਨਹੀਂ ਸੀ ਚਾਹੁੰਦਾ ਕਿ ਲੋਕ ਇੱਕੋ ਜਗ੍ਹਾ ਰਹਿਣ। ਉਸ ਨੇ ਨੂਹ ਤੇ ਉਸ ਦੇ ਪੁੱਤਰਾਂ ਨੂੰ ਹੁਕਮ ਦਿੱਤਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤਪਤ 9:1) ਸੋ ਪਰਮੇਸ਼ੁਰ ਨੇ ਬਾਬਲ ਦੇ ਬਾਗ਼ੀ ਲੋਕਾਂ ਨਾਲ ਕੀ ਕੀਤਾ? ਉਸ ਨੇ ਉਨ੍ਹਾਂ ਦੀ ਭਾਸ਼ਾ ਉਲਟ-ਪੁਲਟ ਕਰ ਦਿੱਤੀ ਤਾਂਕਿ ਉਹ ਇਕ-ਦੂਜੇ ਦੀ ਗੱਲ ਨਾ ਸਮਝ ਸਕਣ। ਇਸ ਦਾ ਨਤੀਜਾ ਕੀ ਨਿਕਲਿਆ? “ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।” (ਉਤਪਤ 11:5-8) ਬਾਬਲ ਨੂੰ ਉਸਾਰਨ ਵਾਲਿਆਂ ਨੂੰ ਇਸ ਤੋਂ ਵੱਡਾ ਸਬਕ ਸਿੱਖਣਾ ਪਿਆ। ਜਦੋਂ ਇਨਸਾਨਾਂ ਦੀਆਂ ਯੋਜਨਾਵਾਂ ਅਤੇ ਪਰਮੇਸ਼ੁਰ ਦਾ ਮਕਸਦ ਵੱਖੋ-ਵੱਖਰੇ ਹੁੰਦੇ ਹਨ, ਤਾਂ ‘ਯਹੋਵਾਹ ਦਾ ਮਤਾ ਕਾਇਮ ਰਹਿੰਦਾ ਹੈ।’ (ਕਹਾਉਤਾਂ 19:21) ਸੋ ਬਾਬਲ ਦੇ ਲੋਕਾਂ ਨਾਲ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਅਮੀਰ ਆਦਮੀ ਦੀ ਮੂਰਖਤਾ

ਸ਼ਾਇਦ ਤੁਸੀਂ ਬੁਰਜ ਬਣਾਉਣ ਦੀ ਤਾਂ ਨਹੀਂ ਸੋਚ ਰਹੇ, ਪਰ ਕਈ ਬੈਂਕ ਵਿਚ ਬਹੁਤ ਸਾਰੇ ਪੈਸਾ ਜਮ੍ਹਾ ਕਰਨ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਇਕੱਠੀਆਂ ਕਰਨ ਬਾਰੇ ਸੋਚਦੇ ਹਨ ਤਾਂਕਿ ਉਹ ਰੀਟਾਇਰ ਹੋਣ ਤੋਂ ਬਾਅਦ ਆਰਾਮ ਨਾਲ ਜ਼ਿੰਦਗੀ ਜੀ ਸਕਣ। ਇਹ ਕੁਦਰਤੀ ਹੈ ਕਿ ਹਰ ਇਨਸਾਨ ਆਪਣੀ ਮਿਹਨਤ ਦਾ ਫਲ ਭੋਗਣਾ ਚਾਹੁੰਦਾ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”—ਉਪਦੇਸ਼ਕ ਦੀ ਪੋਥੀ 3:13.

ਪਰ ਅਸੀਂ ਇਸ ਦਾਤ ਦਾ ਜਿਸ ਤਰ੍ਹਾਂ ਇਸਤੇਮਾਲ ਕਰਦੇ ਹਾਂ, ਉਸ ਦਾ ਯਹੋਵਾਹ ਸਾਡੇ ਤੋਂ ਲੇਖਾ ਲਵੇਗਾ। ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਉਦਾਹਰਣ ਦੇ ਕੇ ਇਹ ਗੱਲ ਸਮਝਾਈ ਸੀ। ਉਸ ਨੇ ਕਿਹਾ ਸੀ: “ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ। ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਭਈ ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਈ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਨੂੰ ਜਮਾ ਰੱਖਾਂ? ਤਾਂ ਓਸ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਰ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾ ਕਰਾਂਗਾ। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਸੁਖੀ ਰਹੁ, ਖਾਹ ਪੀ ਅਤੇ ਮੌਜ ਮਾਨ।” (ਲੂਕਾ 12:16-19) ਇਸ ਅਮੀਰ ਆਦਮੀ ਦਾ ਇਸ ਤਰ੍ਹਾਂ ਸੋਚਣਾ ਸਹੀ ਲੱਗਦਾ ਹੈ, ਹੈ ਨਾ? ਲੱਗਦਾ ਹੈ ਕਿ ਉਹ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਕਲਾਰਕ ਨੱਟਕ੍ਰੈਕਰ ਪੰਛੀ ਦੀ ਤਰ੍ਹਾਂ ਆਪਣੇ ਭਵਿੱਖ ਬਾਰੇ ਸੋਚ ਰਿਹਾ ਸੀ।

ਇਸ ਅਮੀਰ ਆਦਮੀ ਦੀ ਸੋਚਣੀ ਗ਼ਲਤ ਸੀ। ਯਿਸੂ ਨੇ ਅੱਗੇ ਕਿਹਾ: “ਪਰ ਪਰਮੇਸ਼ੁਰ ਨੇ ਉਹ ਨੂੰ ਆਖਿਆ, ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?” (ਲੂਕਾ 12:20) ਕੀ ਯਿਸੂ ਸੁਲੇਮਾਨ ਦੀ ਇਸ ਗੱਲ ਦੇ ਉਲਟ ਕਹਿ ਰਿਹਾ ਸੀ ਕਿ ਕੰਮ ਕਰਨ ਨਾਲ ਜੋ ਚੰਗੀਆਂ ਚੀਜ਼ਾਂ ਮਿਲਦੀਆਂ ਹਨ, ਉਹ ਪਰਮੇਸ਼ੁਰ ਵੱਲੋਂ ਦਾਤ ਹਨ? ਨਹੀਂ। ਸੋ ਯਿਸੂ ਦਾ ਕੀ ਮਤਲਬ ਸੀ? ਯਿਸੂ ਨੇ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।”—ਲੂਕਾ 12:21.

ਯਿਸੂ ਆਪਣੇ ਸਰੋਤਿਆਂ ਨੂੰ ਸਿਖਾ ਰਿਹਾ ਸੀ ਕਿ ਆਪਣੀਆਂ ਯੋਜਨਾਵਾਂ ਬਣਾਉਂਦੇ ਸਮੇਂ ਯਹੋਵਾਹ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਅਮੀਰ ਆਦਮੀ ਜੇ ਚਾਹੁੰਦਾ, ਤਾਂ ਭਗਤੀ, ਬੁੱਧੀ ਤੇ ਪਿਆਰ ਵਰਗੇ ਗੁਣਾਂ ਨੂੰ ਆਪਣੇ ਵਿਚ ਪੈਦਾ ਕਰ ਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨੀ ਬਣ ਸਕਦਾ ਸੀ। ਪਰ ਉਸ ਆਦਮੀ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਨਾ ਤਾਂ ਇਨ੍ਹਾਂ ਗੁਣਾਂ ਵਿਚ ਕੋਈ ਦਿਲਚਸਪੀ ਸੀ ਤੇ ਨਾ ਹੀ ਉਸ ਨੇ ਖੇਤਾਂ ਵਿਚ ਗ਼ਰੀਬਾਂ ਵਾਸਤੇ ਥੋੜ੍ਹੀ-ਬਹੁਤੀ ਫ਼ਸਲ ਛੱਡੀ ਤੇ ਨਾ ਹੀ ਉਸ ਨੇ ਯਹੋਵਾਹ ਨੂੰ ਭੇਟ ਚੜਾਾਉਣ ਬਾਰੇ ਸੋਚਿਆ। ਇਹ ਗੱਲਾਂ ਉਸ ਅਮੀਰ ਆਦਮੀ ਦੀ ਜ਼ਿੰਦਗੀ ਵਿਚ ਕੋਈ ਅਹਿਮੀਅਤ ਨਹੀਂ ਰੱਖਦੀਆਂ ਸਨ। ਉਸ ਨੇ ਸਿਰਫ਼ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਅਤੇ ਆਪਣੇ ਆਰਾਮ ਨੂੰ ਧਿਆਨ ਵਿਚ ਰੱਖ ਕੇ ਯੋਜਨਾਵਾਂ ਬਣਾਈਆਂ ਸਨ।

ਕੀ ਤੁਸੀਂ ਦੇਖਿਆ ਹੈ ਕਿ ਅੱਜ ਕਈ ਲੋਕ ਉਸ ਧਨੀ ਆਦਮੀ ਵਾਂਗ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹਨ? ਅਸੀਂ ਸਾਰੇ ਹੀ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੇ ਫੰਦੇ ਵਿਚ ਫਸ ਸਕਦੇ ਹਾਂ ਭਾਵੇਂ ਅਸੀਂ ਅਮੀਰ ਹੋਈਏ ਜਾਂ ਗ਼ਰੀਬ। ਇਸ ਤਰ੍ਹਾਂ ਕਰ ਕੇ ਅਸੀਂ ਆਪਣੀਆਂ ਇੱਛਾਵਾਂ ਨੂੰ ਪਰਮੇਸ਼ੁਰੀ ਗੱਲਾਂ ਨਾਲੋਂ ਜ਼ਿਆਦਾ ਪਹਿਲ ਦਿੰਦੇ ਹਾਂ। ਇਸ ਫੰਦੇ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ?

ਲੋਕਾਂ ਦੀਆਂ ਨਜ਼ਰਾਂ ਵਿਚ “ਆਮ” ਜ਼ਿੰਦਗੀ

ਯਿਸੂ ਦੇ ਦ੍ਰਿਸ਼ਟਾਂਤ ਦੇ ਧਨੀ ਆਦਮੀ ਦੇ ਉਲਟ ਤੁਸੀਂ ਸ਼ਾਇਦ ਗੁਜ਼ਾਰਾ ਤੋਰਨ ਲਈ ਪੈਸਾ ਕਮਾਉਣ ਵਾਸਤੇ ਜੱਦੋ-ਜਹਿਦ ਕਰ ਰਹੋ ਹੋ। ਪਰ ਜੇ ਤੁਸੀਂ ਵਿਆਹੇ ਹੋ, ਤਾਂ ਤੁਸੀਂ ਸ਼ਾਇਦ ਸੋਚ ਰਹੇ ਹੋ ਕਿ ਤੁਸੀਂ ਪਰਿਵਾਰ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਨੀਆਂ ਹਨ ਤੇ ਬੱਚਿਆਂ ਨੂੰ ਪੜਾਾਉਣਾ-ਲਿਖਾਉਣਾ ਹੈ। ਜੇ ਤੁਸੀਂ ਕੁਆਰੇ ਹੋ, ਤਾਂ ਤੁਸੀਂ ਸ਼ਾਇਦ ਕੋਈ ਕੰਮ ਲੱਭਣ ਬਾਰੇ ਸੋਚ ਰਹੇ ਹੋਵੋਗੇ ਜਾਂ ਜੇ ਤੁਸੀਂ ਪਹਿਲਾਂ ਹੀ ਕਿਸੇ ਕੰਮ ’ਤੇ ਲੱਗੇ ਹੋਏ ਹੋ, ਤਾਂ ਤੁਸੀਂ ਸ਼ਾਇਦ ਇਹ ਕੰਮ ਛੱਡਣਾ ਨਹੀਂ ਚਾਹੋਗੇ ਕਿਉਂਕਿ ਤੁਸੀਂ ਦੂਜਿਆਂ ’ਤੇ ਬੋਝ ਨਹੀਂ ਬਣਨਾ ਚਾਹੁੰਦੇ। ਇੱਦਾਂ ਸੋਚਣਾ ਕੋਈ ਗ਼ਲਤ ਗੱਲ ਨਹੀਂ ਹੈ।—2 ਥੱਸਲੁਨੀਕੀਆਂ 3:10-12; 1 ਤਿਮੋਥਿਉਸ 5:8.

ਭਾਵੇਂ ਕਿ ਕੰਮ ਕਰਨਾ ਅਤੇ ਖਾਣਾ-ਪੀਣਾ ਜ਼ਿੰਦਗੀ ਦੀਆਂ ਆਮ ਗੱਲਾਂ ਹਨ, ਪਰ ਫਿਰ ਵੀ ਇਹ ਗੱਲਾਂ ਸਾਨੂੰ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਲਿਜਾ ਸਕਦੀਆਂ ਹਨ। ਉਹ ਕਿਵੇਂ? ਯਿਸੂ ਨੇ ਕਿਹਾ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।”—ਮੱਤੀ 24:37-39.

ਪਰਲੋ ਤੋਂ ਪਹਿਲਾਂ ਲੋਕਾਂ ਨੇ ਆਮ ਜ਼ਿੰਦਗੀ ਦਾ ਆਨੰਦ ਮਾਣਿਆ ਜੋ ਉਨ੍ਹਾਂ ਭਾਣੇ ਠੀਕ ਸੀ। ਪਰ ਉਨ੍ਹਾਂ ਦੀ ਸਮੱਸਿਆ ਇਹ ਸੀ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਮਕਸਦ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਉਹ ਪਰਲੋ ਰਾਹੀਂ ਬੁਰੀ ਦੁਨੀਆਂ ਦਾ ਨਾਸ਼ ਕਰਨ ਵਾਲਾ ਸੀ। ਉਨ੍ਹਾਂ ਨੇ ਸੋਚਿਆ ਕਿ ਨੂਹ ਆਪਣੀ ਜ਼ਿੰਦਗੀ ਫਜ਼ੂਲ ਕੰਮਾਂ ਵਿਚ ਲਾ ਰਿਹਾ ਸੀ। ਪਰ ਜਦੋਂ ਪਰਲੋ ਆਈ, ਤਾਂ ਨੂਹ ਤੇ ਉਸ ਦਾ ਪਰਿਵਾਰ ਆਪਣੇ ਚੰਗੇ ਜੀਵਨ-ਢੰਗ ਕਰਕੇ ਹੀ ਬਚਿਆ ਸੀ।

ਅੱਜ ਦੇ ਹਾਲਾਤਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ। (ਮੱਤੀ 24:3-12; 2 ਤਿਮੋਥਿਉਸ 3:1-5) ਜਲਦੀ ਹੀ ਪਰਮੇਸ਼ੁਰ ਦਾ ਰਾਜ ਇਸ ਬੁਰੀ ਦੁਨੀਆਂ ਨੂੰ “ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” (ਦਾਨੀਏਲ 2:44) ਉਸ ਰਾਜ ਵਿਚ ਸਾਰੀ ਧਰਤੀ ਬਾਗ਼ ਵਰਗੀ ਸੁੰਦਰ ਬਣ ਜਾਵੇਗੀ। ਇਸ ਤੋਂ ਇਲਾਵਾ, ਇਹ ਰਾਜ ਬੀਮਾਰੀਆਂ ਤੇ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ। (ਯਸਾਯਾਹ 33:24; ਪਰਕਾਸ਼ ਦੀ ਪੋਥੀ 21:3-5) ਧਰਤੀ ਉਤਲੇ ਸਾਰੇ ਪ੍ਰਾਣੀ ਮਿਲ-ਜੁਲ ਕੇ ਰਹਿਣਗੇ ਅਤੇ ਭੁੱਖੇ ਨਹੀਂ ਮਰਨਗੇ।—ਜ਼ਬੂਰਾਂ ਦੀ ਪੋਥੀ 72:16; ਯਸਾਯਾਹ 11:6-9.

ਪਰ ਬੁਰੇ ਲੋਕਾਂ ਦਾ ਨਾਸ਼ ਕਰਨ ਤੋਂ ਪਹਿਲਾਂ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਰਾਜ ਦੀ ‘ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।’ (ਮੱਤੀ 24:14) ਇਸ ਲਈ ਲਗਭਗ 70 ਲੱਖ ਯਹੋਵਾਹ ਦੇ ਗਵਾਹ 236 ਦੇਸ਼ਾਂ ਵਿਚ 400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ।

ਦੁਨੀਆਂ ਦੇ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਦੇ ਜੀਣ ਦਾ ਤੌਰ-ਤਰੀਕਾ ਸ਼ਾਇਦ ਅਜੀਬ ਲੱਗੇ ਅਤੇ ਉਹ ਉਨ੍ਹਾਂ ਦਾ ਸ਼ਾਇਦ ਮਖੌਲ ਵੀ ਉਡਾਉਣ। (2 ਪਤਰਸ 3:3, 4) ਪਰਲੋ ਤੋਂ ਪਹਿਲਾਂ ਦੇ ਲੋਕਾਂ ਵਾਂਗ ਅੱਜ ਵੀ ਲੋਕ ਰੋਜ਼ਮੱਰਾ ਦੇ ਕੰਮਾਂ ਵਿਚ ਰੁੱਝੇ ਹੋਏ ਹਨ। ਗਵਾਹ ਉਨ੍ਹਾਂ ਵਾਂਗ ਜ਼ਿੰਦਗੀ ਨਹੀਂ ਜੀਉਂਦੇ ਜਿਸ ਕਰਕੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਪਰ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਰੱਖਣ ਵਾਲਿਆਂ ਦੀਆਂ ਨਜ਼ਰਾਂ ਵਿਚ ਭਗਤੀ ਦੀ ਜ਼ਿੰਦਗੀ ਜੀਣੀ ਹੀ ਪਰਮੇਸ਼ੁਰ ਨੂੰ ਭਾਉਂਦੀ ਹੈ।

ਇਸ ਲਈ ਭਾਵੇਂ ਤੁਸੀਂ ਅਮੀਰ ਹੋ ਜਾਂ ਗ਼ਰੀਬ, ਫਿਰ ਵੀ ਚੰਗਾ ਹੋਵੇਗਾ ਜੇ ਤੁਸੀਂ ਭਵਿੱਖ ਬਾਰੇ ਆਪਣੀਆਂ ਯੋਜਨਾਵਾਂ ਉੱਤੇ ਸਮੇਂ-ਸਮੇਂ ’ਤੇ ਨਜ਼ਰ ਮਾਰੋ। ਇਸ ਤਰ੍ਹਾਂ ਕਰਦੇ ਸਮੇਂ ਆਪਣੇ ਆਪ ਤੋਂ ਪੁੱਛੋ, ‘ਕੀ ਮੇਰੀਆਂ ਯੋਜਨਾਵਾਂ ਪਰਮੇਸ਼ੁਰ ਦੇ ਮਕਸਦ ਨਾਲ ਮੇਲ ਖਾਂਦੀਆਂ ਹਨ?’ (w08 7/1)

[ਸਫ਼ਾ 9 ਉੱਤੇ ਤਸਵੀਰ]

ਜਦੋਂ ਇਨਸਾਨਾਂ ਦੀਆਂ ਯੋਜਨਾਵਾਂ ਅਤੇ ਪਰਮੇਸ਼ੁਰ ਦਾ ਮਕਸਦ ਵੱਖੋ-ਵੱਖਰੇ ਹੁੰਦੇ ਹਨ, ਤਾਂ ਯਹੋਵਾਹ ਦਾ ਮਤਾ ਕਾਇਮ ਰਹਿੰਦਾ ਹੈ

[ਸਫ਼ਾ 10 ਉੱਤੇ ਤਸਵੀਰ]

ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਅਮੀਰ ਆਦਮੀ ਨੇ ਆਪਣੀਆਂ ਯੋਜਨਾਵਾਂ ਬਣਾਉਂਦੇ ਸਮੇਂ ਪਰਮੇਸ਼ੁਰ ਦੇ ਮਕਸਦ ਨੂੰ ਧਿਆਨ ਵਿਚ ਨਹੀਂ ਰੱਖਿਆ