Skip to content

Skip to table of contents

ਕੁਦਰਤੀ ਆਫ਼ਤਾਂ ਨਾਲ ਨਜਿੱਠਣਾ

ਕੁਦਰਤੀ ਆਫ਼ਤਾਂ ਨਾਲ ਨਜਿੱਠਣਾ

ਇਹ ਧਿਆਨ ਵਿਚ ਰੱਖਦੇ ਹੋਏ ਕਿ ਕੁਦਰਤੀ ਆਫ਼ਤਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਇਹ ਜ਼ਿਆਦਾ ਤਬਾਹੀ ਮਚਾ ਰਹੀਆਂ ਹਨ, ਅਸੀਂ ਇਨ੍ਹਾਂ ਨਾਲ ਕਿਵੇਂ ਨਜਿੱਠ ਸਕਦੇ ਹਾਂ? ਆਓ ਆਪਾਂ ਕੁਝ ਫ਼ਾਇਦੇਮੰਦ ਸੁਝਾਅ ਦੇਖੀਏ।

ਬਿਪਤਾ ਤੋਂ ਬਚ ਕੇ ਰਹੋ।

ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਇਹ ਵਧੀਆ ਸਲਾਹ ਕੁਦਰਤੀ ਆਫ਼ਤਾਂ ਦੇ ਸੰਬੰਧ ਵਿਚ ਲਾਗੂ ਕੀਤੀ ਜਾ ਸਕਦੀ ਹੈ। ਜੇ ਜੁਆਲਾਮੁਖੀ ਦੇ ਫਟਣ, ਹੜ੍ਹ ਆਉਣ ਜਾਂ ਤੂਫ਼ਾਨ ਆਉਣ ਦੀ ਚੇਤਾਵਨੀ ਦਿੱਤੀ ਜਾਂਦੀ ਹੈ, ਤਾਂ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਉਸ ਇਲਾਕੇ ਵਿੱਚੋਂ ਨਿਕਲ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਈਏ, ਕਿਉਂਕਿ ਘਰ ਜਾਂ ਚੀਜ਼ਾਂ ਨਾਲੋਂ ਜ਼ਿੰਦਗੀ ਜ਼ਿਆਦਾ ਅਨਮੋਲ ਹੈ।

ਕਈਆਂ ਲਈ ਸ਼ਾਇਦ ਮੁਮਕਿਨ ਹੋਵੇ ਕਿ ਉਨ੍ਹਾਂ ਨੂੰ ਜੋਖਮ ਵਾਲੇ ਇਲਾਕੇ ਵਿਚ ਨਾ ਰਹਿਣਾ ਪਵੇ। ਇਕ ਰਿਪੋਰਟ ਦੱਸਦੀ ਹੈ: “ਦੁਨੀਆਂ ਦੇ ਕਈ ਇਲਾਕੇ ਹਨ ਜਿੱਥੇ ਆਫ਼ਤਾਂ ਆਉਣ ਦਾ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ। ਧਰਤੀ ਦਾ ਬਹੁਤ ਹੀ ਥੋੜ੍ਹਾ ਹਿੱਸਾ ਹੈ ਜਿੱਥੇ ਸਭ ਤੋਂ ਜ਼ਿਆਦਾ ਖ਼ਤਰਾ ਹੈ ਅਤੇ ਭਵਿੱਖ ਵਿਚ ਆਉਣ ਵਾਲੀਆਂ ਵੱਡੀਆਂ-ਵੱਡੀਆਂ ਆਫ਼ਤਾਂ ਇਨ੍ਹਾਂ ਇਲਾਕਿਆਂ ਵਿਚ ਆਉਣਗੀਆਂ।” ਮਿਸਾਲ ਲਈ, ਨੀਵੇਂ ਸਮੁੰਦਰੀ ਇਲਾਕਿਆਂ ਜਾਂ ਉਨ੍ਹਾਂ ਇਲਾਕਿਆਂ ਬਾਰੇ ਇਹ ਗੱਲ ਸੱਚ ਹੋ ਸਕਦੀ ਹੈ ਜੋ ਧਰਤੀ ਦੀਆਂ ਫਾਲਟ ਲਾਈਨਾਂ ਦੇ ਨੇੜੇ ਹੁੰਦੇ ਹਨ। ਇਨ੍ਹਾਂ ਫਾਲਟ ਲਾਈਨਾਂ ਦੇ ਖਿਸਕਣ ਨਾਲ ਭੁਚਾਲ਼ ਆਉਂਦੇ ਹਨ। ਜੇ ਤੁਸੀਂ ਅਜਿਹੇ ਇਲਾਕਿਆਂ ਤੋਂ ਦੂਰ ਜਾਂ ਕਿਸੇ ਸੁਰੱਖਿਅਤ ਇਲਾਕੇ ਵਿਚ ਜਾ ਕੇ ਰਹਿ ਸਕਦੇ ਹੋ, ਤਾਂ ਸੰਭਵ ਹੈ ਕਿ ਤੁਸੀਂ ਆਫ਼ਤਾਂ ਦੇ ਸ਼ਿਕਾਰ ਹੋਣ ਦੇ ਖ਼ਤਰੇ ਤੋਂ ਬਚ ਸਕਦੇ ਹੋ।

ਪਹਿਲਾਂ ਤੋਂ ਤਿਆਰੀ ਕਰੋ।

ਹੋ ਸਕਦਾ ਹੈ ਕਿ ਸਾਵਧਾਨੀ ਵਰਤਣ ਦੇ ਬਾਵਜੂਦ ਵੀ ਤੁਸੀਂ ਕਿਸੇ ਅਚਾਨਕ ਆਈ ਆਫ਼ਤ ਦੇ ਸ਼ਿਕਾਰ ਹੋ ਜਾਵੋ। ਇਸ ਨਾਲ ਨਜਿੱਠਣਾ ਸੌਖਾ ਹੋਵੇਗਾ ਜੇ ਤੁਸੀਂ ਪਹਿਲਾਂ ਤੋਂ ਤਿਆਰੀ ਕੀਤੀ ਹੋਵੇ। ਇਹ ਕਹਾਉਤਾਂ 22:3 ਦੀ ਸਲਾਹ ਮੁਤਾਬਕ ਹੈ ਜਿਸ ਦਾ ਪਹਿਲਾਂ ਹਵਾਲਾ ਦਿੱਤਾ ਗਿਆ ਸੀ। ਕੀ ਤੁਸੀਂ ਐਮਰਜੈਂਸੀ ਕਿੱਟ ਤਿਆਰ ਕਰ ਕੇ ਰੱਖੀ ਹੈ? ਆਫ਼ਤਾਂ ਸੰਬੰਧੀ ਚੇਤਾਵਨੀਆਂ ਦੇਣ ਵਾਲੇ ਇਕ ਪ੍ਰਕਾਸ਼ਨ ਵਿਚ ਇਹ ਸਲਾਹ ਦਿੱਤੀ ਗਈ ਹੈ: ਫਸਟ ਏਡ ਕਿੱਟ, ਬੋਤਲਾਂ ਵਿਚ ਬੰਦ ਪਾਣੀ, ਖ਼ਰਾਬ ਨਾ ਹੋਣ ਵਾਲਾ ਖਾਣਾ ਅਤੇ ਜ਼ਰੂਰੀ ਕਾਗਜ਼ਾਤ ਤਿਆਰ ਰੱਖੋ। ਇਹ ਵੀ ਸਮਝਦਾਰੀ ਦੀ ਗੱਲ ਹੋਵੇਗੀ ਜੇ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਕਰੋ ਕਿ ਤੁਹਾਡੇ ਇਲਾਕੇ ਵਿਚ ਕਿਹੜੀਆਂ ਆਫ਼ਤਾਂ ਆ ਸਕਦੀਆਂ ਹਨ ਅਤੇ ਇਨ੍ਹਾਂ ਦੇ ਆਉਣ ਤੇ ਕੀ ਕੀਤਾ ਜਾ ਸਕਦਾ ਹੈ।

ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾ ਕੇ ਰੱਖੋ।

ਹਰ ਹਾਲਾਤ ਵਿਚ ਇਸ ਸਦਕਾ ਸਾਨੂੰ ਮਦਦ ਮਿਲੇਗੀ। ਪਰਮੇਸ਼ੁਰ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ। ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।” ਇਕ ਹੋਰ ਆਇਤ ਵਿਚ ਉਸ ਨੂੰ ‘ਨਿਰਾਸ਼ ਲੋਕਾਂ ਨੂੰ ਹੌਸਲਾ ਦੇਣ ਵਾਲਾ ਪਰਮੇਸ਼ੁਰ’ ਕਿਹਾ ਗਿਆ ਹੈ।—2 ਕੁਰਿੰਥੀਆਂ 1:3, 4; 7:6.

ਜੀ ਹਾਂ, ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਉੱਤੇ ਨਿਹਚਾ ਕਰਨ ਵਾਲੇ ਕਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਉਹ ਪਿਆਰ ਦਾ ਸਾਗਰ ਹੈ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਹੌਸਲਾ ਦਿੰਦਾ ਹੈ। (1 ਯੂਹੰਨਾ 4:8) ਕਿਸੇ ਚਮਤਕਾਰ ਲਈ ਪ੍ਰਾਰਥਨਾ ਕਰਨ ਦੀ ਬਜਾਇ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ ਜੋ ਹਰ ਹਾਲਤ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਪਵਿੱਤਰ ਸ਼ਕਤੀ ਦੀ ਮਦਦ ਨਾਲ ਤੁਸੀਂ ਬਾਈਬਲ ਦੇ ਉਹ ਹਵਾਲੇ ਯਾਦ ਕਰ ਸਕਦੇ ਹੋ ਜੋ ਬਿਪਤਾ ਦੇ ਸਮੇਂ ਤੁਹਾਨੂੰ ਦਿਲਾਸਾ ਦੇ ਸਕਦੇ ਹਨ। ਵਾਕਈ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਇਜ਼ਰਾਈਲ ਦੇ ਰਾਜਾ ਦਾਊਦ ਵਾਂਗ ਮਹਿਸੂਸ ਕਰ ਸਕਦੇ ਹਨ ਜਿਸ ਨੇ ਕਿਹਾ ਸੀ: “ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ। ਤੇਰੀ ਸੋਟੀ ਤੇ ਤੇਰੀ ਲਾਠੀ, ਏਹ ਮੈਨੂੰ ਤਸੱਲੀ ਦਿੰਦੀਆਂ ਹਨ।”—ਜ਼ਬੂਰਾਂ ਦੀ ਪੋਥੀ 23:4.

ਮਸੀਹੀ ਭੈਣ-ਭਰਾ ਇਕ-ਦੂਜੇ ਦੀ ਮਦਦ ਕਰਦੇ ਹਨ।

ਪਹਿਲੀ ਸਦੀ ਵਿਚ ਆਗਬੁਸ ਨਾਂ ਦੇ ਨਬੀ ਨੇ ਦੱਸਿਆ ਸੀ ਕਿ “ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪਵੇਗਾ। (ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ।)” ਇਸ ਕਾਲ਼ ਤੋਂ ਯਹੂਦੀਆ ਵਿਚ ਯਿਸੂ ਦੇ ਬਹੁਤ ਸਾਰੇ ਚੇਲੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਇਨ੍ਹਾਂ ਦੀ ਮੁਸੀਬਤ ਬਾਰੇ ਸੁਣ ਕੇ ਦੂਸਰੀਆਂ ਥਾਵਾਂ ਤੇ ਰਹਿੰਦੇ ਮਸੀਹੀਆਂ ਨੇ ਕੀ ਕੀਤਾ? ਬਿਰਤਾਂਤ ਅੱਗੇ ਦੱਸਦਾ ਹੈ: “ਚੇਲਿਆਂ ਨੇ ਫ਼ੈਸਲਾ ਕੀਤਾ ਕਿ ਸਾਰੇ ਜਣੇ ਆਪਣੀ ਹੈਸੀਅਤ ਅਨੁਸਾਰ ਯਹੂਦੀਆ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲਣ।” (ਰਸੂਲਾਂ ਦੇ ਕੰਮ 11:28, 29) ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਸੀਹੀਆਂ ਨੇ ਪਿਆਰ ਨਾਲ ਚੀਜ਼ਾਂ ਭੇਜੀਆਂ।

ਅੱਜ ਵੀ ਜਦੋਂ ਭਿਆਨਕ ਬਿਪਤਾਵਾਂ ਆਉਂਦੀਆਂ ਹਨ, ਤਾਂ ਪਰਮੇਸ਼ੁਰ ਦੇ ਸੇਵਕ ਇਸੇ ਤਰ੍ਹਾਂ ਕਰਦੇ ਹਨ। ਯਹੋਵਾਹ ਦੇ ਗਵਾਹ ਇਸ ਗੱਲੋਂ ਮਸ਼ਹੂਰ ਹਨ ਕਿ ਉਹ ਆਪਣੇ ਨਾਲ ਦੇ ਭਗਤਾਂ ਦੀ ਮਦਦ ਕਰਦੇ ਹਨ। ਮਿਸਾਲ ਲਈ, 27 ਫਰਵਰੀ 2010 ਨੂੰ ਚਿਲੀ ਵਿਚ ਆਏ ਜ਼ਬਰਦਸਤ ਭੁਚਾਲ਼ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਨੇ ਭੁਚਾਲ਼ ਤੋਂ ਪ੍ਰਭਾਵਿਤ ਗਵਾਹਾਂ ਦੀ ਮਦਦ ਕਰਨ ਲਈ ਫਟਾਫਟ ਕਦਮ ਚੁੱਕੇ। ਕਾਰਲਾ ਦੇ ਘਰ ਨੂੰ ਸੁਨਾਮੀ ਲਹਿਰਾਂ ਰੁੜ੍ਹਾ ਕੇ ਲੈ ਗਈਆਂ। ਉਹ ਦੱਸਦੀ ਹੈ: “ਇਹ ਦੇਖ ਕੇ ਮੈਨੂੰ ਬਹੁਤ ਹੀ ਦਿਲਾਸਾ ਤੇ ਹੌਸਲਾ ਮਿਲਿਆ ਕਿ ਅਗਲੇ ਦਿਨ ਹੀ ਦੂਸਰੇ ਇਲਾਕਿਆਂ ਦੇ [ਗਵਾਹ] ਸਾਡੀ ਮਦਦ ਕਰਨ ਲਈ ਆਏ। ਬਿਨਾਂ ਸ਼ੱਕ ਉਨ੍ਹਾਂ ਮਸੀਹੀਆਂ ਦੀ ਭਲਾਈ ਦੇ ਜ਼ਰੀਏ ਯਹੋਵਾਹ ਨੇ ਸਾਨੂੰ ਦਿਲਾਸਾ ਦਿੱਤਾ। ਮੈਂ ਯਹੋਵਾਹ ਦੇ ਪਿਆਰ ਨੂੰ ਮਹਿਸੂਸ ਕੀਤਾ ਜਿਸ ਨੇ ਸਾਡੀ ਰੱਖਿਆ ਕੀਤੀ।” ਉਸ ਦਾ ਨਾਨਾ ਯਹੋਵਾਹ ਦਾ ਗਵਾਹ ਨਹੀਂ ਹੈ, ਪਰ ਜਦ ਉਸ ਨੇ ਗਵਾਹਾਂ ਨੂੰ ਇਕ-ਦੂਜੇ ਦੀ ਮਦਦ ਕਰਦੇ ਦੇਖਿਆ, ਤਾਂ ਉਸ ਨੇ ਕਿਹਾ: “ਮੈਂ ਆਪਣੇ ਚਰਚ ਵਿਚ ਤਾਂ ਇਸ ਤਰ੍ਹਾਂ ਹੁੰਦਾ ਦੇਖਿਆ ਨਹੀਂ। ਮੈਂ ਉੱਥੇ ਸਾਲਾਂ ਤੋਂ ਇਸ ਦੇ ਉਲਟ ਹੁੰਦਾ ਦੇਖਿਆ ਹੈ।” ਉਸ ਨੇ ਇਹ ਸਾਰਾ ਕੁਝ ਦੇਖ ਕੇ ਯਹੋਵਾਹ ਦੇ ਗਵਾਹਾਂ ਨੂੰ ਪੁੱਛਿਆ ਕਿ ਉਹ ਉਸ ਨਾਲ ਬਾਈਬਲ ਸਟੱਡੀ ਕਰਨ।

ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਨਾਲ ਸੰਗਤ ਰੱਖਣ ਨਾਲ ਸਾਨੂੰ ਬਿਪਤਾ ਵੇਲੇ ਬਹੁਤ ਮਦਦ ਮਿਲ ਸਕਦੀ ਹੈ। ਫਿਰ ਵੀ, ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਧਰਤੀ ’ਤੇ ਆਫ਼ਤਾਂ ਨਹੀਂ ਆਉਣਗੀਆਂ? ਆਓ ਆਪਾਂ ਦੇਖੀਏ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ। (w11-E 12/01)

[ਸਫ਼ਾ 6 ਉੱਤੇ ਤਸਵੀਰ]

ਕੀ ਤੁਸੀਂ ਐਮਰਜੈਂਸੀ ਕਿੱਟ ਤਿਆਰ ਕਰ ਕੇ ਰੱਖੀ ਹੈ?

[ਸਫ਼ਾ 7 ਉੱਤੇ ਤਸਵੀਰ]

ਕਿਸੇ ਚਮਤਕਾਰ ਦੀ ਬਜਾਇ, ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ ਜੋ ਹਰ ਹਾਲਤ ਵਿਚ ਤੁਹਾਡੀ ਮਦਦ ਕਰ ਸਕਦੀ ਹੈ

[ਸਫ਼ਾ 7 ਉੱਤੇ ਤਸਵੀਰ]

ਆਫ਼ਤਾਂ ਦੇ ਅਸਰਾਂ ਨਾਲ ਨਜਿੱਠਣ ਲਈ ਮਸੀਹੀ ਇਕ-ਦੂਜੇ ਦੀ ਮਦਦ ਕਰਦੇ ਹਨ

[ਸਫ਼ਾ 7 ਉੱਤੇ ਤਸਵੀਰ]

“ਮੈਂ ਯਹੋਵਾਹ ਦੇ ਪਿਆਰ ਨੂੰ ਮਹਿਸੂਸ ਕੀਤਾ ਜਿਸ ਨੇ ਸਾਡੀ ਰੱਖਿਆ ਕੀਤੀ”