Skip to content

Skip to table of contents

ਧੰਨਵਾਦ ਕਰਨਾ ਨਾ ਭੁੱਲੋ

ਧੰਨਵਾਦ ਕਰਨਾ ਨਾ ਭੁੱਲੋ

ਰਾਜ਼ ਨੰਬਰ 3

ਧੰਨਵਾਦ ਕਰਨਾ ਨਾ ਭੁੱਲੋ

ਬਾਈਬਲ ਕੀ ਕਹਿੰਦੀ ਹੈ? “ਹਰ ਹਾਲ ਵਿੱਚ ਧੰਨਵਾਦ ਕਰੋ।”—1 ਥੱਸਲੁਨੀਕੀਆਂ 5:18.

ਮੁਸ਼ਕਲ ਕੀ ਹੈ? ਅੱਜ-ਕਲ੍ਹ ਲੋਕ ਘਮੰਡੀ ਅਤੇ ਨਾਸ਼ੁਕਰੇ ਹਨ। ਇਨ੍ਹਾਂ ਗੱਲਾਂ ਦਾ ਸਾਡੇ ’ਤੇ ਵੀ ਅਸਰ ਪੈ ਸਕਦਾ ਹੈ। (2 ਤਿਮੋਥਿਉਸ 3:1, 2) ਇਸ ਤੋਂ ਇਲਾਵਾ ਲੋਕ ਬਹੁਤ ਬਿਜ਼ੀ ਰਹਿੰਦੇ ਹਨ। ਹੋ ਸਕਦਾ ਹੈ ਕਿ ਅਸੀਂ ਆਪਣੇ ਕੰਮਾਂ ਵਿਚ ਇੰਨੇ ਰੁੱਝੇ ਰਹੀਏ ਜਾਂ ਮੁਸ਼ਕਲਾਂ ਨਾਲ ਇੰਨੇ ਘਿਰੇ ਹੋਈਏ ਕਿ ਅਸੀਂ ਉਨ੍ਹਾਂ ਚੀਜ਼ਾਂ ਦੀ ਕਦਰ ਨਹੀਂ ਕਰਦੇ ਜੋ ਸਾਡੇ ਕੋਲ ਹਨ ਤੇ ਨਾ ਹੀ ਅਸੀਂ ਦੂਜਿਆਂ ਦਾ ਧੰਨਵਾਦ ਕਰਦੇ ਹਾਂ।

ਤੁਸੀਂ ਕੀ ਕਰ ਸਕਦੇ ਹੋ? ਜੋ ਕੁਝ ਤੁਹਾਡੇ ਕੋਲ ਹੈ ਉਸ ਬਾਰੇ ਸੋਚੋ। ਸ਼ਾਇਦ ਤੁਹਾਨੂੰ ਲੱਗੇ ਕਿ ਮੁਸ਼ਕਲਾਂ ਨੇ ਤੁਹਾਨੂੰ ਘੇਰ ਲਿਆ ਹੈ। ਪਰ ਰਾਜਾ ਦਾਊਦ ਦੀ ਮਿਸਾਲ ’ਤੇ ਗੌਰ ਕਰੋ। ਕਈ ਵਾਰ ਉਸ ਦਾ ਦਿਲ ਬਹੁਤ ਦੁਖੀ ਸੀ। ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ-ਕਰਦਾ ਥੱਕ ਚੁੱਕਾ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਪ੍ਰਾਰਥਨਾ ਵਿਚ ਕਿਹਾ: “ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।” (ਜ਼ਬੂਰਾਂ ਦੀ ਪੋਥੀ 143:3-5) ਮੁਸ਼ਕਲਾਂ ਦੇ ਬਾਵਜੂਦ ਦਾਊਦ ਨੇ ਰੱਬ ਦਾ ਸ਼ੁਕਰ ਕੀਤਾ ਅਤੇ ਉਸ ਨੂੰ ਮਨ ਦਾ ਸਕੂਨ ਮਿਲਿਆ।

ਇਸ ਬਾਰੇ ਸੋਚੋ ਕਿ ਦੂਸਰਿਆਂ ਨੇ ਤੁਹਾਡੀ ਮਦਦ ਕਿਵੇਂ ਕੀਤੀ ਹੈ ਤੇ ਉਨ੍ਹਾਂ ਦਾ ਧੰਨਵਾਦ ਕਰੋ। ਇਸ ਵਿਚ ਯਿਸੂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਮਿਸਾਲ ਲਈ, ਜਦ ਮਰੀਅਮ ਨਾਂ ਦੀ ਔਰਤ ਨੇ ਯਿਸੂ ਦੇ ਸਿਰ ਅਤੇ ਪੈਰਾਂ ’ਤੇ ਮਹਿੰਗਾ ਤੇਲ ਪਾਇਆ, ਤਾਂ ਕਈਆਂ ਨੇ ਪੁੱਛਿਆ: “ਇਸ ਅਤਰ ਦਾ ਇਹ ਨੁਕਸਾਨ ਕਾਹ ਨੂੰ ਹੋਇਆ?” * ਉਨ੍ਹਾਂ ਨੂੰ ਲੱਗਿਆ ਕਿ ਇਸ ਤੇਲ ਨੂੰ ਵੇਚ ਕੇ ਪੈਸੇ ਗ਼ਰੀਬਾਂ ਵਿਚ ਵੰਡੇ ਜਾ ਸਕਦੇ ਸਨ। ਯਿਸੂ ਨੇ ਜਵਾਬ ਦਿੱਤਾ: “ਇਹ ਨੂੰ ਛੱਡ ਦਿਓ, ਕਿਉਂ ਇਹ ਨੂੰ ਕੋਸਦੇ ਹੋ?” ਫਿਰ ਉਸ ਨੇ ਇਹ ਵੀ ਕਿਹਾ: “ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ।” (ਮਰਕੁਸ 14:3-8; ਯੂਹੰਨਾ 12:3) ਯਿਸੂ ਨੇ ਇਸ ਬਾਰੇ ਨਹੀਂ ਸੋਚਿਆ ਕਿ ਮਰੀਅਮ ਨੇ ਉਸ ਲਈ ਕੀ ਨਹੀਂ ਕੀਤਾ, ਪਰ ਇਹ ਕਿ ਉਸ ਨੇ ਯਿਸੂ ਲਈ ਕੀ ਕੀਤਾ।

ਕੁਝ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਜਾਂ ਫਿਰ ਹੋਰ ਬਰਕਤਾਂ ਨੂੰ ਗੁਆ ਦੇਣ ਤੋਂ ਬਾਅਦ ਹੀ ਇਨ੍ਹਾਂ ਦੀ ਕਦਰ ਕਰਨੀ ਸਿੱਖਦੇ ਹਨ। ਜੇ ਤੁਸੀਂ ਇਨ੍ਹਾਂ ਚੀਜ਼ਾਂ ਦੀ ਹੁਣ ਤੋਂ ਕਦਰ ਕਰੋਗੇ, ਤਾਂ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ। ਕਿਉਂ ਨਾ ਉਨ੍ਹਾਂ ਗੱਲਾਂ ਬਾਰੇ ਸੋਚੋ ਜਾਂ ਉਨ੍ਹਾਂ ਨੂੰ ਲਿਖ ਲਵੋ ਜਿਨ੍ਹਾਂ ਲਈ ਤੁਸੀਂ ਧੰਨਵਾਦੀ ਹੋ?

“ਹਰੇਕ ਚੰਗਾ ਦਾਨ” ਰੱਬ ਵੱਲੋਂ ਆਉਂਦਾ ਹੈ। ਇਸ ਲਈ ਸਾਨੂੰ ਪ੍ਰਾਰਥਨਾ ਵਿਚ ਹਮੇਸ਼ਾ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। (ਯਾਕੂਬ 1:17) ਇਸ ਤਰ੍ਹਾਂ ਕਰ ਕੇ ਅਸੀਂ ਧੰਨਵਾਦ ਕਰਨਾ ਨਹੀਂ ਭੁੱਲਾਂਗੇ ਅਤੇ ਖ਼ੁਸ਼ ਹੋਵਾਂਗੇ।—ਫ਼ਿਲਿੱਪੀਆਂ 4:6, 7. (w10-E 11/01)

[ਫੁਟਨੋਟ]

^ ਪੈਰਾ 6 ਪਹਿਲੀ ਸਦੀ ਵਿਚ ਕਿਸੇ ਮਹਿਮਾਨ ਦੇ ਸਿਰ ’ਤੇ ਤੇਲ ਪਾਉਣਾ ਮਹਿਮਾਨਨਿਵਾਜ਼ੀ ਦੀ ਨਿਸ਼ਾਨੀ ਸੀ ਅਤੇ ਪੈਰਾਂ ’ਤੇ ਪਾਉਣਾ ਨਿਮਰਤਾ ਦੀ ਨਿਸ਼ਾਨੀ ਸੀ।

[ਸਫ਼ਾ 6 ਉੱਤੇ ਤਸਵੀਰ]

ਕੀ ਤੁਸੀਂ ਦੂਸਰਿਆਂ ਦਾ ਧੰਨਵਾਦ ਕਰਦੇ ਹੋ?