Skip to content

Skip to table of contents

ਜਦ ਟੁੱਟਾ ਅਤੇ ਦੀਨ ਮਨ ਵਾਲਾ ਮਾਫ਼ੀ ਭਾਲਦਾ ਹੈ

ਜਦ ਟੁੱਟਾ ਅਤੇ ਦੀਨ ਮਨ ਵਾਲਾ ਮਾਫ਼ੀ ਭਾਲਦਾ ਹੈ

ਪਰਮੇਸ਼ੁਰ ਨੂੰ ਜਾਣੋ

ਜਦ ਟੁੱਟਾ ਅਤੇ ਦੀਨ ਮਨ ਵਾਲਾ ਮਾਫ਼ੀ ਭਾਲਦਾ ਹੈ

2 ਸਮੂਏਲ 12:1-14

ਅਸੀਂ ਸਾਰੇ ਕਈ ਵਾਰ ਗ਼ਲਤੀਆਂ ਕਰਦੇ ਹਾਂ। ਭਾਵੇਂ ਅਸੀਂ ਪਛਤਾਵਾ ਕਰੀਏ, ਫਿਰ ਵੀ ਅਸੀਂ ਸ਼ਾਇਦ ਸੋਚੀਏ: ‘ਕੀ ਪਰਮੇਸ਼ੁਰ ਮੇਰੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸੁਣਦਾ ਹੈ? ਕੀ ਉਹ ਮੈਨੂੰ ਮਾਫ਼ ਕਰੇਗਾ?’ ਬਾਈਬਲ ਇਹ ਸੱਚਾਈ ਸਿਖਾਉਂਦੀ ਹੈ: ਭਾਵੇਂ ਯਹੋਵਾਹ ਪਾਪ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰਦਾ, ਫਿਰ ਵੀ ਉਹ ਤੋਬਾ ਕਰਨ ਵਾਲੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਦੂਜੇ ਸਮੂਏਲ ਦੇ 12ਵੇਂ ਅਧਿਆਇ ਵਿਚ ਅਸੀਂ ਇਸ ਗੱਲ ਦਾ ਸਬੂਤ ਰਾਜਾ ਦਾਊਦ ਦੀ ਮਿਸਾਲ ਤੋਂ ਸਾਫ਼-ਸਾਫ਼ ਦੇਖ ਸਕਦੇ ਹਾਂ।

ਦਾਊਦ ਨੇ ਵੱਡੇ-ਵੱਡੇ ਪਾਪ ਕੀਤੇ ਸਨ। ਪਹਿਲਾਂ ਉਸ ਨੇ ਬਥ-ਸ਼ਬਾ ਨਾਲ ਵਿਭਚਾਰ ਕੀਤਾ ਅਤੇ ਜਦ ਉਹ ਇਹ ਪਾਪ ਲੁਕਾ ਨਾ ਸਕਿਆ, ਤਾਂ ਉਸ ਨੇ ਸਾਜ਼ਸ਼ ਘੜ ਕੇ ਉਸ ਦੇ ਪਤੀ ਨੂੰ ਮਰਵਾਇਆ। ਫਿਰ ਦਾਊਦ ਕਈ ਮਹੀਨਿਆਂ ਤਕ ਆਪਣੇ ਪਾਪ ਸਾਰਿਆਂ ਤੋਂ ਛੁਪਾ ਕੇ ਬੇਗੁਨਾਹੀ ਦੇ ਪਰਦੇ ਪਿੱਛੇ ਲੁਕਿਆ ਰਿਹਾ। ਪਰ ਯਹੋਵਾਹ ਦੇਖ ਰਿਹਾ ਸੀ। ਉਸ ਨੂੰ ਦਾਊਦ ਦੇ ਪਾਪਾਂ ਬਾਰੇ ਸਾਰਾ ਪਤਾ ਸੀ। ਪਰ ਉਸ ਨੇ ਇਹ ਵੀ ਦੇਖਿਆ ਕਿ ਦਾਊਦ ਦਾ ਦਿਲ ਇੰਨਾ ਵੀ ਮਾੜਾ ਨਹੀਂ ਸੀ। (ਕਹਾਉਤਾਂ 17:3) ਯਹੋਵਾਹ ਨੇ ਕੀ ਕੀਤਾ?

ਯਹੋਵਾਹ ਨੇ ਦਾਊਦ ਕੋਲ ਆਪਣਾ ਨਬੀ, ਨਾਥਾਨ, ਭੇਜਿਆ। (ਆਇਤ 1) ਉਹ ਜਾਣਦਾ ਸੀ ਕਿ ਸੋਚ-ਸਮਝ ਕੇ ਗੱਲ ਕਰਨ ਦੀ ਲੋੜ ਸੀ। ਇਸ ਲਈ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਨਾਲ ਨਾਥਾਨ ਨੇ ਰਾਜੇ ਕੋਲ ਜਾ ਕੇ ਗੱਲ ਕੀਤੀ। ਦਾਊਦ ਆਪਣੇ ਆਪ ਨੂੰ ਧੋਖਾ ਦੇ ਰਿਹਾ ਸੀ। ਨਾਥਾਨ ਇਹ ਪਰਦਾ ਦੂਰ ਕਰ ਕੇ ਦਾਊਦ ਨੂੰ ਉਸ ਦੇ ਘੋਰ ਪਾਪ ਦਾ ਅਹਿਸਾਸ ਕਿਵੇਂ ਦਿਲਾ ਸਕਦਾ ਸੀ?

ਇਸ ਤੋਂ ਪਹਿਲਾਂ ਕਿ ਦਾਊਦ ਕੋਈ ਸਫ਼ਾਈ ਪੇਸ਼ ਕਰੇ, ਨਾਥਾਨ ਨੇ ਦਾਊਦ ਨੂੰ ਇਕ ਕਹਾਣੀ ਦੱਸੀ। ਉਸ ਨੂੰ ਪਤਾ ਸੀ ਕਿ ਇਹ ਕਹਾਣੀ ਇਸ ਸਾਬਕਾ ਚਰਵਾਹੇ ਦੇ ਦਿਲ ਨੂੰ ਜ਼ਰੂਰ ਲੱਗੇਗੀ। ਕਹਾਣੀ ਦੋ ਆਦਮੀਆਂ ਦੀ ਸੀ, ਇਕ ਅਮੀਰ ਤੇ ਦੂਜਾ ਗ਼ਰੀਬ। ਅਮੀਰ ਆਦਮੀ ਕੋਲ “ਢੇਰ ਸਾਰੇ ਇੱਜੜ” ਸਨ, ਪਰ ਗ਼ਰੀਬ ਕੋਲ “ਭੇਡਾਂ ਦੀ ਇੱਕ ਲੇਲੀ” ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਅਮੀਰ ਦੇ ਘਰ ਇਕ ਮਹਿਮਾਨ ਆਇਆ ਤੇ ਉਹ ਉਸ ਲਈ ਖਾਣਾ ਤਿਆਰ ਕਰਨਾ ਚਾਹੁੰਦਾ ਸੀ। ਆਪਣੀ ਕੋਈ ਭੇਡ ਵੱਢਣ ਦੀ ਬਜਾਇ ਉਸ ਨੇ ਗ਼ਰੀਬ ਦੀ ਇੱਕੋ-ਇਕ ਲੇਲੀ ਵੱਢ ਸੁੱਟੀ। ਇਹ ਸੋਚਦੇ ਹੋਏ ਕਿ ਇਹ ਕਹਾਣੀ ਸੱਚੀ ਹੈ, ਦਾਊਦ ਗੁੱਸੇ ਵਿਚ ਬੋਲਿਆ: “ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ!” ਕਿਉਂ? “ਕਿਉਂ ਜੋ ਉਸ ਨੇ . . . ਕੁਝ ਦਯਾ ਨਾ ਕੀਤੀ।” *ਆਇਤਾਂ 2-6.

ਨਾਥਾਨ ਦੀ ਕਹਾਣੀ ਐਨ ਨਿਸ਼ਾਨੇ ’ਤੇ ਲੱਗੀ। ਅਣਜਾਣੇ ਵਿਚ ਦਾਊਦ ਨੇ ਖ਼ੁਦ ਆਪਣੇ ਆਪ ਨੂੰ ਦੋਸ਼ੀ ਠਹਿਰਾਇਆ। ਨਾਥਾਨ ਨੇ ਉਸ ਨੂੰ ਸਾਫ਼-ਸਾਫ਼ ਕਿਹਾ: “ਉਹ ਮਨੁੱਖ ਤੂੰ ਹੀ ਤਾਂ ਹੈਂ!” (ਆਇਤ 7) ਨਾਥਾਨ ਯਹੋਵਾਹ ਵੱਲੋਂ ਬੋਲ ਰਿਹਾ ਸੀ, ਇਸ ਲਈ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਦਾਊਦ ਦੀ ਕਰਨੀ ਯਹੋਵਾਹ ਨੂੰ ਕਿੰਨੀ ਬੁਰੀ ਲੱਗੀ। ਪਰਮੇਸ਼ੁਰ ਦਾ ਕਾਨੂੰਨ ਤੋੜ ਕੇ ਦਾਊਦ ਨੇ ਕਾਨੂੰਨ ਬਣਾਉਣ ਵਾਲੇ ਦਾ ਨਿਰਾਦਰ ਕੀਤਾ। ਪਰਮੇਸ਼ੁਰ ਨੇ ਕਿਹਾ: “ਤੈਂ ਮੈਨੂੰ ਤੁੱਛ ਜਾਣਿਆ।” (ਆਇਤ 10) ਇਹ ਤਾੜਨਾ ਸੁਣ ਕੇ ਦਾਊਦ ਦਾ ਦਿਲ ਵਿੰਨ੍ਹਿਆ ਗਿਆ ਤੇ ਉਸ ਨੇ ਕਬੂਲ ਕੀਤਾ: “ਮੈਂ ਯਹੋਵਾਹ ਦਾ ਪਾਪ ਕੀਤਾ।” ਨਾਥਾਨ ਨੇ ਦਾਊਦ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਸੀ, ਪਰ ਫਿਰ ਵੀ ਉਸ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ।—ਆਇਤਾਂ 13, 14.

ਉਸ ਦੇ ਪਾਪ ਦੀ ਪੋਲ ਖੁੱਲ੍ਹਣ ਤੋਂ ਬਾਅਦ ਦਾਊਦ ਨੇ ਉਹ ਗੱਲਾਂ ਲਿਖੀਆਂ ਜੋ ਅਸੀਂ ਅੱਜ ਜ਼ਬੂਰ 51 ਵਿਚ ਪੜ੍ਹ ਸਕਦੇ ਹਾਂ। ਉੱਥੇ ਦਾਊਦ ਨੇ ਆਪਣਾ ਦਿਲ ਯਹੋਵਾਹ ਅੱਗੇ ਖੋਲ੍ਹਿਆ ਤੇ ਆਪਣੀ ਤੋਬਾ ਦਾ ਸਬੂਤ ਦਿੱਤਾ। ਪਾਪ ਕਰ ਕੇ ਦਾਊਦ ਨੇ ਦਿਖਾਇਆ ਕਿ ਉਸ ਨੇ ਯਹੋਵਾਹ ਨੂੰ ਤੁੱਛ ਜਾਣਿਆ। ਪਰ ਜਦ ਉਸ ਪਛਤਾਵੇ ਭਰੇ ਰਾਜੇ ਨੂੰ ਪਰਮੇਸ਼ੁਰ ਤੋਂ ਮਾਫ਼ੀ ਮਿਲੀ, ਤਾਂ ਉਹ ਕਹਿ ਸਕਿਆ: “ਹੇ ਮੇਰੇ ਪਰਮੇਸ਼ਰ, ਤੂੰ ਟੁਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ।” (ਜ਼ਬੂਰਾਂ ਦੀ ਪੋਥੀ 51:17) ਇਹ ਸ਼ਬਦ ਯਹੋਵਾਹ ਦੀ ਮਾਫ਼ੀ ਭਾਲਣ ਵਾਲੇ ਕਿਸੇ ਪਾਪੀ ਦੇ ਦਿਲ ਨੂੰ ਕਿੰਨੀ ਠੰਢਕ ਪਹੁੰਚਾਉਂਦੇ ਹਨ। (w10-E 05/01)

[ਫੁਟਨੋਟ]

^ ਪੈਰਾ 4 ਮਹਿਮਾਨ ਲਈ ਲੇਲਾ ਤਿਆਰ ਕਰਨਾ ਮਹਿਮਾਨਨਿਵਾਜ਼ੀ ਸੀ। ਪਰ ਲੇਲਾ ਚੋਰੀ ਕਰਨਾ ਗੁਨਾਹ ਸੀ ਤੇ ਇਸ ਦੇ ਵੱਟੇ ਚਾਰ ਭੇਡਾਂ ਦੇਣੀਆਂ ਪੈਂਦੀਆਂ ਸਨ। (ਕੂਚ 22:1) ਦਾਊਦ ਦੀ ਨਜ਼ਰ ਵਿਚ ਅਮੀਰ ਆਦਮੀ ਜ਼ਾਲਮ ਸੀ ਕਿਉਂਕਿ ਗ਼ਰੀਬ ਆਦਮੀ ਤੋਂ ਉਹ ਭੇਡ ਲਈ ਗਈ ਜੋ ਉਸ ਦੇ ਪਰਿਵਾਰ ਨੂੰ ਦੁੱਧ ਅਤੇ ਉੱਨ ਦੇ ਸਕਦੀ ਸੀ ਨਾਲੇ ਅਗਾਹਾਂ ਨੂੰ ਹੋਰ ਲੇਲੇ ਪੈਦਾ ਕਰ ਸਕਦੀ ਸੀ।