Skip to content

Skip to table of contents

ਉਹ ਕਾਇਫ਼ਾ ਦੇ ਪਰਿਵਾਰ ਵਿੱਚੋਂ ਸੀ

ਉਹ ਕਾਇਫ਼ਾ ਦੇ ਪਰਿਵਾਰ ਵਿੱਚੋਂ ਸੀ

ਕਈ ਵਾਰ ਅਜਿਹੀਆਂ ਪੁਰਾਣੀਆਂ ਚੀਜ਼ਾਂ ਲੱਭਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਜ਼ਿਕਰ ਕੀਤਾ ਗਿਆ ਕੋਈ ਵਿਅਕਤੀ ਸੱਚ-ਮੁੱਚ ਹੋਇਆ ਸੀ। ਮਿਸਾਲ ਲਈ, 2011 ਵਿਚ ਇਜ਼ਰਾਈਲੀ ਵਿਦਵਾਨਾਂ ਨੇ ਇਕ ਪੁਰਾਣੀ ਚੀਜ਼ ਬਾਰੇ ਜਾਣਕਾਰੀ ਛਾਪੀ। ਉਹ ਚੀਜ਼ ਕੀ ਸੀ? 2,000 ਸਾਲ ਪੁਰਾਣਾ ਅਸਥੀ-ਪਾਤਰ। ਅਸਥੀ-ਪਾਤਰ ਪੱਥਰ ਦਾ ਬਣਿਆ ਬਕਸਾ ਹੁੰਦਾ ਸੀ ਜਿਸ ਵਿਚ ਮਰੇ ਵਿਅਕਤੀ ਦੀਆਂ ਹੱਡੀਆਂ ਰੱਖੀਆਂ ਜਾਂਦੀਆਂ ਸਨ। ਜਦ ਕਬਰ ਵਿਚ ਪਈ ਲਾਸ਼ ਦੀਆਂ ਸਿਰਫ਼ ਹੱਡੀਆਂ ਰਹਿ ਜਾਂਦੀਆਂ ਸਨ, ਤਾਂ ਇਹ ਅਸਥੀ-ਪਾਤਰ ਵਿਚ ਰੱਖ ਦਿੱਤੀਆਂ ਜਾਂਦੀਆਂ ਸਨ।

ਇਸ ਬਕਸੇ ’ਤੇ ਲਿਖਿਆ ਹੈ: “ਮਿਰਯਮ ਸਪੁੱਤਰੀ ਯੇਸ਼ੂਆ ਸਪੁੱਤਰ ਕਾਇਫ਼ਾ ਜੋ ਬੈਤ ਇਮਰੀ ਤੋਂ ਮਅਜ਼ਯਾਹ ਦਾ ਪੁਜਾਰੀ ਸੀ।” ਜਦ ਯਿਸੂ ’ਤੇ ਮੁਕੱਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ, ਤਾਂ ਉਸ ਸਮੇਂ ਕਾਇਫ਼ਾ ਮਹਾਂ ਪੁਜਾਰੀ ਸੀ। (ਯੂਹੰ. 11:48-50) ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਆਪਣੀਆਂ ਲਿਖਤਾਂ ਵਿਚ ਇਸ ਮਹਾਂ ਪੁਜਾਰੀ ਦੇ ਦੂਜੇ ਨਾਂ ਦਾ ਵੀ ਜ਼ਿਕਰ ਕੀਤਾ ਸੀ: “ਯੂਸੁਫ਼ ਜਿਸ ਨੂੰ ਕਾਇਫ਼ਾ ਵੀ ਕਿਹਾ ਜਾਂਦਾ ਹੈ।” ਮੰਨਿਆ ਜਾਂਦਾ ਹੈ ਕਿ ਇਹ ਅਸਥੀ-ਪਾਤਰ ਉਸ ਦੇ ਕਿਸੇ ਰਿਸ਼ਤੇਦਾਰ ਲਈ ਵਰਤਿਆ ਗਿਆ ਸੀ। ਇਸ ਤੋਂ ਪਹਿਲਾਂ ਇਕ ਹੋਰ ਅਸਥੀ-ਪਾਤਰ ਮਿਲਿਆ ਸੀ ਜੋ ਸ਼ਾਇਦ ਮਹਾਂ ਪੁਜਾਰੀ ਲਈ ਵਰਤਿਆ ਗਿਆ ਸੀ ਅਤੇ ਜਿਸ ’ਤੇ ਲਿਖਿਆ ਹੋਇਆ ਸੀ, “ਯੂਸੁਫ਼ ਸਪੁੱਤਰ ਕਾਇਫ਼ਾ।” * ਇਸ ਲਈ ਮੰਨਿਆ ਜਾਂਦਾ ਹੈ ਕਿ ਮਿਰਯਮ ਕਾਇਫ਼ਾ ਦੀ ਰਿਸ਼ਤੇਦਾਰ ਸੀ।

ਇਜ਼ਰਾਈਲੀ ਵਿਦਵਾਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਿਰਯਮ ਲਈ ਵਰਤਿਆ ਬਕਸਾ ਚੋਰਾਂ ਤੋਂ ਬਰਾਮਦ ਕੀਤਾ ਗਿਆ ਸੀ ਜਿਨ੍ਹਾਂ ਨੇ ਇਸ ਨੂੰ ਇਕ ਪੁਰਾਣੀ ਕਬਰ ਤੋਂ ਚੋਰੀ ਕੀਤਾ ਸੀ। ਇਸ ਬਕਸੇ ਅਤੇ ਇਸ ’ਤੇ ਲਿਖੇ ਸ਼ਬਦਾਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਬਕਸਾ ਸੱਚ-ਮੁੱਚ ਪੁਰਾਣੇ ਜ਼ਮਾਨੇ ਦਾ ਹੈ।

ਇਸ ਬਕਸੇ ਤੋਂ ਨਵੀਂ ਜਾਣਕਾਰੀ ਵੀ ਮਿਲਦੀ ਹੈ। ਇਸ ’ਤੇ “ਮਅਜ਼ਯਾਹ” ਦਾ ਜ਼ਿਕਰ ਆਉਂਦਾ ਹੈ ਜੋ ਯਰੂਸ਼ਲਮ ਦੇ ਮੰਦਰ ਵਿਚ ਵਾਰੀ ਸਿਰ ਸੇਵਾ ਕਰਨ ਵਾਲੇ ਪੁਜਾਰੀਆਂ ਦੇ 24 ਦਲਾਂ ਵਿੱਚੋਂ ਆਖ਼ਰੀ ਦਲ ਸੀ। (1 ਇਤ. 24:18) ਇਜ਼ਰਾਈਲੀ ਵਿਦਵਾਨਾਂ ਮੁਤਾਬਕ ਬਕਸੇ ’ਤੇ ਲਿਖੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ “ਕਾਇਫ਼ਾ ਦਾ ਪਰਿਵਾਰ ਮਅਜ਼ਯਾਹ ਦੇ ਦਲ ਵਿੱਚੋਂ ਸੀ।”

ਇਸ ’ਤੇ ਬੈਤ ਇਮਰੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦੇ ਦੋ ਮਤਲਬ ਹੋ ਸਕਦੇ ਹਨ। ਇਜ਼ਰਾਈਲੀ ਵਿਦਵਾਨ ਸਮਝਾਉਂਦੇ ਹਨ ਕਿ “ਇਕ ਮਤਲਬ ਹੋ ਸਕਦਾ ਹੈ ਕਿ ਬੈਤ ਇਮਰੀ ਪੁਜਾਰੀਆਂ ਦੇ ਇਕ ਪਰਿਵਾਰ ਦਾ ਨਾਂ ਸੀ ਯਾਨੀ ਇੰਮੇਰ (ਈਮੇਰ) ਦਾ ਵੰਸ਼। (ਅਜ਼. 2:36, 37; ਨਹ. 7:39-42) ਇਸ ਵੰਸ਼ ਦੇ ਮੈਂਬਰ ਮਅਜ਼ਯਾਹ ਦੇ ਦਲ ਵਿੱਚੋਂ ਸਨ। ਦੂਜਾ ਮਤਲਬ ਹੋ ਸਕਦਾ ਹੈ ਕਿ ਬੈਤ ਇਮਰੀ ਉਸ ਜਗ੍ਹਾ ਦਾ ਨਾਂ ਹੈ ਜਿੱਥੋਂ ਮਿਰਯਮ ਜਾਂ ਉਸ ਦਾ ਪਰਿਵਾਰ ਸੀ।” ਜੋ ਵੀ ਹੈ, ਮਿਰਯਮ ਲਈ ਵਰਤੇ ਬਕਸੇ ਤੋਂ ਸਬੂਤ ਮਿਲਦਾ ਹੈ ਕਿ ਬਾਈਬਲ ਅਸਲੀ ਲੋਕਾਂ ਬਾਰੇ ਦੱਸਦੀ ਹੈ ਜਿਨ੍ਹਾਂ ਦੇ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਸਨ।

^ ਪੇਰਗ੍ਰੈਫ 3 ਕਾਇਫ਼ਾ ਲਈ ਵਰਤੇ ਗਏ ਅਸਥੀ-ਪਾਤਰ ਦੇ ਸੰਬੰਧ ਵਿਚ ਪਹਿਰਾਬੁਰਜ 15 ਜਨਵਰੀ 2006, ਸਫ਼ੇ 10-13 ’ਤੇ “ਯਿਸੂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਸਰਦਾਰ ਜਾਜਕ” ਨਾਂ ਦਾ ਲੇਖ ਦੇਖੋ।