Skip to content

Skip to table of contents

ਸਾਫ਼-ਸਫ਼ਾਈ ਸੰਬੰਧੀ ਪਹਿਲਾਂ ਤੋਂ ਕਾਇਮ ਕੀਤੇ ਪਰਮੇਸ਼ੁਰ ਦੇ ਕਾਨੂੰਨ

ਸਾਫ਼-ਸਫ਼ਾਈ ਸੰਬੰਧੀ ਪਹਿਲਾਂ ਤੋਂ ਕਾਇਮ ਕੀਤੇ ਪਰਮੇਸ਼ੁਰ ਦੇ ਕਾਨੂੰਨ

 ਅੱਜ ਤੋਂ ਲਗਭਗ 35 ਸਦੀਆਂ ਪਹਿਲਾਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ। ਇਸ ਦੇਸ਼ ਵਿਚ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਪਰਮੇਸ਼ੁਰ ਨੇ ਕਿਹਾ ਕਿ ਉਹ ਉਨ੍ਹਾਂ ਦੀ ‘ਬੁਰੇ ਰੋਗਾਂ’ ਤੋਂ ਰਾਖੀ ਕਰੇਗਾ ਜੋ ਉਨ੍ਹਾਂ ਨੇ ਮਿਸਰ ਵਿਚ ਦੇਖੇ ਸਨ। (ਬਿਵਸਥਾ ਸਾਰ 7:15) ਉਨ੍ਹਾਂ ਦਾ ਬਚਾਅ ਕਰਨ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਾਫ਼-ਸਫ਼ਾਈ ਬਾਰੇ ਹਿਦਾਇਤਾਂ ਦਿੱਤੀਆਂ ਅਤੇ ਦੱਸਿਆ ਕਿ ਬੀਮਾਰੀਆਂ ਤੋਂ ਕਿਵੇਂ ਬਚਿਆ ਅਤੇ ਇਨ੍ਹਾਂ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਮਿਸਾਲ ਲਈ:

  •   ਇਜ਼ਰਾਈਲੀਆਂ ਨੂੰ ਨਹਾਉਣ ਤੇ ਕੱਪੜੇ ਧੋਣ ਦਾ ਹੁਕਮ ਦਿੱਤਾ ਗਿਆ ਸੀ।—ਲੇਵੀਆਂ 15:4-27.

  •   ਇਨਸਾਨਾਂ ਦੇ ਜੰਗਲ-ਪਾਣੀ ਜਾਣ ਬਾਰੇ ਪਰਮੇਸ਼ੁਰ ਨੇ ਕਿਹਾ ਸੀ: “ਤੁਹਾਡੇ ਲਈ ਛੌਣੀ ਤੋਂ ਬਾਹਰ ਇੱਕ ਪਾਸੇ ਵੱਲ ਥਾਂ ਹੋਵੇ ਜਿੱਥੇ ਤੁਸੀਂ ਸੁਚੇਤੇ ਜਾਓ। ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਐਉਂ ਹੋਵੇ ਕਿ ਜਦ ਤੁਸੀਂ ਬਾਹਰ ਸੁਚੇਤੇ ਬੈਠੋ ਤਾਂ ਤੁਸੀਂ ਉਸ ਦੇ ਨਾਲ ਪੁੱਟੋ। ਅਤੇ ਜੋ ਕੁੱਝ ਤੁਹਾਡੇ ਵਿੱਚੋਂ ਨਿੱਕਲਿਆ ਹੋਵੇ ਮੁੜ ਕੇ ਉਸ ਨੂੰ ਕੱਜ ਦਿਓ।”—ਬਿਵਸਥਾ ਸਾਰ 23:12, 13.

  •   ਜਿਨ੍ਹਾਂ ਲੋਕਾਂ ਨੂੰ ਛੂਤ ਦੀ ਬੀਮਾਰੀ ਲੱਗੀ ਹੁੰਦੀ ਸੀ, ਉਨ੍ਹਾਂ ਨੂੰ ਥੋੜ੍ਹੀ ਦੇਰ ਲਈ ਦੂਜਿਆਂ ਤੋਂ ਵੱਖਰਾ ਰੱਖਿਆ ਜਾਂਦਾ ਸੀ। ਜਿਹੜਾ ਵਿਅਕਤੀ ਬੀਮਾਰੀ ਤੋਂ ਠੀਕ ਹੋ ਜਾਂਦਾ ਸੀ, ਉਸ ਨੂੰ ਲੋਕਾਂ ਵਿਚ ਵਾਪਸ ਆਉਣ ਤੋਂ ਪਹਿਲਾਂ ਆਪਣੇ ਕੱਪੜੇ ਧੋਣੇ ਪੈਂਦੇ ਤੇ ਨਹਾਉਣਾ ਪੈਂਦਾ ਸੀ। ਇਸ ਤਰ੍ਹਾਂ ਉਹ “ਸ਼ੁੱਧ” ਮੰਨਿਆ ਜਾਂਦਾ ਸੀ।—ਲੇਵੀਆਂ 14:8, 9.

  •   ਲਾਸ਼ ਨੂੰ ਹੱਥ ਲਾਉਣ ਵਾਲੇ ਨੂੰ ਵੱਖਰਾ ਰੱਖਿਆ ਜਾਂਦਾ ਸੀ।—ਲੇਵੀਆਂ 5:2, 3; ਗਿਣਤੀ 19:16.

 ਇਜ਼ਰਾਈਲੀਆਂ ਨੂੰ ਦਿੱਤੇ ਗਏ ਕਾਨੂੰਨਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਇਲਾਜ ਅਤੇ ਸਾਫ਼-ਸਫ਼ਾਈ ਬਾਰੇ ਉਹ ਗੱਲਾਂ ਦੱਸੀਆਂ ਜੋ ਲੋਕਾਂ ਨੂੰ ਕਾਫ਼ੀ ਸਮੇਂ ਬਾਅਦ ਪਤਾ ਲੱਗੀਆਂ।

 ਹੋਰ ਕੌਮਾਂ ਵਿਚ ਸਾਫ਼-ਸਫ਼ਾਈ ਬਾਰੇ ਅਲੱਗ ਕਾਨੂੰਨ ਸਨ। ਮਿਸਾਲ ਲਈ:

  •   ਕੂੜੇ ਨੂੰ ਗਲੀਆਂ ਵਿਚ ਸੁੱਟਿਆ ਜਾਂਦਾ ਸੀ। ਗੰਦਾ ਪਾਣੀ, ਖ਼ਰਾਬ ਹੋ ਚੁੱਕਾ ਖਾਣਾ ਅਤੇ ਹੋਰ ਖ਼ਰਾਬ ਚੀਜ਼ਾਂ ਨੂੰ ਖੁੱਲ੍ਹੇ ਵਿਚ ਸੁੱਟਿਆ ਜਾਂਦਾ ਸੀ। ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਫੈਲ ਰਹੀਆਂ ਸਨ ਤੇ ਬਹੁਤ ਸਾਰੇ ਛੋਟੇ ਬੱਚਿਆਂ ਦੀ ਮੌਤ ਹੋ ਰਹੀ ਸੀ।

  •   ਪੁਰਾਣੇ ਸਮੇਂ ਦੇ ਡਾਕਟਰਾਂ ਨੂੰ ਕੀਟਾਣੂ ਤੇ ਰੋਗਾਣੂਆਂ ਬਾਰੇ ਬਹੁਤ ਘੱਟ ਹੀ ਜਾਂ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਸੀ। ਮਿਸਰੀ ਲੋਕ ਕਿਰਲੀ ਦੇ ਲਹੂ, ਪੈਲੀਕਨ ਦੀਆਂ ਬਿੱਠਾਂ, ਮਰੇ ਹੋਏ ਚੂਹੇ, ਪਿਸ਼ਾਬ ਅਤੇ ਉੱਲੀ ਲੱਗੀ ਰੋਟੀ ਵਰਤ ਕੇ “ਇਲਾਜ” ਕਰਦੇ ਸਨ। ਨਾਲੇ ਉਹ ਇਲਾਜ ਵਿਚ ਆਮ ਤੌਰ ਤੇ ਇਨਸਾਨਾਂ ਤੇ ਜਾਨਵਰਾਂ ਦਾ ਮਲ ਵੀ ਵਰਤਦੇ ਹੁੰਦੇ ਸਨ।

  •   ਮਿਸਰੀ ਨੀਲ ਦਰਿਆ ਦੇ ਗੰਦੇ ਪਾਣੀ ਵਿਚ ਪਾਏ ਜਾਂਦੇ ਅਲੱਗ-ਅਲੱਗ ਸੂਖਮ ਜੀਵਾਣੂਆਂ ਕਰਕੇ ਬੀਮਾਰ ਹੋ ਜਾਂਦੇ ਸਨ। ਇਸੇ ਤਰ੍ਹਾਂ, ਮਿਸਰ ਵਿਚ ਬਹੁਤ ਸਾਰੇ ਬੱਚੇ ਖ਼ਰਾਬ ਖਾਣੇ ਕਰਕੇ ਦਸਤ ਅਤੇ ਹੋਰ ਇਹੋ ਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਸਨ।

 ਦੂਜੇ ਪਾਸੇ, ਪਰਮੇਸ਼ੁਰ ਦੁਆਰਾ ਦਿੱਤੇ ਕਾਨੂੰਨ ਮੰਨਣ ਕਰਕੇ ਇਜ਼ਰਾਈਲੀ ਕਾਫ਼ੀ ਹੱਦ ਤਕ ਤੰਦਰੁਸਤ ਰਹੇ ਤੇ ਉਨ੍ਹਾਂ ਨੂੰ ਫ਼ਾਇਦਾ ਹੋਇਆ।