Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਬੱਚਿਆਂ ਨੂੰ ਤਾੜਨਾ ਦੇਣੀ

ਬੱਚਿਆਂ ਨੂੰ ਤਾੜਨਾ ਦੇਣੀ

ਜੌਨ: * ਤਾੜਨਾ ਦੇਣ ਤੋਂ ਪਹਿਲਾਂ ਮੇਰੇ ਮਾਪੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਸਨ ਕਿ ਮੈਂ ਗ਼ਲਤੀ ਕਿਉਂ ਕੀਤੀ ਅਤੇ ਉਸ ਸਮੇਂ ਹਾਲਾਤ ਕੀ ਸਨ। ਮੈਂ ਵੀ ਆਪਣੀਆਂ ਦੋ ਬੇਟੀਆਂ ਨਾਲ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਲੇਕਿਨ ਮੇਰੀ ਪਤਨੀ ਐਲੀਸਨ ਦਾ ਪਾਲਣ-ਪੋਸਣ ਵੱਖਰੇ ਤਰੀਕੇ ਨਾਲ ਹੋਇਆ ਸੀ। ਉਸ ਦੇ ਮੰਮੀ-ਡੈਡੀ ਬਿਨਾਂ ਸੋਚੇ-ਸਮਝੇ ਗੱਲ ਕਰ ਬੈਠਦੇ ਸਨ। ਉਹ ਪੂਰੀ ਗੱਲ ਸਮਝਣ ਤੋਂ ਬਿਨਾਂ ਹੀ ਬੱਚਿਆਂ ਨੂੰ ਤਾੜਦੇ ਹੁੰਦੇ ਸਨ। ਕਈ ਵਾਰ ਮੈਨੂੰ ਲੱਗਦਾ ਹੈ ਕਿ ਮੇਰੀ ਪਤਨੀ ਵੀ ਸਾਡੀਆਂ ਬੇਟੀਆਂ ਨਾਲ ਜ਼ਿਆਦਾ ਸਖ਼ਤੀ ਵਰਤਦੀ ਹੈ।

ਕੈਰਲ: ਮੈਂ ਸਿਰਫ਼ ਪੰਜ ਸਾਲਾਂ ਦੀ ਸੀ ਜਦ ਮੇਰਾ ਪਿਤਾ ਸਾਨੂੰ ਛੱਡ ਕੇ ਚਲਾ ਗਿਆ। ਉਸ ਨੂੰ ਨਾ ਮੇਰੀ ਨਾ ਮੇਰੀਆਂ ਤਿੰਨ ਭੈਣਾਂ ਦੀ ਕੋਈ ਪਰਵਾਹ ਸੀ। ਗੁਜ਼ਾਰਾ ਤੋਰਨ ਲਈ ਸਾਡੀ ਮਾਂ ਨੂੰ ਬਹੁਤ ਮਿਹਨਤ ਕਰਨੀ ਪਈ ਅਤੇ ਮੈਨੂੰ ਵੀ ਆਪਣੀਆਂ ਛੋਟੀਆਂ ਭੈਣਾਂ ਦੀ ਕਾਫ਼ੀ ਦੇਖ-ਭਾਲ ਕਰਨੀ ਪਈ। ਇਸ ਕਰਕੇ ਮੈਨੂੰ ਬਚਪਨ ਵਿਚ ਬਹੁਤ ਜ਼ਿੰਮੇਵਾਰੀ ਚੁੱਕਣੀ ਪਈ ਜੋ ਮੇਰੇ ਲਈ ਬਹੁਤ ਮੁਸ਼ਕਲ ਸੀ। ਹੁਣ ਵੀ ਮੈਂ ਜ਼ਿਆਦਾ ਹੱਸਦੀ ਖੇਡਦੀ ਨਹੀਂ। ਜਦੋਂ ਮੇਰੀਆਂ ਕੁੜੀਆਂ ਨੂੰ ਤਾੜਨਾ ਦੀ ਲੋੜ ਪੈਂਦੀ ਹੈ, ਤਾਂ ਮੈਂ ਉਨ੍ਹਾਂ ਦੀਆਂ ਗ਼ਲਤੀਆਂ ਬਾਰੇ ਸੋਚਦੀ ਰਹਿੰਦੀ ਹਾਂ। ਮੈਂ ਜਾਣਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਅਤੇ ਉਹ ਕੀ ਸੋਚ ਰਹੀਆਂ ਸਨ। ਇਸ ਦੇ ਉਲਟ ਮੇਰਾ ਪਤੀ ਮਾਰਕ ਜ਼ਿਆਦਾ ਸਮੇਂ ਲਈ ਇਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ। ਉਸ ਦਾ ਪਿਤਾ ਉਸ ਨਾਲ ਪਿਆਰ ਕਰਦਾ ਸੀ, ਪਰ ਤਾੜਨਾ ਦੇਣ ਵੇਲੇ ਆਪਣੇ ਅਸੂਲਾਂ ਦਾ ਪੱਕਾ ਸੀ। ਉਹ ਮਾਰਕ ਦੀ ਮਾਂ ਦਾ ਵੀ ਬਹੁਤ ਖ਼ਿਆਲ ਰੱਖਦਾ ਸੀ। ਮੇਰਾ ਪਤੀ ਕੁੜੀਆਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਵਿਚ ਦੇਰ ਨਹੀਂ ਕਰਦਾ ਅਤੇ ਉਹ ਮਾਮਲਾ ਸੁਲਝਾ ਕੇ ਉਸ ਬਾਰੇ ਸੋਚਦਾ ਨਹੀਂ ਰਹਿੰਦਾ।

ਜੌਨ ਅਤੇ ਕੈਰਲ ਦੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਤੁਹਾਡੀ ਪਰਵਰਿਸ਼ ਦਾ ਅਸਰ ਤੁਹਾਡੇ ਬੱਚਿਆਂ ’ਤੇ ਵੀ ਜ਼ਰੂਰ ਪਵੇਗਾ। ਮਾਪਿਆਂ ਦੇ ਵੱਖਰੇ ਪਿਛੋਕੜ ਹੋਣ ਕਾਰਨ ਉਹ ਸ਼ਾਇਦ ਹਮੇਸ਼ਾ ਸਹਿਮਤ ਨਾ ਹੋਣ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਲਾਈ ਦੇਣੀ ਚਾਹੀਦੀ ਹੈ। ਕਈ ਵਾਰ ਇਸ ਫ਼ਰਕ ਕਾਰਨ ਪਤੀ-ਪਤਨੀ ਵਿਚਕਾਰ ਟੈਂਸ਼ਨ ਵਧਦੀ ਹੈ।

ਥਕਾਵਟ ਕਾਰਨ ਟੈਂਸ਼ਨ ਹੋਰ ਵੀ ਵਧ ਸਕਦੀ ਹੈ। ਪਹਿਲਾ ਬੱਚਾ ਹੋਣ ਤੇ ਮਾਪਿਆਂ ਨੂੰ ਛੇਤੀ ਪਤਾ ਲੱਗ ਜਾਂਦਾ ਹੈ ਕਿ ਬੱਚਿਆਂ ਨੂੰ ਪਾਲਣਾ ਬਹੁਤ ਮੁਸ਼ਕਲ ਹੈ ਅਤੇ ਉਨ੍ਹਾਂ ਨੂੰ 24-ਘੰਟੇ ਇਸ ਵਿਚ ਲੱਗੇ ਰਹਿਣਾ ਪੈਂਦਾ ਹੈ। ਜੈਸਿਕਾ ਅਤੇ ਡੈਰਨ ਦੀਆਂ ਦੋ ਕੁੜੀਆਂ ਹਨ। ਜੈਸਿਕਾ ਕਹਿੰਦੀ ਹੈ ਕਿ “ਮੈਂ ਆਪਣੀਆਂ ਕੁੜੀਆਂ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਉਹ ਸੌਣ ਵੇਲੇ ਮੇਰਾ ਕਹਿਣਾ ਬਹੁਤ ਘੱਟ ਹੀ ਮੰਦੀਆਂ ਸਨ। ਜਦੋਂ ਉਨ੍ਹਾਂ ਨੂੰ ਸੁੱਤੇ ਹੋਣਾ ਚਾਹੀਦਾ ਸੀ ਉਹ ਉੱਠ ਜਾਂਦੀਆਂ ਸਨ। ਜਦੋਂ ਮੈਂ ਗੱਲ ਕਰਨੀ ਚਾਹੁੰਦੀ ਸੀ ਉਹ ਮੇਰੀ ਗੱਲ ਟੋਕਦੀਆਂ ਰਹਿੰਦੀਆਂ ਸਨ। ਉਹ ਆਪਣੀਆਂ ਜੁੱਤੀਆਂ, ਕੱਪੜੇ, ਖੇਡਾਂ ਅਤੇ ਹੋਰਨਾਂ ਚੀਜ਼ਾਂ ਦਾ ਖਿਲਾਰਾ ਪਾਈ ਰੱਖਦੀਆਂ ਸਨ।”

ਜਦ ਜੈਕ ਅਤੇ ਉਸ ਦੀ ਪਤਨੀ ਦਾ ਦੂਜਾ ਬੱਚਾ ਹੋਇਆ, ਤਾਂ ਉਸ ਦੀ ਪਤਨੀ ਨੂੰ ਡਿਪਰੈਸ਼ਨ ਹੋ ਗਿਆ ਸੀ। ਜੈਕ ਦੱਸਦਾ ਹੈ ਕਿ “ਕਈ ਵਾਰ ਮੈਂ ਕੰਮ ਤੋਂ ਥੱਕਿਆ ਟੁੱਟਿਆ ਆਉਂਦਾ ਸੀ ਅਤੇ ਫਿਰ ਮੈਨੂੰ ਅੱਧੀ ਰਾਤ ਤਕ ਆਪਣੇ ਬੱਚੇ ਦੀ ਦੇਖ-ਭਾਲ ਕਰਨੀ ਪੈਂਦੀ ਸੀ। ਇਸ ਲਈ ਸਾਡੀ ਵੱਡੀ ਕੁੜੀ ਨੂੰ ਤਾੜਨਾ ਅਤੇ ਸਿਖਲਾਈ ਦੇਣੀ ਮੁਸ਼ਕਲ ਹੋ ਗਿਆ ਸੀ। ਉਸ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਅਸੀਂ ਹੁਣ ਉਸ ਦੀ ਛੋਟੀ ਭੈਣ ਨਾਲ ਆਪਣਾ ਪਿਆਰ ਵੰਡ ਰਹੇ ਸੀ।”

ਜਦ ਮਾਪੇ ਥੱਕੇ ਹੁੰਦੇ ਹਨ ਅਤੇ ਉਹ ਤਾੜਨਾ ਦੇਣ ਬਾਰੇ ਸਹਿਮਤ ਨਹੀਂ ਹੁੰਦੇ, ਤਾਂ ਛੋਟੀਆਂ-ਛੋਟੀਆਂ ਗੱਲਾਂ ਕਾਰਨ ਲੜਾਈ-ਝਗੜੇ ਸ਼ੁਰੂ ਹੋ ਸਕਦੇ ਹਨ। ਸਮੱਸਿਆਵਾਂ ਪੈਦਾ ਹੋਣ ’ਤੇ ਜੇ ਇਨ੍ਹਾਂ ਨੂੰ ਸੁਲਝਾਇਆ ਨਾ ਜਾਵੇ, ਤਾਂ ਇਹ ਪਤੀ-ਪਤਨੀ ਦੇ ਰਿਸ਼ਤੇ ਵਿਚ ਦਰਾੜ ਪਾ ਸਕਦੀਆਂ ਹਨ। ਜੇ ਇਸ ਤਰ੍ਹਾਂ ਹੋ ਜਾਵੇ, ਤਾਂ ਬੱਚਾ ਇਸ ਦਾ ਫ਼ਾਇਦਾ ਉਠਾਵੇਗਾ। ਬਾਈਬਲ ਦੇ ਕਿਹੜੇ ਅਸੂਲ ਮਾਪਿਆਂ ਦੀ ਮਦਦ ਕਰ ਸਕਣਗੇ ਤਾਂਕਿ ਉਹ ਇਕ-ਦੂਜੇ ਦੇ ਨਜ਼ਦੀਕ ਰਹਿ ਕੇ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ?

ਆਪਣੇ ਸਾਥੀ ਨਾਲ ਸਮਾਂ ਗੁਜ਼ਾਰੋ

ਵਿਆਹ ਦਾ ਬੰਧਨ ਨਾ ਸਿਰਫ਼ ਬੱਚੇ ਹੋਣ ਤੋਂ ਪਹਿਲਾਂ ਮਜ਼ਬੂਤ ਹੋਣਾ ਚਾਹੀਦਾ ਹੈ, ਸਗੋਂ ਜਦੋਂ ਬੱਚੇ ਵੱਡੇ ਹੋ ਕੇ ਘਰ ਛੱਡ ਕੇ ਚੱਲੇ ਜਾਂਦੇ ਹਨ ਉਸ ਤੋਂ ਬਾਅਦ ਵੀ ਇਹ ਬੰਧਨ ਮਜ਼ਬੂਤ ਰਹਿਣਾ ਚਾਹੀਦਾ ਹੈ। ਵਿਆਹ ਦੇ ਬੰਧਨ ਬਾਰੇ ਬਾਈਬਲ ਕਹਿੰਦੀ ਹੈ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:6) ਬਾਈਬਲ ਵਿਚ ਇਹ ਵੀ ਲਿਖਿਆ ਹੈ ਕਿ ਪਰਮੇਸ਼ੁਰ ਦਾ ਇਰਾਦਾ ਸੀ ਕਿ ਬੱਚੇ ਵੱਡੇ ਹੋ ਕੇ ‘ਆਪਣੇ ਮਾਪਿਆਂ ਨੂੰ ਛੱਡ’ ਕੇ ਆਪਣਾ ਘਰ ਵਸਾਉਣਗੇ। (ਮੱਤੀ 19:5) ਬੱਚਿਆਂ ਨੂੰ ਪਾਲਣਾ ਵਿਆਹ ਦਾ ਇਕ ਹਿੱਸਾ ਹੈ, ਪਰ ਵਿਆਹ ਦੀ ਨੀਂਹ ਨਹੀਂ। ਇਹ ਸੱਚ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਮਿਹਨਤ ਕਰਨੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਦੇ ਵਿਆਹ ਦਾ ਰਿਸ਼ਤਾ ਮਜ਼ਬੂਤ ਹੈ, ਤਾਂ ਹੀ ਉਹ ਚੰਗੇ ਮਾਪੇ ਬਣ ਸਕਣਗੇ।

ਬੱਚਿਆਂ ਦੀ ਪਰਵਰਿਸ਼ ਕਰਦੇ ਸਮੇਂ ਮਾਪੇ ਆਪਣਾ ਰਿਸ਼ਤਾ ਮਜ਼ਬੂਤ ਕਿਵੇਂ ਰੱਖ ਸਕਦੇ ਹਨ? ਜੇ ਹੋ ਸਕੇ ਇਕ ਅਜਿਹਾ ਸਮਾਂ ਤੈ ਕਰੋ ਜਦ ਤੁਸੀਂ ਬੱਚਿਆਂ ਤੋਂ ਬਿਨਾਂ ਸਮਾਂ ਗੁਜ਼ਾਰ ਸਕੋ। ਇਸ ਤਰ੍ਹਾਂ ਤੁਸੀਂ ਨਾ ਸਿਰਫ਼ ਪਰਿਵਾਰ ਦੇ ਮਾਮਲਿਆਂ ਬਾਰੇ ਗੱਲ ਕਰ ਸਕੋਗੇ, ਪਰ ਤੁਸੀਂ ਇਕ-ਦੂਜੇ ਨਾਲ ਵੀ ਸਮਾਂ ਬਿਤਾ ਸਕੋਗੇ। ਇਹ ਸੱਚ ਹੈ ਕਿ ਇਕ ਦੂਸਰੇ ਲਈ ਸਮਾਂ ਕੱਢਣਾ ਸੌਖਾ ਨਹੀਂ ਹੈ। ਐਲੀਸਨ, ਜਿਸ ਦਾ ਉੱਪਰ ਜ਼ਿਕਰ ਕੀਤਾ ਗਿਆ ਸੀ, ਨੇ ਕਿਹਾ: “ਜਦ ਵੀ ਸਾਨੂੰ ਪੰਜ ਮਿੰਟ ਮਿਲਦੇ ਸਨ ਸਾਡੀ ਛੋਟੀ ਕੁੜੀ ਸਾਡਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੀ ਸੀ ਅਤੇ ਸਾਡੀ ਛੇ ਸਾਲਾਂ ਦੀ ਲੜਕੀ ਉੱਤੇ ਕੋਈ ਵੱਡੀ ਆਫ਼ਤ ਆ ਜਾਂਦੀ ਸੀ ਜਿਵੇਂ ਕਿ ਆਪਣੀ ਪੈਂਸਿਲ ਗੁਆ ਲੈਣੀ।”

ਡੈਰਨ ਅਤੇ ਜੈਸਿਕਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਆਪਣੀਆਂ ਕੁੜੀਆਂ ਲਈ ਸ਼ਾਮ ਨੂੰ ਸੌਣ ਦਾ ਇਕ ਪੱਕਾ ਸਮਾਂ ਤੈ ਕੀਤਾ ਸੀ ਤਾਂਕਿ ਉਹ ਇਕ-ਦੂਜੇ ਨਾਲ ਸਮਾਂ ਬਿਤਾ ਸਕਣ। ਜੈਸਿਕਾ ਕਹਿੰਦੀ ਹੈ: “ਸਾਡੀਆਂ ਕੁੜੀਆਂ ਨੂੰ ਪਤਾ ਸੀ ਕਿ ਉਸ ਸਮੇਂ ਉਨ੍ਹਾਂ ਨੂੰ ਬੱਤੀਆਂ ਬੰਦ ਕਰ ਕੇ ਸੌਣਾ ਪੈਂਦਾ ਸੀ। ਇਸ ਤਰ੍ਹਾਂ ਕਰਨ ਨਾਲ ਸਾਨੂੰ ਆਰਾਮ ਨਾਲ ਬੈਠ ਕੇ ਗੱਲਾਂ ਕਰਨ ਦਾ ਸਮਾਂ ਮਿਲਦਾ ਸੀ।”

ਬੱਚਿਆਂ ਲਈ ਸੌਣ ਦਾ ਇਕ ਸਮਾਂ ਤੈ ਕਰਨਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਮਾਪੇ ਨਾ ਸਿਰਫ਼ ਆਪਣੇ ਲਈ ਸਮਾਂ ਕੱਢ ਸਕਣਗੇ, ਪਰ ਬੱਚੇ ਦੀ ਵੀ ਮਦਦ ਕਰਨਗੇ ਤਾਂਕਿ ਉਹ “ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ।” (ਰੋਮੀਆਂ 12:3) ਬੱਚਿਆਂ ਨੂੰ ਇਸ ਤਰ੍ਹਾਂ ਸਿਖਾਉਣ ਨਾਲ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਭਾਵੇਂ ਉਹ ਪਰਿਵਾਰ ਦੇ ਜ਼ਰੂਰੀ ਮੈਂਬਰ ਹਨ, ਪਰ ਪਰਿਵਾਰ ਦੇ ਹੋਰ ਵੀ ਜੀਅ ਹਨ। ਬੱਚਿਆਂ ਨੂੰ ਮਾਪਿਆਂ ਦੀ ਤੈ ਕੀਤੀ ਹੋਈ ਰੁਟੀਨ ਉੱਤੇ ਚੱਲਣਾ ਚਾਹੀਦਾ ਹੈ ਨਾ ਕਿ ਆਪਣੀ ਹੀ ਹਰ ਜ਼ਿੱਦ ’ਤੇ।

ਸੁਝਾਅ: ਬੱਚਿਆਂ ਲਈ ਸੌਣ ਦਾ ਇਕ ਸਮਾਂ ਤੈ ਕਰੋ ਅਤੇ ਇਸ ਨੂੰ ਨਾ ਬਦਲੋ। ਫ਼ਰਜ਼ ਕਰੋ ਕਿ ਬੱਚੇ ਦੇ ਸੌਣ ਦੇ ਵੇਲੇ ਉਹ ਪਾਣੀ ਮੰਗਦਾ ਹੈ ਜਾਂ ਕੋਈ ਹੋਰ ਵਜ੍ਹਾ ਕਾਰਨ ਕਹਿੰਦਾ ਹੈ ਕਿ ਉਹ ਸੌਂ ਨਹੀਂ ਸਕਦਾ। ਤੁਸੀਂ ਸ਼ਾਇਦ ਉਸ ਦੀ ਇਕ ਮੰਗ ਪੂਰੀ ਕਰੋ, ਲੇਕਿਨ ਬੱਚੇ ਦੀ ਹਰ ਮੰਗ ਪੂਰੀ ਨਾ ਕਰੋ। ਹੋ ਸਕਦਾ ਹੈ ਕਿ ਤੁਹਾਡਾ ਬੱਚਾ ਮਿੰਨਤਾਂ ਕਰੇ ਕਿ ਉਹ ਪੰਜ ਮਿੰਟ ਹੋਰ ਜਾਗਦਾ ਰਹੇ। ਜੇ ਤੁਸੀਂ ਇਸ ਮੰਗ ਨੂੰ ਪੂਰੀ ਕਰਨੀ ਚਾਹੁੰਦੇ ਹੋ, ਤਾਂ ਪੰਜ ਮਿੰਟਾਂ ਦਾ ਅਲਾਰਮ ਲਾਓ। ਜਦ ਘੰਟੀ ਵੱਜਦੀ ਹੈ ਬੱਚੇ ਨੂੰ ਹੋਰ ਕੋਈ ਬਹਾਨਾ ਬਣਾਉਣ ਨਾ ਦਿਓ, ਸਗੋਂ ਉਸ ਨੂੰ ਸੌਣ ਲਈ ਕਹੋ। ਇਹ ਜ਼ਰੂਰੀ ਹੈ ਕਿ ਤੁਹਾਡੀ “ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।”—ਮੱਤੀ 5:37.

ਇਕ ਗੱਲ ’ਤੇ ਸਹਿਮਤ ਹੋਵੋ

ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।” (ਕਹਾਉਤਾਂ 1:8) ਇਸ ਤੋਂ ਪਤਾ ਲੱਗਦਾ ਹੈ ਕਿ ਮਾਂ-ਪਿਉ ਦੋਹਾਂ ਦਾ ਹੱਕ ਹੈ ਕਿ ਉਹ ਆਪਣੇ ਬੱਚਿਆਂ ਉੱਤੇ ਅਧਿਕਾਰ ਰੱਖਣ। ਭਾਵੇਂ ਦੋਹਾਂ ਮਾਪਿਆਂ ਦਾ ਇੱਕੋ ਜਿਹਾ ਪਾਲਣ-ਪੋਸਣ ਹੋਇਆ ਹੋਵੇ, ਫਿਰ ਵੀ ਉਹ ਸ਼ਾਇਦ ਇਸ ਬਾਰੇ ਸਹਿਮਤ ਨਾ ਹੋਣ ਕਿ ਬੱਚਿਆਂ ਨੂੰ ਤਾੜਨਾ ਕਿਵੇਂ ਦਿੱਤੀ ਜਾਵੇ ਅਤੇ ਘਰ ਦੇ ਕਿਹੜੇ ਅਸੂਲ ਲਾਗੂ ਕੀਤੇ ਜਾਣ। ਇਸ ਹਾਲਤ ਵਿਚ ਮਾਪੇ ਕੀ ਕਰ ਸਕਦੇ ਹਨ?

ਜੌਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਸਾਮ੍ਹਣੇ ਬਹਿਸ ਨਾ ਕਰੀਏ।” ਪਰ ਉਹ ਮੰਨਦਾ ਹੈ ਕਿ ਇਸ ਤਰ੍ਹਾਂ ਕਰਨਾ ਸੌਖਾ ਨਹੀਂ। ਉਹ ਅੱਗੇ ਕਹਿੰਦਾ ਹੈ ਕਿ “ਬੱਚੇ ਬਹੁਤ ਚੁਸਤ ਹੁੰਦੇ ਹਨ। ਭਾਵੇਂ ਅਸੀਂ ਆਪਣੀ ਕੁੜੀ ਦੇ ਸਾਮ੍ਹਣੇ ਬਹਿਸ ਨਾ ਵੀ ਕੀਤੀ ਹੋਵੇ, ਪਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਠੀਕ ਨਹੀਂ।”

ਜੌਨ ਅਤੇ ਐਲੀਸਨ ਇਸ ਮੁਸ਼ਕਲ ਬਾਰੇ ਕੀ ਕਰਦੇ ਹਨ? ਐਲੀਸਨ ਕਹਿੰਦੀ ਹੈ: “ਜੇ ਮੇਰਾ ਪਤੀ ਸਾਡੀ ਧੀ ਨੂੰ ਤਾੜਦਾ ਹੈ, ਪਰ ਮੈਨੂੰ ਉਸ ਦਾ ਤਰੀਕਾ ਗ਼ਲਤ ਲੱਗਦਾ ਹੈ, ਤਾਂ ਮੈਂ ਬੱਚੀ ਦੇ ਸਾਮ੍ਹਣੇ ਨਹੀਂ, ਪਰ ਬਾਅਦ ਵਿਚ ਆਪਣੇ ਪਤੀ ਨਾਲ ਇਸ ਬਾਰੇ ਗੱਲ ਕਰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਉਹ ਦੇਖੇ ਕਿ ਸਾਡੇ ਵੱਖੋ-ਵੱਖਰੇ ਖ਼ਿਆਲ ਹਨ ਅਤੇ ਇਸ ਦਾ ਫ਼ਾਇਦਾ ਉਠਾ ਕੇ ਸਾਡੇ ਵਿਚ ਫੁੱਟ ਪਾਵੇ। ਜੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਇਕ ਦੂਸਰੇ ਨਾਲ ਸਹਿਮਤ ਨਹੀਂ, ਤਾਂ ਮੈਂ ਉਸ ਨੂੰ ਸਮਝਾਉਂਦੀ ਹਾਂ ਕਿ ਅਸੀਂ ਸਾਰੇ ਯਹੋਵਾਹ ਦੇ ਅਧੀਨ ਹਾਂ। ਮੈਨੂੰ ਵੀ ਉਸ ਦੇ ਡੈਡੀ ਦੇ ਅਧੀਨ ਹੋ ਕੇ ਉਸ ਦਾ ਕਹਿਣਾ ਮੰਨਣਾ ਪੈਂਦਾ ਹੈ ਅਤੇ ਉਸ ਨੂੰ ਵੀ ਮੰਮੀ-ਡੈਡੀ ਦਾ ਕਹਿਣਾ ਮੰਨਣਾ ਚਾਹੀਦਾ ਹੈ।” (1 ਕੁਰਿੰਥੀਆਂ 11:3; ਅਫ਼ਸੀਆਂ 6:1-3) ਜੌਨ ਕਹਿੰਦਾ ਹੈ: “ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ, ਤਾਂ ਮੈਂ ਹੀ ਆਪਣੀਆਂ ਕੁੜੀਆਂ ਨੂੰ ਤਾੜਨਾ ਦਿੰਦਾ ਹਾਂ। ਪਰ ਜੇ ਐਲੀਸਨ ਨੂੰ ਕਿਸੇ ਮਾਮਲੇ ਬਾਰੇ ਜ਼ਿਆਦਾ ਪਤਾ ਹੋਵੇ, ਤਾਂ ਤਾੜਨਾ ਉਹ ਦਿੰਦੀ ਹੈ ਅਤੇ ਇਸ ਵਿਚ ਮੈਂ ਉਸ ਦਾ ਸਾਥ ਦਿੰਦਾ ਹਾਂ। ਜੇ ਮੈਂ ਕਿਸੇ ਗੱਲ ਵਿਚ ਉਸ ਨਾਲ ਸਹਿਮਤ ਨਹੀਂ, ਤਾਂ ਮੈਂ ਉਸ ਨਾਲ ਬਾਅਦ ਵਿਚ ਗੱਲ ਕਰਦਾ ਹਾਂ।”

ਜੇ ਤੁਸੀਂ ਬੱਚਿਆਂ ਦੇ ਪਾਲਣ-ਪੋਸਣ ਬਾਰੇ ਸਹਿਮਤ ਨਹੀਂ ਹੋ, ਤਾਂ ਤੁਸੀਂ ਇਸ ਨੂੰ ਆਪਸ ਵਿਚ ਫੁੱਟ ਪਾਉਣ ਤੋਂ ਕਿੱਦਾਂ ਰੋਕ ਸਕਦੇ ਹੋ? ਇਸ ਦੇ ਨਾਲ-ਨਾਲ ਤੁਸੀਂ ਆਪਣੇ ਬੱਚਿਆਂ ਦੀ ਇੱਜ਼ਤ ਕਿਵੇਂ ਰੱਖ ਸਕਦੇ ਹੋ?

ਸੁਝਾਅ: ਹਰ ਹਫ਼ਤੇ ਸਮਾਂ ਕੱਢ ਕੇ ਬੱਚਿਆਂ ਦੇ ਪਾਲਣ-ਪੋਸਣ ਬਾਰੇ ਗੱਲਬਾਤ ਕਰੋ ਅਤੇ ਕਿਸੇ ਅਸਹਿਮਤੀ ਬਾਰੇ ਦਿਲ ਖੋਲ੍ਹ ਕੇ ਗੱਲ ਕਰੋ। ਆਪਣੇ ਸਾਥੀ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਅਤੇ ਯਾਦ ਰੱਖੋ ਕਿ ਬੱਚੇ ਨਾਲ ਉਸ ਦਾ ਆਪਣਾ ਵੀ ਰਿਸ਼ਤਾ ਹੈ।

ਇਕ-ਦੂਜੇ ਦਾ ਸਹਾਰਾ ਬਣੋ

ਬਿਨਾਂ ਸ਼ੱਕ ਬੱਚਿਆਂ ਦੀ ਪਰਵਰਿਸ਼ ਕਰਨੀ ਔਖੀ ਹੈ। ਕਈ ਵਾਰ ਤੁਹਾਨੂੰ ਸ਼ਾਇਦ ਲੱਗੇ ਕਿ ਇਸ ਵਿਚ ਹੀ ਤੁਹਾਡਾ ਸਾਰਾ ਸਮਾਂ ਨਿਕਲ ਜਾਂਦਾ ਹੈ। ਇਕ ਦਿਨ ਤੁਹਾਡੇ ਬੱਚੇ ਵੱਡੇ ਹੋ ਕੇ ਆਪਣਾ ਘਰ ਵਸਾਉਣਗੇ ਫਿਰ ਤੁਸੀਂ ਦੋਨੇ ਇਕੱਲੇ ਰਹਿ ਜਾਓਗੇ। ਕੀ ਬੱਚੇ ਪਾਲ ਕੇ ਤੁਹਾਡਾ ਬੰਧਨ ਮਜ਼ਬੂਤ ਬਣੇਗਾ ਜਾਂ ਕਮਜ਼ੋਰ ਪੈ ਜਾਵੇਗਾ? ਇਸ ਦਾ ਜਵਾਬ ਇਸ ਉੱਤੇ ਨਿਰਭਰ ਕਰੇਗਾ ਕਿ ਤੁਸੀਂ ਉਪਦੇਸ਼ਕ ਦੀ ਪੋਥੀ 4:9, 10 ਵਿਚ ਲਿਖੀ ਗੱਲ ਨੂੰ ਕਿਸ ਹੱਦ ਤਕ ਲਾਗੂ ਕਰਦੇ ਹੋ: “ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”

ਜਦ ਮਾਪੇ ਇਕ-ਦੂਜੇ ਦਾ ਸਹਾਰਾ ਬਣਦੇ ਹਨ, ਤਾਂ ਇਸ ਦਾ ਚੰਗਾ ਨਤੀਜਾ ਨਿਕਲਦਾ ਹੈ। ਕੈਰਲ, ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਜਾਣਦੀ ਸੀ ਕਿ ਮੇਰੇ ਪਤੀ ਵਿਚ ਬਹੁਤ ਸਾਰੇ ਚੰਗੇ ਗੁਣ ਹਨ, ਪਰ ਬੱਚੇ ਪਾਲਣ ਨਾਲ ਮੈਂ ਉਸ ਵਿਚ ਹੋਰ ਵੀ ਗੁਣ ਦੇਖੇ। ਇਹ ਦੇਖ ਕੇ ਕਿ ਉਸ ਨੇ ਕੁੜਿਆਂ ਦੀ ਪਿਆਰ ਨਾਲ ਕਿਵੇਂ ਦੇਖ-ਭਾਲ ਕੀਤੀ, ਮੈਂ ਹੁਣ ਉਸ ਦੀ ਹੋਰ ਵੀ ਕਦਰ ਕਰਦੀ ਹਾਂ ਅਤੇ ਮੇਰਾ ਉਸ ਲਈ ਪਿਆਰ ਵਧਿਆ ਹੈ।” ਜੌਨ ਨੇ ਐਲੀਸਨ ਬਾਰੇ ਕਿਹਾ: “ਮੈਂ ਆਪਣੀ ਪਤਨੀ ਦੀ ਬਹੁਤ ਤਾਰੀਫ਼ ਕਰਦਾ ਹਾਂ ਕਿ ਉਹ ਕਿੰਨੀ ਚੰਗੀ ਮਾਂ ਬਣੀ ਹੈ ਅਤੇ ਮੇਰਾ ਉਸ ਲਈ ਪਿਆਰ ਵਧ ਗਿਆ ਹੈ।”

ਜੇ ਤੁਸੀਂ ਆਪਣੇ ਸਾਥੀ ਨਾਲ ਸਮਾਂ ਗੁਜ਼ਾਰੋਗੇ ਅਤੇ ਮਿਲ ਕੇ ਆਪਣੇ ਬੱਚਿਆਂ ਦੀ ਪਾਲਣਾ ਕਰੋਗੇ, ਤਾਂ ਜਿੱਦਾਂ ਤੁਹਾਡੇ ਬੱਚੇ ਵੱਡੇ ਹੋਣਗੇ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਜਾਵੇਗਾ। ਤੁਸੀਂ ਆਪਣੇ ਬੱਚਿਆਂ ਲਈ ਇਸ ਤੋਂ ਬਿਹਤਰ ਕਿਹੜੀ ਮਿਸਾਲ ਕਾਇਮ ਕਰ ਸਕਦੇ ਹੋ? (w09 2/1)

^ ਪੈਰਾ 3 ਨਾਂ ਬਦਲੇ ਗਏ ਹਨ।

ਆਪਣੇ ਆਪ ਨੂੰ ਪੁੱਛੋ . . .

  • ਮੈਂ ਆਪਣੇ ਸਾਥੀ ਨਾਲ ਬੱਚਿਆਂ ਤੋਂ ਬਿਨਾਂ ਹਰ ਹਫ਼ਤੇ ਕਿੰਨਾ ਕੁ ਸਮਾਂ ਗੁਜ਼ਾਰਦਾ ਜਾਂ ਗੁਜ਼ਾਰਦੀ ਹਾਂ?

  • ਜਦ ਮੇਰਾ ਸਾਥੀ ਸਾਡੇ ਬੱਚਿਆਂ ਨੂੰ ਤਾੜਨਾ ਦਿੰਦਾ ਜਾਂ ਦਿੰਦੀ ਹੈ, ਤਾਂ ਮੈਂ ਉਸ ਦਾ ਸਾਥ ਕਿਵੇਂ ਦਿੰਦਾ ਜਾਂ ਦਿੰਦੀ ਹਾਂ?