Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਜਦੋਂ ਤੁਹਾਡਾ ਬੱਚਾ ਤੁਹਾਡੇ ਵਿਸ਼ਵਾਸਾਂ ’ਤੇ ਸ਼ੱਕ ਕਰਦਾ ਹੈ

ਜਦੋਂ ਤੁਹਾਡਾ ਬੱਚਾ ਤੁਹਾਡੇ ਵਿਸ਼ਵਾਸਾਂ ’ਤੇ ਸ਼ੱਕ ਕਰਦਾ ਹੈ

ਕਈ ਬੱਚੇ ਵੱਡੇ ਹੋ ਕੇ ਆਪਣੇ ਮਾਪਿਆਂ ਦਾ ਧਰਮ ਅਪਣਾ ਲੈਂਦੇ ਹਨ। (2 ਤਿਮੋਥਿਉਸ 3:14) ਪਰ ਕੁਝ ਨਹੀਂ ਅਪਣਾਉਂਦੇ। ਜੇ ਤੁਹਾਡਾ ਵੱਡਾ ਹੋ ਰਿਹਾ ਬੱਚਾ ਤੁਹਾਡੇ ਧਰਮ ’ਤੇ ਸ਼ੱਕ ਕਰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਯਹੋਵਾਹ ਦੇ ਗਵਾਹ ਅਜਿਹੀ ਚੁਣੌਤੀ ਦਾ ਸਾਮ੍ਹਣਾ ਕਿਵੇਂ ਕਰਦੇ ਹਨ।

“ਮੈਂ ਹੁਣ ਆਪਣੇ ਮਾਪਿਆਂ ਦੇ ਧਰਮ ’ਤੇ ਨਹੀਂ ਚੱਲਣਾ ਚਾਹੁੰਦੀ।”—ਕੋਰਾ, 18. *

ਤੁਹਾਨੂੰ ਯਕੀਨ ਹੈ ਕਿ ਤੁਹਾਡਾ ਧਰਮ ਤੁਹਾਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਂਦਾ ਹੈ। ਤੁਸੀਂ ਮੰਨਦੇ ਹੋ ਕਿ ਬਾਈਬਲ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਸਿਖਾਉਂਦੀ ਹੈ। ਤਾਂ ਫਿਰ ਕੁਦਰਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਆਪਣੀਆਂ ਕਦਰਾਂ-ਕੀਮਤਾਂ ਬਿਠਾਉਣੀਆਂ ਚਾਹੁੰਦੇ ਹੋ। (ਬਿਵਸਥਾ ਸਾਰ 6:6, 7) ਪਰ ਉਦੋਂ ਕੀ ਜੇ ਤੁਹਾਡੇ ਵੱਡੇ ਹੋ ਰਹੇ ਬੱਚੇ ਦੀ ਰੁਚੀ ਪਰਮੇਸ਼ੁਰੀ ਗੱਲਾਂ ਵਿਚ ਘੱਟ ਜਾਂਦੀ ਹੈ? ਉਦੋਂ ਕੀ ਜੇ ਉਹ ਉਸੇ ਧਰਮ ’ਤੇ ਸ਼ੱਕ ਕਰਨ ਲੱਗ ਪਵੇ ਜੋ ਉਸ ਨੇ ਛੋਟੇ ਹੁੰਦਿਆਂ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲਿਆ ਸੀ?—ਗਲਾਤੀਆਂ 5:7.

ਜੇ ਇਸ ਤਰ੍ਹਾਂ ਹੋ ਰਿਹਾ ਹੈ, ਤਾਂ ਇਹ ਨਾ ਸੋਚੋ ਕਿ ਮਸੀਹੀ ਮਾਪਿਆਂ ਵਜੋਂ ਤੁਸੀਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ। ਸ਼ਾਇਦ ਬੱਚੇ ਦੀ ਦਿਲਚਸਪੀ ਘਟਣ ਦੇ ਹੋਰ ਕਾਰਨ ਹੋਣ ਜੋ ਅਸੀਂ ਅੱਗੇ ਜਾ ਕੇ ਦੇਖਾਂਗੇ। ਪਰ ਇਹ ਗੱਲ ਯਾਦ ਰੱਖੋ: ਤੁਸੀਂ ਆਪਣੇ ਅੱਲ੍ਹੜ ਉਮਰ ਦੇ ਬੱਚੇ ਦੇ ਸਵਾਲਾਂ ਦਾ ਜਿਸ ਤਰ੍ਹਾਂ ਜਵਾਬ ਦਿਓਗੇ, ਉਸ ਕਾਰਨ ਉਹ ਜਾਂ ਤਾਂ ਤੁਹਾਡੇ ਧਰਮ ਨੂੰ ਅਪਣਾ ਲਵੇਗਾ ਜਾਂ ਛੱਡ ਕੇ ਚਲਾ ਜਾਵੇਗਾ। ਜੇ ਤੁਸੀਂ ਇਸ ਮਾਮਲੇ ਵਿਚ ਆਪਣੇ ਬੱਚੇ ਨਾਲ ਲੜਾਈ-ਝਗੜਾ ਕਰੋਗੇ, ਤਾਂ ਸੰਭਵ ਹੈ ਕਿ ਇਸ ਕਠਿਨ ਲੜਾਈ ਵਿਚ ਤੁਹਾਡੀ ਹੀ ਹਾਰ ਹੋਵੇਗੀ।—ਕੁਲੁੱਸੀਆਂ 3:21.

ਵਧੀਆ ਹੋਵੇਗਾ ਜੇ ਤੁਸੀਂ ਪੌਲੁਸ ਰਸੂਲ ਦੀ ਇਸ ਸਲਾਹ ’ਤੇ ਚੱਲੋ: “ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਉਸ ਨੂੰ ਸਿਖਾਉਣ ਦੇ ਕਾਬਲ ਹੋਣਾ ਚਾਹੀਦਾ ਹੈ ਅਤੇ . . . ਉਸ ਨੂੰ ਆਪਣੇ ’ਤੇ ਕਾਬੂ ਰੱਖਣਾ ਚਾਹੀਦਾ ਹੈ।” (2 ਤਿਮੋਥਿਉਸ 2:24) ਜੇ ਤੁਹਾਡਾ ਅੱਲ੍ਹੜ ਉਮਰ ਦਾ ਬੱਚਾ ਤੁਹਾਡੇ ਧਰਮ ’ਤੇ ਸ਼ੱਕ ਕਰਦਾ ਹੈ, ਤਾਂ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ “ਸਿਖਾਉਣ ਦੇ ਕਾਬਲ” ਹੋ?

ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰੋ

ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਕਿਹੜੇ ਕਾਰਨਾਂ ਕਰਕੇ ਸ਼ੱਕ ਕਰ ਰਿਹਾ ਹੈ। ਮਿਸਾਲ ਲਈ:

  • ਕੀ ਉਹ ਮੰਡਲੀ ਵਿਚ ਇਕੱਲਾ ਮਹਿਸੂਸ ਕਰਦਾ ਹੈ ਕਿਉਂਕਿ ਉਸ ਦਾ ਕੋਈ ਦੋਸਤ ਨਹੀਂ ਹੈ? “ਮੈਂ ਚਾਹੁੰਦੀ ਸੀ ਕਿ ਮੇਰੇ ਦੋਸਤ ਹੋਣ, ਇਸ ਲਈ ਮੈਂ ਸਕੂਲ ਦੇ ਕਈ ਮੁੰਡੇ-ਕੁੜੀਆਂ ਨਾਲ ਦੋਸਤੀ ਪਾ ਲਈ ਜਿਸ ਕਰਕੇ ਮੈਂ ਕਈ ਸਾਲਾਂ ਤਾਈਂ ਸੱਚਾਈ ਵਿਚ ਤਰੱਕੀ ਨਹੀਂ ਕਰ ਸਕੀ। ਬੁਰੀ ਸੰਗਤ ਕਰਕੇ ਪਰਮੇਸ਼ੁਰੀ ਕੰਮਾਂ ਵਿਚ ਮੇਰੀ ਦਿਲਚਸਪੀ ਘੱਟ ਗਈ ਜਿਸ ਦਾ ਮੈਨੂੰ ਹੁਣ ਬਹੁਤ ਪਛਤਾਵਾ ਹੈ।”—ਲੇਨੋਰ, 19.

  • ਕੀ ਹਿੰਮਤ ਦੀ ਘਾਟ ਹੋਣ ਕਰਕੇ ਉਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਔਖਾ ਲੱਗਦਾ ਹੈ? “ਜਦੋਂ ਮੈਂ ਸਕੂਲੇ ਹੁੰਦਾ ਸੀ, ਉਦੋਂ ਮੈਂ ਆਪਣੀ ਕਲਾਸ ਦੇ ਮੁੰਡੇ-ਕੁੜੀਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਤੋਂ ਹਿਚਕਿਚਾਉਂਦਾ ਸੀ। ਮੈਨੂੰ ਡਰ ਸੀ ਕਿ ਉਹ ਮੈਨੂੰ ਅਜੀਬ ਸਮਝਣਗੇ ਜਾਂ ਕਹਿਣਗੇ ਕਿ ਮੈਂ ਆਪਣੇ ਆਪ ਨੂੰ ਜ਼ਿਆਦਾ ਧਰਮੀ ਸਮਝਦਾ ਹਾਂ। ਜਿਹੜੇ ਬੱਚੇ ਦੂਜਿਆਂ ਤੋਂ ਵੱਖਰੇ ਨਜ਼ਰ ਆਉਂਦੇ ਸਨ, ਉਨ੍ਹਾਂ ਨਾਲ ਕੋਈ ਦੋਸਤੀ ਨਹੀਂ ਸੀ ਕਰਨੀ ਚਾਹੁੰਦਾ ਅਤੇ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੇ ਨਾਲ ਵੀ ਇੱਦਾਂ ਹੋਵੇ।”—ਰਾਮੋਨ, 23.

  • ਕੀ ਉਸ ਨੂੰ ਮਸੀਹੀ ਅਸੂਲਾਂ ਅਨੁਸਾਰ ਚੱਲਣਾ ਔਖਾ ਲੱਗਦਾ ਹੈ? “ਮੈਨੂੰ ਲੱਗਦਾ ਹੈ ਕਿ ਬਾਈਬਲ ਵਿਚ ਵਾਅਦਾ ਕੀਤੀ ਗਈ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਇਕ ਵੱਡੀ ਸਾਰੀ ਪੌੜੀ ਦੇ ਸਿਖਰ ’ਤੇ ਪਹੁੰਚਣ ਦੇ ਬਰਾਬਰ ਹੈ ਅਤੇ ਮੈਂ ਤਾਂ ਹਾਲੇ ਪੌਡਿਆਂ ’ਤੇ ਚੜ੍ਹਨਾ ਵੀ ਸ਼ੁਰੂ ਨਹੀਂ ਕੀਤਾ। ਮੈਂ ਉਨ੍ਹਾਂ ਤੋਂ ਬਹੁਤ ਦੂਰ ਹਾਂ। ਇਸ ਪੌੜੀ ਉੱਤੇ ਚੜ੍ਹਨ ਤੋਂ ਮੈਂ ਇੰਨੀ ਡਰਦੀ ਹਾਂ ਕਿ ਮੈਂ ਆਪਣਾ ਧਰਮ ਛੱਡਣ ਬਾਰੇ ਸੋਚਿਆ ਹੈ।”—ਰੇਨੀ, 16.

ਬੱਚਿਆਂ ਨਾਲ ਗੱਲਬਾਤ ਕਰੋ

ਤੁਹਾਡੇ ਬੱਚੇ ਨੂੰ ਕਿਹੜੀ ਗੱਲ ਦੀ ਚਿੰਤਾ ਸਤਾ ਰਹੀ ਹੈ? ਇਸ ਬਾਰੇ ਉਸ ਨੂੰ ਪੁੱਛਣਾ ਵਧੀਆ ਹੋਵੇਗਾ! ਪਰ ਧਿਆਨ ਰੱਖੋ ਕਿ ਤੁਸੀਂ ਗੱਲਬਾਤ ਕਰਦਿਆਂ ਉਸ ਨਾਲ ਝਗੜਾ ਨਾ ਕਰਨ ਲੱਗ ਪਓ। ਇਸ ਦੀ ਬਜਾਇ, ਯਾਕੂਬ 1:19 ਵਿਚ ਦਿੱਤੀ ਸਲਾਹ ਮੰਨੋ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।” ਉਸ ਨਾਲ “ਪੂਰੇ ਧੀਰਜ ਨਾਲ ਅਤੇ ਸਿਖਾਉਣ ਦੀ ਕਲਾ” ਵਰਤ ਕੇ ਗੱਲ ਕਰੋ ਜਿਵੇਂ ਤੁਸੀਂ ਪਰਿਵਾਰ ਤੋਂ ਬਾਹਰਲੇ ਕਿਸੇ ਬੰਦੇ ਨਾਲ ਕਰੋਗੇ।—2 ਤਿਮੋਥਿਉਸ 4:2.

ਮਿਸਾਲ ਲਈ, ਜੇ ਤੁਹਾਡਾ ਬੱਚਾ ਮੀਟਿੰਗਾਂ ਤੇ ਨਹੀਂ ਜਾਣਾ ਚਾਹੁੰਦਾ, ਤਾਂ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਉਸ ਨੂੰ ਕਿਹੜੀ ਗੱਲ ਦੀ ਚਿੰਤਾ ਹੈ। ਪਰ ਇਸ ਤਰ੍ਹਾਂ ਧੀਰਜ ਨਾਲ ਕਰੋ। ਜੇ ਮਾਪੇ ਹੇਠਾਂ ਦੱਸੇ ਤਰੀਕੇ ਨਾਲ ਗੱਲ ਕਰਨਗੇ, ਤਾਂ ਕੋਈ ਫ਼ਾਇਦਾ ਨਹੀਂ ਹੋਵੇਗਾ।

ਬੱਚਾ: ਮੈਂ ਹੁਣ ਮੀਟਿੰਗਾਂ ਤੇ ਨਹੀਂ ਜਾਣਾ ਚਾਹੁੰਦਾ।

ਪਿਤਾ: [ਗੁੱਸੇ ਨਾਲ] ਕੀ ਮਤਲਬ, ਤੂੰ ਮੀਟਿੰਗਾਂ ਤੇ ਨਹੀਂ ਜਾਣਾ ਚਾਹੁੰਦਾ?

ਬੱਚਾ: ਮੈਂ ਬੋਰ ਹੋ ਜਾਂਦਾ।

ਪਿਤਾ: ਕੀ ਤੂੰ ਪਰਮੇਸ਼ੁਰ ਬਾਰੇ ਇੱਦਾਂ ਸੋਚਦਾ? ਉਹ ਤੈਨੂੰ ਬੋਰਿੰਗ ਲੱਗਦਾ? ਜੋ ਮਰਜ਼ੀ ਹੋਵੇ, ਜਿੰਨਾ ਚਿਰ ਤੂੰ ਇਸ ਘਰ ਵਿਚ ਹੈਂ, ਤੈਨੂੰ ਸਾਡੇ ਨਾਲ ਮੀਟਿੰਗਾਂ ਤੇ ਜਾਣਾ ਹੀ ਪੈਣਾ ਹੈ ਭਾਵੇਂ ਤੈਨੂੰ ਚੰਗਾ ਲੱਗੇ ਜਾਂ ਨਾਂਹ!

ਪਰਮੇਸ਼ੁਰ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਉਸ ਬਾਰੇ ਸਿਖਾਉਣ ਅਤੇ ਬੱਚੇ ਆਪਣੇ ਮਾਪਿਆਂ ਦੇ ਕਹਿਣੇ ਵਿਚ ਰਹਿਣ। (ਅਫ਼ਸੀਆਂ 6:1) ਪਰ ਤੁਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਬੱਚਾ ਅੱਖਾਂ ਬੰਦ ਕਰ ਕੇ ਉਹੀ ਕਰੇ ਜੋ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਰਦੇ ਹੋ ਅਤੇ ਨਾ ਚਾਹੁੰਦਿਆਂ ਹੋਇਆਂ ਵੀ ਤੁਹਾਡੇ ਨਾਲ ਮੀਟਿੰਗਾਂ ਤੇ ਜਾਵੇ। ਤੁਸੀਂ ਤਾਂ ਇਹੀ ਚਾਹੁੰਦੇ ਹੋ ਕਿ ਉਹ ਯਹੋਵਾਹ ਨਾਲ ਦਿਲੋਂ ਪਿਆਰ ਕਰਨ ਕਰਕੇ ਮੀਟਿੰਗਾਂ ਤੇ ਜਾਵੇ।

ਇਸ ਤਰ੍ਹਾਂ ਕਰਨ ਲਈ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਤੁਹਾਡਾ ਬੱਚਾ ਕਿਹੜੇ ਕਾਰਨਾਂ ਕਰਕੇ ਮੀਟਿੰਗਾਂ ਤੇ ਨਹੀਂ ਜਾਣਾ ਚਾਹੁੰਦਾ। ਇਹ ਗੱਲ ਮਨ ਵਿਚ ਰੱਖਦੇ ਹੋਏ ਦੇਖੋ ਕਿ ਉੱਪਰ ਦੱਸੀ ਗੱਲਬਾਤ ਵਧੀਆ ਤਰੀਕੇ ਨਾਲ ਕਿਵੇਂ ਕੀਤੀ ਜਾ ਸਕਦੀ ਸੀ।

ਬੱਚਾ: ਮੈਂ ਹੁਣ ਮੀਟਿੰਗਾਂ ਤੇ ਨਹੀਂ ਜਾਣਾ ਚਾਹੁੰਦਾ।

ਪਿਤਾ: [ਸ਼ਾਂਤੀ ਨਾਲ] ਪੁੱਤ, ਤੂੰ ਇਸ ਤਰ੍ਹਾਂ ਕਿਉਂ ਕਹਿੰਦਾ ਹੈਂ?

ਬੱਚਾ: ਮੈਂ ਬੋਰ ਹੋ ਜਾਂਦਾ।

ਪਿਤਾ: ਹਾਂ, ਇਕ-ਦੋ ਘੰਟੇ ਬੈਠਣ ਨਾਲ ਅਸੀਂ ਬੋਰ ਹੋ ਸਕਦੇ ਹਾਂ। ਮੀਟਿੰਗ ਬਾਰੇ ਤੈਨੂੰ ਕਿਹੜੀ ਗੱਲ ਸਭ ਤੋਂ ਜ਼ਿਆਦਾ ਔਖੀ ਲੱਗਦੀ ਹੈ?

ਬੱਚਾ: ਪਤਾ ਨਹੀਂ। ਮੇਰਾ ਦਿਲ ਕਿਤੇ ਹੋਰ ਜਾਣ ਨੂੰ ਕਰਦਾ।

ਪਿਤਾ: ਕੀ ਤੇਰੇ ਦੋਸਤ ਵੀ ਇਹੀ ਚਾਹੁੰਦੇ ਆ?

ਬੱਚਾ: ਇਹੀ ਤਾਂ ਗੱਲ ਹੈ। ਹੁਣ ਮੇਰਾ ਕੋਈ ਦੋਸਤ ਨਹੀਂ। ਜਦੋਂ ਤੋਂ ਮੇਰਾ ਜਿਗਰੀ ਦੋਸਤ ਇੱਥੋਂ ਚਲਾ ਗਿਆ, ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਕੋਈ ਗੱਲ ਕਰਨ ਵਾਲਾ ਨਹੀਂ। ਸਾਰੇ ਮਿਲ ਕੇ ਮੌਜ-ਮਸਤੀ ਕਰਦੇ ਹਨ। ਪਰ ਮੈਂ ਇਕੱਲਾ ਰਹਿ ਜਾਂਦਾ ਹਾਂ!

ਇਸ ਤਰ੍ਹਾਂ ਗੱਲਬਾਤ ਕਰਨ ਨਾਲ ਪਿਤਾ ਆਪਣੇ ਬੱਚੇ ਨੂੰ ਆਪਣੇ ਦਿਲ ਦੀ ਗੱਲ ਕਹਿਣ ਦਿੰਦਾ ਹੈ। ਪਿਤਾ ਨੂੰ ਨਾ ਸਿਰਫ਼ ਇਹ ਕਾਰਨ ਪਤਾ ਲੱਗ ਜਾਂਦਾ ਹੈ ਕਿ ਬੱਚਾ ਇਕੱਲਾ ਮਹਿਸੂਸ ਕਰਦਾ ਹੈ, ਸਗੋਂ ਉਹ ਬੱਚੇ ਦਾ ਭਰੋਸਾ ਵੀ ਵਧਾਉਂਦਾ ਹੈ ਤਾਂਕਿ ਬੱਚਾ ਅੱਗੋਂ ਵੀ ਗੱਲ ਕਰ ਸਕੇ।— “ਧੀਰਜ ਰੱਖੋ!” ਨਾਂ ਦੀ ਡੱਬੀ ਦੇਖੋ।

ਸਮੇਂ ਦੇ ਬੀਤਣ ਨਾਲ ਕਈ ਬੱਚੇ ਸਿੱਖ ਜਾਂਦੇ ਹਨ ਕਿ ਉਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਿਵੇਂ ਕਰਨਾ ਹੈ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਪਰਮੇਸ਼ੁਰ ਦੇ ਨੇੜੇ ਜਾਣਾ ਔਖਾ ਲੱਗਦਾ ਹੈ। ਨਤੀਜੇ ਵਜੋਂ ਉਹ ਆਪਣੇ ਬਾਰੇ ਤੇ ਆਪਣੇ ਧਰਮ ਬਾਰੇ ਵੀ ਚੰਗਾ ਮਹਿਸੂਸ ਕਰਨਗੇ। ਉੱਪਰ ਜ਼ਿਕਰ ਕੀਤੇ ਗਏ ਰਾਮੋਨ ਨਾਂ ਦੇ ਨੌਜਵਾਨ ਦੀ ਮਿਸਾਲ ’ਤੇ ਗੌਰ ਕਰੋ ਜੋ ਸਕੂਲੇ ਇਕ ਮਸੀਹੀ ਵਜੋਂ ਆਪਣੀ ਪਛਾਣ ਕਰਾਉਣ ਤੋਂ ਡਰਦਾ ਸੀ। ਕੁਝ ਸਮੇਂ ਬਾਅਦ ਰਾਮੋਨ ਨੇ ਦੇਖਿਆ ਕਿ ਆਪਣੇ ਧਰਮ ਬਾਰੇ ਗੱਲ ਕਰਨ ਤੋਂ ਇੰਨਾ ਡਰਨ ਦੀ ਲੋੜ ਨਹੀਂ ਸੀ ਜਿੰਨਾ ਉਸ ਨੇ ਸੋਚਿਆ ਸੀ, ਭਾਵੇਂ ਕਿ ਇਸ ਕਾਰਨ ਉਸ ਦਾ ਮਜ਼ਾਕ ਉਡਾਇਆ ਗਿਆ। ਉਹ ਦੱਸਦਾ ਹੈ:

“ਸਕੂਲ ਵਿਚ ਇਕ ਮੌਕੇ ਤੇ ਇਕ ਮੁੰਡਾ ਮੇਰੇ ਧਰਮ ਕਰਕੇ ਮੇਰਾ ਮਖੌਲ ਉਡਾ ਰਿਹਾ ਸੀ। ਮੈਂ ਘਬਰਾ ਗਿਆ ਤੇ ਮੈਨੂੰ ਲੱਗਾ ਕਿ ਸਾਰੀ ਕਲਾਸ ਸਭ ਕੁਝ ਸੁਣ ਰਹੀ ਸੀ। ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਉਸ ਨੂੰ ਉਸ ਦੇ ਧਰਮ ਬਾਰੇ ਕੁਝ ਪੁੱਛਾਂ। ਮੈਂ ਹੈਰਾਨ ਹੋਇਆ ਕਿ ਉਹ ਮੇਰੇ ਤੋਂ ਵੀ ਜ਼ਿਆਦਾ ਘਬਰਾ ਰਿਹਾ ਸੀ! ਫਿਰ ਮੈਨੂੰ ਅਹਿਸਾਸ ਹੋਇਆ ਕਿ ਕਾਫ਼ੀ ਨੌਜਵਾਨਾਂ ਦੇ ਆਪਣੇ ਧਾਰਮਿਕ ਵਿਸ਼ਵਾਸ ਹਨ, ਪਰ ਉਹ ਉਨ੍ਹਾਂ ਨੂੰ ਸਮਝਦੇ ਨਹੀਂ। ਘੱਟੋ-ਘੱਟ ਮੈਂ ਆਪਣੇ ਵਿਸ਼ਵਾਸਾਂ ਬਾਰੇ ਸਮਝਾ ਤਾਂ ਸਕਦਾ ਹਾਂ। ਸੋ ਜਦੋਂ ਆਪਣੇ ਧਰਮ ਬਾਰੇ ਦੱਸਣ ਦੀ ਗੱਲ ਆਉਂਦੀ ਹੈ, ਤਾਂ ਮੈਨੂੰ ਨਹੀਂ ਸਗੋਂ ਮੇਰੇ ਨਾਲ ਪੜ੍ਹਨ ਵਾਲਿਆਂ ਨੂੰ ਘਬਰਾਉਣ ਦੀ ਲੋੜ ਹੈ।”

ਸੁਝਾਅ: ਆਪਣੇ ਬੱਚੇ ਨੂੰ ਪੁੱਛੋ ਕਿ ਉਹ ਮਸੀਹੀ ਹੋਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਉਸ ਦੇ ਖ਼ਿਆਲ ਵਿਚ ਇਸ ਦੇ ਕੀ ਫ਼ਾਇਦੇ ਹਨ? ਕਿਹੜੀਆਂ ਚੁਣੌਤੀਆਂ ਆਉਂਦੀਆਂ ਹਨ? ਕੀ ਚੁਣੌਤੀਆਂ ਨਾਲੋਂ ਜ਼ਿਆਦਾ ਫ਼ਾਇਦੇ ਹੁੰਦੇ ਹਨ? ਜੇ ਹਾਂ, ਤਾਂ ਉਹ ਕਿਵੇਂ? (ਮਰਕੁਸ 10:29, 30) ਤੁਹਾਡਾ ਬੱਚਾ ਆਪਣੇ ਖ਼ਿਆਲ ਕਾਗਜ਼ ’ਤੇ ਦੋ ਕਾਲਮਾਂ ਵਿਚ ਲਿਖ ਸਕਦਾ ਹੈ—ਖੱਬੇ ਕਾਲਮ ਵਿਚ ਚੁਣੌਤੀਆਂ ਅਤੇ ਸੱਜੇ ਕਾਲਮ ਵਿਚ ਫ਼ਾਇਦੇ। ਕਾਗਜ਼ ਉੱਤੇ ਲਿਖੇ ਆਪਣੇ ਖ਼ਿਆਲ ਦੇਖ ਕੇ ਬੱਚੇ ਨੂੰ ਸ਼ਾਇਦ ਪਤਾ ਲੱਗ ਜਾਵੇ ਕਿ ਉਸ ਦੀ ਸਮੱਸਿਆ ਕੀ ਹੈ ਅਤੇ ਇਸ ਨੂੰ ਹੱਲ ਕਿਵੇਂ ਕਰਨਾ ਹੈ।

ਤੁਹਾਡੇ ਬੱਚੇ ਦੀ “ਸੋਚਣ-ਸਮਝਣ ਦੀ ਕਾਬਲੀਅਤ”

ਮਾਪਿਆਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਅਤੇ ਅੱਲ੍ਹੜ ਉਮਰ ਦੇ ਬੱਚਿਆਂ ਦੀ ਸੋਚਣੀ ਵਿਚ ਬਹੁਤ ਫ਼ਰਕ ਹੈ। (1 ਕੁਰਿੰਥੀਆਂ 13:11) ਛੋਟੇ ਬੱਚੇ ਹਾਂ ਜਾਂ ਨਾਂਹ ਵਿਚ ਹੀ ਸੋਚਦੇ ਹਨ, ਪਰ ਅੱਲ੍ਹੜ ਉਮਰ ਦੇ ਬੱਚੇ ਡੂੰਘਾਈ ਨਾਲ ਸੋਚ ਕੇ ਕਿਸੇ ਨਤੀਜੇ ’ਤੇ ਪਹੁੰਚਦੇ ਹਨ। ਮਿਸਾਲ ਲਈ, ਇਕ ਛੋਟੇ ਬੱਚੇ ਨੂੰ ਸਿਖਾਇਆ ਜਾ ਸਕਦਾ ਹੈ ਕਿ ਸਾਰਾ ਕੁਝ ਪਰਮੇਸ਼ੁਰ ਨੇ ਬਣਾਇਆ ਹੈ। (ਉਤਪਤ 1:1) ਪਰ ਇਕ ਅੱਲ੍ਹੜ ਉਮਰ ਦੇ ਬੱਚੇ ਦੇ ਮਨ ਵਿਚ ਇਹੋ ਜਿਹੇ ਸਵਾਲ ਪੈਦਾ ਹੁੰਦੇ ਹਨ: ‘ਮੈਨੂੰ ਕਿਵੇਂ ਪਤਾ ਹੈ ਕਿ ਪਰਮੇਸ਼ੁਰ ਹੈ? ਇਕ ਪਿਆਰ ਕਰਨ ਵਾਲਾ ਪਰਮੇਸ਼ੁਰ ਬੁਰਾਈ ਕਿਉਂ ਹੋਣ ਦਿੰਦਾ ਹੈ? ਇਹ ਸੱਚ ਕਿਵੇਂ ਹੋ ਸਕਦਾ ਹੈ ਕਿ ਪਰਮੇਸ਼ੁਰ ਹਮੇਸ਼ਾ ਤੋਂ ਹੋਂਦ ਵਿਚ ਹੈ?’—ਜ਼ਬੂਰਾਂ ਦੀ ਪੋਥੀ 90:2.

ਅਜਿਹੇ ਸਵਾਲਾਂ ਤੋਂ ਤੁਹਾਨੂੰ ਸ਼ਾਇਦ ਲੱਗੇ ਕਿ ਤੁਹਾਡੇ ਬੱਚੇ ਦੀ ਨਿਹਚਾ ਕਮਜ਼ੋਰ ਹੋ ਗਈ ਹੈ। ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਉਸ ਦੀ ਨਿਹਚਾ ਪੱਕੀ ਹੋ ਰਹੀ ਹੈ। ਅਸਲ ਵਿਚ ਇਕ ਮਸੀਹੀ ਲਈ ਸਵਾਲ ਪੁੱਛਣੇ ਸੱਚਾਈ ਵਿਚ ਤਰੱਕੀ ਕਰਨ ਦਾ ਇਕ ਅਹਿਮ ਪਹਿਲੂ ਹੈ।—ਰਸੂਲਾਂ ਦੇ ਕੰਮ 17:2, 3.

ਇਸ ਤੋਂ ਇਲਾਵਾ, ਤੁਹਾਡਾ ਬੱਚਾ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤਣੀ ਸਿੱਖ ਰਿਹਾ ਹੈ। (ਰੋਮੀਆਂ 12:1, 2) ਨਤੀਜੇ ਵਜੋਂ, ਉਹ ਸੱਚਾਈ ਦੀ “ਲੰਬਾਈ, ਚੌੜਾਈ, ਉਚਾਈ ਅਤੇ ਡੂੰਘਾਈ” ਨੂੰ ਸਮਝ ਰਿਹਾ ਹੈ ਜੋ ਉਹ ਛੋਟੇ ਹੁੰਦਿਆਂ ਨਹੀਂ ਸਮਝ ਸਕਦਾ ਸੀ। (ਅਫ਼ਸੀਆਂ 3:18) ਹੁਣ ਤੁਹਾਨੂੰ ਆਪਣੇ ਬੱਚੇ ਦੀ ਆਪਣੇ ਵਿਸ਼ਵਾਸਾਂ ’ਤੇ ਸੋਚ-ਵਿਚਾਰ ਕਰਨ ਵਿਚ ਮਦਦ ਕਰਨ ਦੀ ਜ਼ਿਆਦਾ ਲੋੜ ਹੈ ਤਾਂਕਿ ਉਹ ਉਨ੍ਹਾਂ ’ਤੇ ਪੱਕਾ ਯਕੀਨ ਕਰ ਸਕੇ।—ਕਹਾਉਤਾਂ 14:15; ਰਸੂਲਾਂ ਦੇ ਕੰਮ 17:11.

ਸੁਝਾਅ: ਆਪਣੇ ਬੱਚੇ ਨਾਲ ਦੁਬਾਰਾ ਉਨ੍ਹਾਂ ਬੁਨਿਆਦੀ ਵਿਸ਼ਿਆਂ ਉੱਤੇ ਗੱਲ ਕਰੋ ਜਿਨ੍ਹਾਂ ਬਾਰੇ ਤੁਹਾਨੂੰ ਤੇ ਬੱਚੇ ਨੂੰ ਲੱਗਾ ਕਿ ਸਮਝ ਆ ਗਏ ਸਨ। ਮਿਸਾਲ ਲਈ, ਉਸ ਨੂੰ ਇਹੋ ਜਿਹੇ ਸਵਾਲਾਂ ਬਾਰੇ ਸੋਚਣ ਲਈ ਕਹੋ: ‘ਕਿਹੜੀ ਗੱਲ ਮੈਨੂੰ ਯਕੀਨ ਦਿਵਾਉਂਦੀ ਹੈ ਕਿ ਪਰਮੇਸ਼ੁਰ ਹੈ? ਮੈਂ ਕਿਹੜਾ ਸਬੂਤ ਦੇਖ ਕੇ ਦੱਸ ਸਕਦਾ ਹਾਂ ਕਿ ਪਰਮੇਸ਼ੁਰ ਮੇਰੀ ਪਰਵਾਹ ਕਰਦਾ ਹੈ? ਮੈਨੂੰ ਕਿਉਂ ਲੱਗਦਾ ਹੈ ਕਿ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣ ਨਾਲ ਹਮੇਸ਼ਾ ਮੇਰਾ ਭਲਾ ਹੋਵੇਗਾ?’ ਧਿਆਨ ਰੱਖੋ ਕਿ ਤੁਸੀਂ ਆਪਣੇ ਵਿਚਾਰ ਆਪਣੇ ਬੱਚੇ ਉੱਤੇ ਨਹੀਂ ਥੋਪ ਰਹੇ। ਇਸ ਦੀ ਬਜਾਇ, ਉਸ ਦਾ ਯਕੀਨ ਪੱਕਾ ਕਰਨ ਵਿਚ ਉਸ ਦੀ ਮਦਦ ਕਰੋ। ਇਸ ਤਰ੍ਹਾਂ ਉਸ ਲਈ ਵਿਸ਼ਵਾਸ ਕਰਨਾ ਸੌਖਾ ਹੋਵੇਗਾ ਕਿ ਉਹ ਜੋ ਮੰਨਦਾ ਹੈ ਉਹ ਸਹੀ ਹੈ।

“ਸਮਝਾ ਕੇ ਯਕੀਨ ਦਿਵਾਇਆ ਗਿਆ”

ਬਾਈਬਲ ਨੌਜਵਾਨ ਤਿਮੋਥਿਉਸ ਦੀ ਗੱਲ ਕਰਦੀ ਹੈ ਜੋ “ਛੋਟੇ ਹੁੰਦਿਆਂ ਤੋਂ” ਪਵਿੱਤਰ ਲਿਖਤਾਂ ਬਾਰੇ ਜਾਣਦਾ ਸੀ। ਫਿਰ ਵੀ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ: “ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ, ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ।” (2 ਤਿਮੋਥਿਉਸ 3:14, 15) ਤਿਮੋਥਿਉਸ ਵਾਂਗ ਸ਼ਾਇਦ ਤੁਹਾਡੇ ਬੱਚੇ ਨੂੰ ਵੀ ਬਾਈਬਲ ਦੇ ਅਸੂਲਾਂ ਬਾਰੇ ਜਨਮ ਤੋਂ ਹੀ ਸਿਖਾਇਆ ਗਿਆ ਹੋਵੇ। ਪਰ ਹੁਣ ਤੁਹਾਨੂੰ ਉਸ ਨੂੰ ਸਮਝਾ ਕੇ ਯਕੀਨ ਦਿਵਾਉਣ ਦੀ ਲੋੜ ਹੈ ਤਾਂਕਿ ਉਹ ਸਿੱਖੀਆਂ ਗੱਲਾਂ ’ਤੇ ਖ਼ੁਦ ਵਿਸ਼ਵਾਸ ਕਰ ਸਕੇ।

ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 1 (ਅੰਗ੍ਰੇਜ਼ੀ) ਕਿਤਾਬ ਦੱਸਦੀ ਹੈ: “ਜਿੰਨਾ ਚਿਰ ਬੱਚਾ ਤੁਹਾਡੇ ਨਾਲ ਘਰ ਵਿਚ ਰਹਿੰਦਾ ਹੈ, ਤੁਹਾਡਾ ਉਸ ਨੂੰ ਇਹ ਕਹਿਣ ਦਾ ਹੱਕ ਬਣਦਾ ਹੈ ਕਿ ਉਹ ਉਹੀ ਕੁਝ ਕਰੇ ਜੋ ਕੁਝ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਰਦੇ ਹੋ। ਤੁਹਾਡਾ ਟੀਚਾ ਤਾਂ ਇਹੀ ਹੈ ਕਿ ਤੁਸੀਂ ਆਪਣੇ ਅੱਲ੍ਹੜ ਉਮਰ ਦੇ ਬੱਚੇ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਬਿਠਾਓ, ਨਾ ਕਿ ਉਹ ਰੋਬੋਟ ਵਾਂਗ ਸਭ ਕੁਝ ਕਰੇ।” ਇਹ ਟੀਚਾ ਧਿਆਨ ਵਿਚ ਰੱਖਦੇ ਹੋਏ ਤੁਸੀਂ ਆਪਣੇ ਬੱਚੇ ਦੀ “ਨਿਹਚਾ ਨੂੰ ਮਜ਼ਬੂਤ” ਕਰਨ ਵਿਚ ਮਦਦ ਕਰ ਸਕਦੇ ਹੋ ਤਾਂਕਿ ਉਹ ਦਿਲੋਂ ਪਰਮੇਸ਼ੁਰ ਦੀ ਸੇਵਾ ਕਰੇ, ਨਾ ਕਿ ਤੁਹਾਡੇ ਕਹਿਣ ਤੇ। *1 ਪਤਰਸ 5:9. (w12-E 02/01)

^ ਪੈਰਾ 4 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੈਰਾ 40 ਹੋਰ ਜਾਣਕਾਰੀ ਲਈ ਅਕਤੂਬਰ-ਦਸੰਬਰ 2009 ਦਾ ਪਹਿਰਾਬੁਰਜ, ਸਫ਼ੇ 10-12 ਅਤੇ ਕਿਤਾਬ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 1 (ਅੰਗ੍ਰੇਜ਼ੀ) ਦੇ ਸਫ਼ੇ 315-318 ਦੇਖੋ।

ਆਪਣੇ ਆਪ ਨੂੰ ਪੁੱਛੋ . . .

  • ਮੈਂ ਉਸ ਵੇਲੇ ਕੀ ਕਰਦਾ ਹਾਂ ਜਦੋਂ ਮੇਰਾ ਬੱਚਾ ਮੇਰੇ ਵਿਸ਼ਵਾਸਾਂ ’ਤੇ ਸ਼ੱਕ ਕਰਦਾ ਹੈ?

  • ਇਸ ਲੇਖ ਵਿਚ ਪਾਈ ਜਾਂਦੀ ਜਾਣਕਾਰੀ ਵਰਤ ਕੇ ਮੈਂ ਆਪਣੇ ਪੇਸ਼ ਆਉਣ ਦੇ ਤਰੀਕੇ ਨੂੰ ਕਿਵੇਂ ਸੁਧਾਰ ਸਕਦਾ ਹਾਂ?