Skip to content

Skip to table of contents

ਜੀਵਨੀ

ਕਮਜ਼ੋਰ ਹੋਣ ਦੇ ਬਾਵਜੂਦ ਵੀ ਮੈਂ ਤਕੜੀ ਹਾਂ

ਕਮਜ਼ੋਰ ਹੋਣ ਦੇ ਬਾਵਜੂਦ ਵੀ ਮੈਂ ਤਕੜੀ ਹਾਂ

ਮੈਨੂੰ ਵ੍ਹੀਲ-ਚੇਅਰ ਵਿਚ ਦੇਖ ਕੇ ਕੋਈ ਨਹੀਂ ਕਹੇਗਾ ਕਿ ਮੈਂ ਤਕੜੀ ਹਾਂ। ਮੇਰਾ ਭਾਰ ਸਿਰਫ਼ 29 ਕਿਲੋ ਹੈ। ਭਾਵੇਂ ਕਿ ਮੇਰਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਫਿਰ ਵੀ ਮੈਂ ਹਿੰਮਤ ਨਹੀਂ ਹਾਰਦੀ। ਆਓ ਮੈਂ ਤੁਹਾਨੂੰ ਦਸਾਂ ਕਿ ਮੇਰੀਆਂ ਖੂਬੀਆਂ ਤੇ ਮੇਰੀਆਂ ਕਮੀਆਂ ਨੇ ਮੇਰੀ ਜ਼ਿੰਦਗੀ ਨੂੰ ਕੀ ਰੂਪ ਦਿੱਤਾ।

ਚਾਰ ਸਾਲਾਂ ਦੀ

ਆਪਣੇ ਬਚਪਨ ਬਾਰੇ ਸੋਚ ਕੇ ਮੈਨੂੰ ਚੰਗੀਆਂ ਯਾਦਾਂ ਆਉਂਦੀਆਂ ਹਨ। ਮੇਰੀ ਪਰਵਰਿਸ਼ ਮੇਰੇ ਮਾਪਿਆਂ ਨੇ ਦੱਖਣੀ ਫਰਾਂਸ ਦੇ ਇਕ ਪਿੰਡ ਵਿਚ ਕੀਤੀ। ਮੇਰੇ ਡੈਡੀ ਜੀ ਨੇ ਮੇਰੇ ਲਈ ਇਕ ਪੀਂਘ ਬਣਾਈ ਅਤੇ ਮੈਂ ਬਾਗ਼ ਵਿਚ ਛਲਾਂਗਾਂ ਮਾਰਦੀ ਹੁੰਦੀ ਸੀ। ਸਾਲ 1966 ਵਿਚ ਯਹੋਵਾਹ ਦੇ ਗਵਾਹ ਸਾਡੇ ਘਰ ਆਉਣ ਲੱਗੇ ਅਤੇ ਡੈਡੀ ਜੀ ਉਨ੍ਹਾਂ ਨਾਲ ਲੰਬੀਆਂ ਗੱਲਾਂ-ਬਾਤਾਂ ਕਰਦੇ ਹੁੰਦੇ ਸਨ। ਡੈਡੀ ਜੀ ਨੇ ਸਿਰਫ਼ ਸੱਤ ਮਹੀਨਿਆਂ ਬਾਅਦ ਯਹੋਵਾਹ ਦਾ ਗਵਾਹ ਬਣਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਮੰਮੀ ਜੀ ਨੇ ਵੀ ਬਪਤਿਸਮਾ ਲੈ ਲਿਆ ਅਤੇ ਸਾਡਾ ਪਰਿਵਾਰ ਖ਼ੁਸ਼ੀਆਂ ਭਰਿਆ ਸੀ।

ਫਿਰ ਅਸੀਂ ਫਰਾਂਸ ਛੱਡ ਕੇ ਸਪੇਨ ਵਾਪਸ ਚੱਲੇ ਗਏ ਜਿੱਥੇ ਮੇਰੇ ਮਾਪੇ ਪੈਦਾ ਹੋਏ ਸਨ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਮੇਰੀ ਸਿਹਤ ਵਿਗੜਨ ਲੱਗ ਪਈ। ਮੇਰੇ ਹੱਥਾਂ ਅਤੇ ਗਿੱਟਿਆਂ ਵਿਚ ਬਹੁਤ ਦਰਦ ਹੋਣ ਲੱਗ ਪਿਆ। ਦੋ ਸਾਲਾਂ ਦੌਰਾਨ ਬਹੁਤ ਸਾਰੇ ਡਾਕਟਰਾਂ ਨੂੰ ਮਿਲਣ ਤੋਂ ਬਾਅਦ ਅਸੀਂ ਗਠੀਆ ਰੋਗ ਦੇ ਇਕ ਮਸ਼ਹੂਰ ਡਾਕਟਰ ਕੋਲ ਗਏ। ਉਸ ਨੇ ਗੰਭੀਰਤਾ ਨਾਲ ਕਿਹਾ: “ਹੁਣ ਬਹੁਤ ਦੇਰ ਹੋ ਚੁੱਕੀ ਹੈ।” ਇਹ ਸੁਣ ਕੇ ਮੇਰੇ ਮੰਮੀ ਜੀ ਰੋਣ ਲੱਗ ਪਏ। ਡਾਕਟਰ ਨੇ ਮੇਰੇ ਮਾਪਿਆਂ ਨੂੰ ਦੱਸਿਆ ਕਿ ਮੈਨੂੰ ਗਠੀਏ ਦੀ ਗੰਭੀਰ ਬੀਮਾਰੀ ਸੀ ਤੇ ਮੇਰੇ ਸਰੀਰ ਦੇ ਸੈੱਲਾਂ ਨੇ ਮੇਰੇ ਇਮਿਊਨ ਸਿਸਟਮ ਨੂੰ ਖ਼ਰਾਬ ਕਰ ਦਿੱਤਾ ਜਿਸ ਕਰਕੇ ਮੇਰੇ ਜੋੜਾਂ ਵਿਚ ਦਰਦ ਤੇ ਸੋਜ ਪੈਣ ਲੱਗ ਪਿਆ। ਭਾਵੇਂ ਕਿ 10 ਸਾਲਾਂ ਦੀ ਹੋਣ ਕਰਕੇ ਮੈਨੂੰ ਡਾਕਟਰ ਦੀਆਂ ਸਾਰੀਆਂ ਗੱਲਾਂ ਸਮਝ ਨਹੀਂ ਆਈਆਂ, ਪਰ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਜ਼ਰੂਰ ਕੋਈ ਬੁਰੀ ਖ਼ਬਰ ਸੀ।

ਡਾਕਟਰ ਨੇ ਸੁਝਾਅ ਦਿੱਤਾ ਕਿ ਮੈਨੂੰ ਬੱਚਿਆਂ ਦੇ ਇਕ ਕੈਥੋਲਿਕ ਆਸ਼ਰਮ ਵਿਚ ਭੇਜਿਆ ਜਾਵੇ ਜਿੱਥੇ ਇਸ ਬੀਮਾਰੀ ਦਾ ਇਲਾਜ ਕੀਤਾ ਜਾਂਦਾ ਸੀ। ਜਦ ਮੈਂ ਉੱਥੇ ਪਹੁੰਚੀ, ਤਾਂ ਜਗ੍ਹਾ ਦੇਖ ਕੇ ਹੀ ਮੇਰਾ ਦਿਲ ਘਬਰਾ ਗਿਆ। ਉੱਥੇ ਹਰ ਕੰਮ ਬੜੀ ਸਖ਼ਤੀ ਨਾਲ ਕੀਤਾ ਜਾਂਦਾ ਸੀ। ਨਨਾਂ ਨੇ ਮੇਰੇ ਵਾਲ਼ ਕੱਟ ਦਿੱਤੇ ਤੇ ਮੈਨੂੰ ਸਾਦੇ ਕੱਪੜੇ ਪੁਆ ਦਿੱਤੇ। ਮੈਂ ਰੋਂਦੀ ਹੋਈ ਨੇ ਸੋਚਿਆ: ‘ਮੈਂ ਇੱਥੇ ਕਿੱਦਾਂ ਰਹਿ ਸਕਾਂਗੀ?’

ਯਹੋਵਾਹ ਮੇਰਾ ਸਹਾਰਾ ਬਣਿਆ

ਮੇਰੇ ਮਾਪਿਆਂ ਨੇ ਮੈਨੂੰ ਯਹੋਵਾਹ ਦੀ ਸੇਵਾ ਕਰਨੀ ਸਿਖਾਈ ਸੀ, ਇਸ ਲਈ ਮੈਂ ਆਸ਼ਰਮ ਵਿਚ ਕੈਥੋਲਿਕ ਧਰਮ ਦੇ ਕਿਸੇ ਵੀ ਰੀਤ-ਰਿਵਾਜ ਵਿਚ ਹਿੱਸਾ ਨਹੀਂ ਸੀ ਲੈਂਦੀ। ਪਰ ਨਨਾਂ ਨੂੰ ਇਹ ਗੱਲ ਸਮਝਣੀ ਔਖੀ ਲੱਗਦੀ ਸੀ। ਸੋ ਮੈਂ ਪਰਮੇਸ਼ੁਰ ਅੱਗੇ ਮਿੰਨਤਾਂ ਕੀਤੀਆਂ ਕਿ ਉਹ ਮੈਨੂੰ ਨਾ ਛੱਡੇ ਅਤੇ ਜਲਦੀ ਹੀ ਮੈਨੂੰ ਅਹਿਸਾਸ ਹੋਇਆ ਕਿ ਇਕ ਪਿਆਰੇ ਪਿਤਾ ਵਾਂਗ ਯਹੋਵਾਹ ਨੇ ਮੈਨੂੰ ਆਪਣੇ ਗਲੇ ਲਗਾ ਲਿਆ ਸੀ।

ਮੇਰੇ ਮਾਪਿਆਂ ਨੂੰ ਹਰ ਸ਼ਨੀਵਾਰ ਥੋੜ੍ਹੇ ਸਮੇਂ ਲਈ ਮੈਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਉਹ ਬਾਈਬਲ ਪ੍ਰਕਾਸ਼ਨ ਲਿਆਉਂਦੇ ਸਨ ਤਾਂਕਿ ਇਨ੍ਹਾਂ ਨੂੰ ਪੜ੍ਹ ਕੇ ਮੇਰੀ ਨਿਹਚਾ ਪੱਕੀ ਰਹੇ। ਹਾਲਾਂਕਿ ਬੱਚਿਆਂ ਨੂੰ ਆਪਣੀਆਂ ਕਿਤਾਬਾਂ ਰੱਖਣ ਦੀ ਮਨਾਹੀ ਸੀ, ਪਰ ਨਨਾਂ ਨੇ ਮੈਨੂੰ ਬਾਈਬਲ ਦੇ ਨਾਲ-ਨਾਲ ਕਿਤਾਬਾਂ ਰੱਖਣ ਦੀ ਇਜਾਜ਼ਤ ਦਿੱਤੀ ਜਿਸ ਨੂੰ ਮੈਂ ਰੋਜ਼ ਪੜ੍ਹਦੀ ਸੀ। ਮੈਂ ਦੂਜੀਆਂ ਕੁੜੀਆਂ ਨੂੰ ਦੱਸਦੀ ਹੁੰਦੀ ਸੀ ਕਿ ਹਰ ਇਨਸਾਨ ਭਵਿੱਖ ਵਿਚ ਸੁੰਦਰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਬਿਤਾਵੇਗਾ ਜਦ ਕੋਈ ਵੀ ਬੀਮਾਰ ਨਹੀਂ ਹੋਵੇਗਾ। (ਪ੍ਰਕਾਸ਼ ਦੀ ਕਿਤਾਬ 21:3, 4) ਭਾਵੇਂ ਕਦੀ-ਕਦੀ ਮੈਂ ਖ਼ੁਦ ਨੂੰ ਉਦਾਸ ਤੇ ਇਕੱਲਾ ਮਹਿਸੂਸ ਕਰਦੀ ਸੀ, ਪਰ ਫਿਰ ਵੀ ਮੈਂ ਖ਼ੁਸ਼ ਸੀ ਕਿ ਮੇਰਾ ਯਹੋਵਾਹ ਉੱਤੇ ਭਰੋਸਾ ਵੱਧ ਰਿਹਾ ਸੀ ਅਤੇ ਮੇਰੀ ਨਿਹਚਾ ਪੱਕੀ ਹੁੰਦੀ ਜਾ ਰਹੀ ਸੀ।

ਛੇ ਲੰਬੇ ਮਹੀਨਿਆਂ ਬਾਅਦ ਡਾਕਟਰਾਂ ਨੇ ਮੈਨੂੰ ਵਾਪਸ ਘਰ ਭੇਜ ਦਿੱਤਾ। ਮੇਰੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ, ਪਰ ਮੈਂ ਆਪਣੇ ਮਾਪਿਆਂ ਕੋਲ ਵਾਪਸ ਆ ਕੇ ਖ਼ੁਸ਼ ਸੀ। ਮੇਰੇ ਹੱਥ-ਪੈਰ ਵਿੰਗੇ ਹੋ ਗਏ ਜਿਸ ਕਰਕੇ ਮੇਰੀ ਤਕਲੀਫ਼ ਹੋਰ ਵੀ ਵਧਦੀ ਗਈ। ਆਪਣੀ ਜਵਾਨੀ ਵਿਚ ਵੀ ਮੈਂ ਬਹੁਤ ਕਮਜ਼ੋਰ ਸੀ। ਇਸ ਦੇ ਬਾਵਜੂਦ ਮੈਂ 14 ਸਾਲਾਂ ਦੀ ਉਮਰ ਵਿਚ ਬਪਤਿਸਮਾ ਲਿਆ ਅਤੇ ਮੈਂ ਠਾਣ ਲਿਆ ਸੀ ਕਿ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਰਾਂਗੀ। ਪਰ ਕਈ ਵਾਰ ਮੈਂ ਯਹੋਵਾਹ ਤੋਂ ਨਾਰਾਜ਼ ਹੋ ਕੇ ਉਸ ਨੂੰ ਕਹਿੰਦੀ ਹੁੰਦੀ ਸੀ: “ਮੇਰੇ ਨਾਲ ਹੀ ਇੱਦਾਂ ਕਿਉਂ ਹੋਇਆ? ਪਲੀਜ਼ ਮੈਨੂੰ ਠੀਕ ਕਰ ਦਿਓ। ਕੀ ਤੁਸੀਂ ਦੇਖ ਨਹੀਂ ਸਕਦੇ ਕਿ ਮੈਂ ਕਿੰਨੀ ਤਕਲੀਫ਼ ਵਿਚ ਹਾਂ!”

ਮੈਂ ਆਪਣੀ ਜਵਾਨੀ ਦੇ ਦਿਨ ਬੜੇ ਔਖੇ ਕੱਟੇ। ਮੈਨੂੰ ਇਹ ਗੱਲ ਮੰਨਣੀ ਪਈ ਕਿ ਮੈਂ ਕਦੀ ਠੀਕ ਨਹੀਂ ਹੋਵਾਂਗੀ। ਮੈਂ ਆਪਣੀ ਤੁਲਨਾ ਆਪਣੇ ਸਿਹਤਮੰਦ ਦੋਸਤਾਂ ਨਾਲ ਕਰਦੀ ਹੁੰਦੀ ਸੀ ਜੋ ਜ਼ਿੰਦਗੀ ਦਾ ਮਜ਼ਾ ਲੈ ਰਹੇ ਸਨ। ਸੋ ਖ਼ੁਦ ਨੂੰ ਨਿਕੰਮਾ ਮਹਿਸੂਸ ਕਰਨ ਕਰਕੇ ਮੈਂ ਚੁੱਪ-ਚਪੀਤੀ ਰਹਿਣ ਲੱਗੀ। ਪਰ ਮੇਰਾ ਪਰਿਵਾਰ ਤੇ ਮੇਰੇ ਦੋਸਤ ਮੇਰਾ ਸਹਾਰਾ ਬਣੇ। ਮੈਨੂੰ ਆਪਣੀ ਪੱਕੀ ਸਹੇਲੀ ਅਲੀਸਿਆ ਦੀ ਬਹੁਤ ਯਾਦ ਆਉਂਦੀ ਹੈ ਜੋ ਮੈਥੋਂ 20 ਸਾਲ ਵੱਡੀ ਸੀ। ਉਸ ਨੇ ਮੈਨੂੰ ਸਿਖਾਇਆ ਕਿ ਮੈਂ ਹਰ ਵੇਲੇ ਆਪਣੀ ਬੀਮਾਰੀ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਨਾ ਸੋਚਾਂ, ਸਗੋਂ ਦੂਜਿਆਂ ਬਾਰੇ ਵੀ ਸੋਚਾਂ।

ਜ਼ਿੰਦਗੀ ਵਿਚ ਕੁਝ ਕਰਨ ਦੀ ਤਮੰਨਾ

ਜਦ ਮੈਂ 18 ਸਾਲਾਂ ਦੀ ਹੋਈ, ਤਾਂ ਮੇਰੀ ਸਿਹਤ ਹੋਰ ਵੀ ਵਿਗੜ ਗਈ ਅਤੇ ਮੀਟਿੰਗਾਂ ਵਿਚ ਜਾ ਕੇ ਮੈਂ ਬਹੁਤ ਥੱਕ ਜਾਂਦੀ ਸੀ। ਘਰ ਵਿਚ ਵਿਹਲੇ ਸਮੇਂ ਦੌਰਾਨ ਮੈ ਬਾਈਬਲ ਦੀ ਚੰਗੀ ਤਰ੍ਹਾਂ ਸਟੱਡੀ ਕੀਤੀ। ਅੱਯੂਬ ਦੀ ਕਿਤਾਬ ਤੇ ਜ਼ਬੂਰਾਂ ਦੀ ਪੋਥੀ ਤੋਂ ਮੈਨੂੰ ਇਹ ਸਮਝਣ ਵਿਚ ਮਦਦ ਮਿਲੀ ਕਿ ਭਾਵੇਂ ਯਹੋਵਾਹ ਪਰਮੇਸ਼ੁਰ ਸਾਨੂੰ ਹਰ ਦੁੱਖ ਤੋਂ ਬਚਾਉਂਦਾ ਨਹੀਂ, ਪਰ ਉਹ ਸਾਨੂੰ ਹੌਸਲਾ ਤੇ ਉਮੀਦ ਜ਼ਰੂਰ ਦਿੰਦਾ ਹੈ। ਸੋ ਵਾਰ-ਵਾਰ ਪ੍ਰਾਰਥਨਾ ਕਰਨ ਨਾਲ ਮੈਨੂੰ “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ” ਅਤੇ ਉਹ ‘ਤਾਕਤ ਮਿਲੀ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।’​—2 ਕੁਰਿੰਥੀਆਂ 4:7; ਫ਼ਿਲਿੱਪੀਆਂ 4:6, 7.

22 ਸਾਲਾਂ ਦੀ ਉਮਰ ਵਿਚ ਮੈਨੂੰ ਮੰਨਣਾ ਪਿਆ ਕਿ ਹੁਣ ਮੈਨੂੰ ਆਪਣੀ ਜ਼ਿੰਦਗੀ ਵ੍ਹੀਲ-ਚੇਅਰ ਵਿਚ ਕੱਟਣੀ ਪਵੇਗੀ। ਮੈਨੂੰ ਡਰ ਸੀ ਕਿ ਲੋਕ ਮੈਨੂੰ ਵ੍ਹੀਲ-ਚੇਅਰ ਵਿਚ ਦੇਖ ਕੇ ਮੇਰੇ ’ਤੇ ਹੋਰ ਵੀ ਤਰਸ ਖਾਣਗੇ। ਪਰ ਵ੍ਹੀਲ-ਚੇਅਰ ਮੇਰੇ ਲਈ ਸਰਾਪ ਨਹੀਂ, ਸਗੋਂ ਬਰਕਤ ਸਾਬਤ ਹੋਈ ਕਿਉਂਕਿ ਇਸ ਦੀ ਮਦਦ ਨਾਲ ਹੁਣ ਮੈਂ ਆਪਣੇ ਕੰਮ ਆਪ ਕਰ ਸਕਦੀ ਸੀ। ਫਿਰ ਮੇਰੀ ਸਹੇਲੀ ਇਜ਼ਾਬੈਲ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਇਕ ਮਹੀਨੇ ਲਈ ਉਸ ਨਾਲ ਮਿਲ ਕੇ 60 ਘੰਟੇ ਪ੍ਰਚਾਰ ਕਰਨ ਦਾ ਟੀਚਾ ਰੱਖਾਂ।

ਪਹਿਲਾਂ ਮੈਨੂੰ ਉਸ ਦੀ ਗੱਲ ’ਤੇ ਹਾਸਾ ਆਇਆ। ਪਰ ਮੈਂ ਯਹੋਵਾਹ ਤੋਂ ਮਦਦ ਮੰਗੀ ਅਤੇ ਫਿਰ ਆਪਣੇ ਪਰਿਵਾਰ ਤੇ ਦੋਸਤਾਂ ਦੀ ਮਦਦ ਨਾਲ ਪ੍ਰਚਾਰ ਵਿਚ 60 ਘੰਟੇ ਦਾ ਟੀਚਾ ਪੂਰਾ ਕਰ ਸਕੀ। ਮੈਂ ਇੰਨੀ ਬਿਜ਼ੀ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਮਹੀਨਾ ਕਿੱਥੇ ਗਿਆ। ਨਾਲੇ ਮੇਰੇ ਮਨ ਵਿੱਚੋਂ ਉਹ ਡਰ ਵੀ ਨਿਕਲ ਗਿਆ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ। ਮੈਨੂੰ ਪ੍ਰਚਾਰ ਵਿਚ ਇੰਨਾ ਮਜ਼ਾ ਆਇਆ ਕਿ 1996 ਵਿਚ ਮੈਂ ਰੈਗੂਲਰ ਪਾਇਨੀਅਰ ਵਜੋਂ ਹਰ ਮਹੀਨੇ 90 ਘੰਟੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ ਜਿਸ ਕਰਕੇ ਮੈਂ ਯਹੋਵਾਹ ਦੇ ਹੋਰ ਵੀ ਨੇੜੇ ਆਈ ਤੇ ਉਸ ਨੇ ਮੈਨੂੰ ਹੋਰ ਵੀ ਤਾਕਤ ਬਖ਼ਸ਼ੀ। ਪ੍ਰਚਾਰ ਵਿਚ ਮੈਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਸੀ ਅਤੇ ਮੈਂ ਕਈਆਂ ਦੀ ਮਦਦ ਕੀਤੀ ਕਿ ਉਹ ਵੀ ਰੱਬ ਦੇ ਦੋਸਤ ਬਣ ਸਕਣ।

ਯਹੋਵਾਹ ਨੇ ਮੇਰਾ ਹੱਥ ਫੜੀ ਰੱਖਿਆ

ਸਾਲ 2001 ਵਿਚ ਗਰਮੀਆਂ ਦੇ ਦਿਨਾਂ ਦੌਰਾਨ ਮੇਰਾ ਬਹੁਤ ਬੁਰਾ ਕਾਰ ਐਕਸੀਡੈਂਟ ਹੋਇਆ ਜਿਸ ਕਰਕੇ ਮੇਰੀਆਂ ਦੋਵੇਂ ਲੱਤਾਂ ਟੁੱਟ ਗਈਆਂ। ਜਦ ਮੈ ਹਸਪਤਾਲ ਵਿਚ ਬੇਹੱਦ ਤਕਲੀਫ਼ ਵਿਚ ਪਈ ਸੀ, ਤਾਂ ਮੈਂ ਦਿਲ ਹੀ ਦਿਲ ਵਿਚ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੈਨੂੰ ਛੱਡੀ ਨਾ।” ਉਸੇ ਵਕਤ ਨਾਲ ਦੇ ਮੰਜੇ ’ਤੇ ਪਈ ਇਕ ਔਰਤ ਨੇ ਮੈਨੂੰ ਪੁੱਛਿਆ, “ਕੀ ਤੂੰ ਯਹੋਵਾਹ ਦੀ ਗਵਾਹ ਹੈਂ?” ਮੇਰੇ ਵਿਚ ਜਵਾਬ ਦੇਣ ਦੀ ਤਾਕਤ ਨਹੀਂ ਸੀ, ਸੋ ਮੈਂ ਸਿਰ ਹਿਲਾ ਕੇ ਹਾਂ ਵਿਚ ਜਵਾਬ ਦਿੱਤਾ। ਉਸ ਨੇ ਕਿਹਾ: “ਮੈਂ ਯਹੋਵਾਹ ਦੇ ਗਵਾਹਾਂ ਨੂੰ ਜਾਣਦੀ ਹਾਂ! ਮੈਂ ਤੁਹਾਡੇ ਮੈਗਜ਼ੀਨ ਪੜ੍ਹਦੀ ਹਾਂ।” ਉਸ ਦੀ ਗੱਲ ਤੋਂ ਮੈਨੂੰ ਬੜਾ ਹੌਸਲਾ ਮਿਲਿਆ। ਮੈਂ ਆਪਣੀ ਮਾੜੀ ਹਾਲਤ ਦੇ ਬਾਵਜੂਦ ਉਸ ਨੂੰ ਯਹੋਵਾਹ ਬਾਰੇ ਦੱਸ ਸਕੀ ਅਤੇ ਇਹ ਮੇਰੇ ਲਈ ਕਿੰਨਾ ਵੱਡਾ ਸਨਮਾਨ ਸੀ!

ਜਦ ਮੈਂ ਥੋੜ੍ਹਾ ਜਿਹਾ ਠੀਕ ਹੋਈ, ਤਾਂ ਮੈਂ ਇਰਾਦਾ ਕੀਤਾ ਕਿ ਮੈਂ ਹੋਰ ਲੋਕਾਂ ਨੂੰ ਯਹੋਵਾਹ ਬਾਰੇ ਦੱਸਾਂਗੀ। ਭਾਵੇਂ ਮੇਰੀਆਂ ਲੱਤਾਂ ’ਤੇ ਪਲਸਤਰ ਲੱਗਾ ਹੋਇਆ ਸੀ, ਫਿਰ ਵੀ ਮੰਮੀ ਜੀ ਮੈਨੂੰ ਵ੍ਹੀਲ-ਚੇਅਰ ’ਤੇ ਬਿਠਾ ਕੇ ਹਸਪਤਾਲ ਵਿਚ ਲੋਕਾਂ ਕੋਲ ਲੈ ਜਾਂਦੇ ਸਨ। ਹਰ ਦਿਨ ਅਸੀਂ ਕੁਝ ਮਰੀਜ਼ਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦੀਆਂ ਸੀ ਅਤੇ ਉਨ੍ਹਾਂ ਨੂੰ ਬਾਈਬਲ ਪ੍ਰਕਾਸ਼ਨ ਦਿੰਦੀਆਂ ਸੀ। ਇੱਦਾਂ ਕਰਨ ਨਾਲ ਮੈਂ ਥੱਕ ਤਾਂ ਜਾਂਦੀ ਸੀ, ਪਰ ਯਹੋਵਾਹ ਨੇ ਮੈਨੂੰ ਤਾਕਤ ਬਖ਼ਸ਼ੀ।

2003 ਵਿਚ ਆਪਣੇ ਮਾਪਿਆਂ ਨਾਲ

ਪਿਛਲੇ ਕੁਝ ਸਾਲਾਂ ਦੌਰਾਨ ਮੇਰੇ ਸਰੀਰ ਵਿਚ ਦਰਦ ਹੋਰ ਵੀ ਵਧ ਗਿਆ ਅਤੇ ਡੈਡੀ ਜੀ ਦੀ ਮੌਤ ਤੋਂ ਬਾਅਦ ਮੈਂ ਹੋਰ ਵੀ ਦੁਖੀ ਰਹਿਣ ਲੱਗ ਪਈ। ਫਿਰ ਵੀ ਮੈਂ ਹਿੰਮਤ ਨਹੀਂ ਹਾਰੀ। ਮੌਕਾ ਮਿਲਣ ’ਤੇ ਮੈਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰਦੀ ਹਾਂ ਜਿਸ ਨਾਲ ਮੇਰਾ ਧਿਆਨ ਆਪਣੇ ਦੁੱਖਾਂ ’ਤੇ ਨਹੀਂ ਜਾਂਦਾ। ਜਦ ਮੈਂ ਇਕੱਲੀ ਹੁੰਦੀ ਹਾਂ, ਤਾਂ ਮੈਂ ਬਾਈਬਲ ਪੜ੍ਹਦੀ ਹਾਂ ਤੇ ਇਸ ਦੀ ਸਟੱਡੀ ਕਰਦੀ ਹਾਂ ਜਾਂ ਮੈਂ ਫ਼ੋਨ ’ਤੇ ਪ੍ਰਚਾਰ ਕਰਦੀ ਹਾਂ।

ਕਈ ਵਾਰ ਮੈਂ ਆਪਣੀਆਂ ਅੱਖਾਂ ਬੰਦ ਕਰ ਕੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਦੇਖਦੀ ਹਾਂ

ਮੈਂ ਛੋਟੀਆਂ-ਛੋਟੀਆਂ ਗੱਲਾਂ ਜਿਵੇਂ ਕਿ ਠੰਢੀ ਹਵਾ ਤੇ ਫੁੱਲਾਂ ਦੀ ਮਹਿਕ ਤੋਂ ਖ਼ੁਸ਼ ਹੁੰਦੀ ਹਾਂ। ਇਨ੍ਹਾਂ ਚੀਜ਼ਾਂ ਲਈ ਵੀ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ। ਮੈਂ ਦੇਖਿਆ ਹੈ ਕਿ ਜ਼ਿੰਦਗੀ ਵਿਚ ਹਾਸਾ-ਮਜ਼ਾਕ ਵੀ ਬਹੁਤ ਜ਼ਰੂਰੀ ਹੈ। ਇਕ ਦਿਨ ਮੈਂ ਆਪਣੀ ਸਹੇਲੀ ਨਾਲ ਪ੍ਰਚਾਰ ’ਤੇ ਗਈ ਅਤੇ ਉਹ ਮੇਰੀ ਵ੍ਹੀਲ-ਚੇਅਰ ਨੂੰ ਧੱਕਾ ਲਾਉਂਦੀ ਹੋਈ ਕੁਝ ਲਿਖਣ ਲਈ ਰੁਕ ਗਈ। ਅਚਾਨਕ ਮੈਂ ਵ੍ਹੀਲ-ਚੇਅਰ ’ਤੇ ਰੁੜ੍ਹਦੀ ਹੋਈ ਠਾਹ ਕਰਕੇ ਇਕ ਕਾਰ ਵਿਚ ਜਾ ਵੱਜੀ! ਪਹਿਲਾਂ ਤਾਂ ਅਸੀਂ ਦੋਵੇਂ ਹੈਰਾਨ ਰਹਿ ਗਈਆਂ, ਪਰ ਜਦ ਅਸੀਂ ਦੇਖਿਆ ਕਿ ਮੇਰੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਤਾਂ ਅਸੀਂ ਦੋਵੇਂ ਹੱਸ ਪਈਆਂ।

ਮੇਰੇ ਦਿਲ ਵਿਚ ਕਈ ਅਰਮਾਨ ਹਨ ਜਿਨ੍ਹਾਂ ਨੂੰ ਮੈਂ ਅੱਜ ਪੂਰਾ ਨਹੀਂ ਕਰ ਸਕਦੀ। ਪਰ ਮੈਨੂੰ ਪਤਾ ਹੈ ਕਿ ਮੈਂ ਇਨ੍ਹਾਂ ਨੂੰ ਇਕ ਦਿਨ ਪੂਰਾ ਕਰ ਸਕਾਂਗੀ। ਕਈ ਵਾਰ ਮੈਂ ਆਪਣੀਆਂ ਅੱਖਾਂ ਬੰਦ ਕਰ ਕੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਦੇਖਦੀ ਹਾਂ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ। (2 ਪਤਰਸ 3:13) ਮੈਂ ਨਵੀਂ ਦੁਨੀਆਂ ਵਿਚ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ, ਤੁਰਦੀ-ਫਿਰਦੀ ਤੇ ਜ਼ਿੰਦਗੀ ਦਾ ਪੂਰਾ ਮਜ਼ਾ ਲੈਂਦੀ ਦੇਖਦੀ ਹਾਂ। ਮੈਂ ਰਾਜਾ ਦਾਊਦ ਦੇ ਸ਼ਬਦ ਹਮੇਸ਼ਾ ਯਾਦ ਰੱਖਦੀ ਹਾਂ: “ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ।” (ਜ਼ਬੂਰਾਂ ਦੀ ਪੋਥੀ 27:14) ਭਾਵੇਂ ਮੇਰਾ ਸਰੀਰ ਦਿਨ-ਬਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ, ਪਰ ਯਹੋਵਾਹ ਨੇ ਮੈਨੂੰ ਤਾਕਤ ਬਖ਼ਸ਼ੀ ਹੈ। ਕਮਜ਼ੋਰੀਆਂ ਦੇ ਬਾਵਜੂਦ ਉਹ ਮੈਨੂੰ ਤਕੜਾ ਕਰਦਾ ਹੈ। ▪ (w14-E 03/01)