ਆਜ਼ਾਦੀ ਦੇ ਪਰਮੇਸ਼ੁਰ ਦੀ ਸੇਵਾ ਕਰੋ
ਆਜ਼ਾਦੀ ਦੇ ਪਰਮੇਸ਼ੁਰ ਦੀ ਸੇਵਾ ਕਰੋ
“ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।”—1 ਯੂਹੰ. 5:3.
ਕੀ ਤੁਸੀਂ ਜਵਾਬ ਦੇ ਸਕਦੇ ਹੋ?
ਸ਼ੈਤਾਨ ਕਿਵੇਂ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪਰਮੇਸ਼ੁਰ ਦੇ ਕਾਨੂੰਨ ਬੋਝ ਹਨ?
ਸਾਨੂੰ ਸੋਚ-ਸਮਝ ਕੇ ਦੋਸਤ ਕਿਉਂ ਬਣਾਉਣੇ ਚਾਹੀਦੇ ਹਨ?
ਆਜ਼ਾਦੀ ਦੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
1. ਯਹੋਵਾਹ ਆਪਣੀ ਆਜ਼ਾਦੀ ਕਿਵੇਂ ਵਰਤਦਾ ਹੈ ਅਤੇ ਉਸ ਨੇ ਆਦਮ ਤੇ ਹੱਵਾਹ ਨੂੰ ਕਿਹੜੀ ਆਜ਼ਾਦੀ ਦਿੱਤੀ ਸੀ?
ਸਿਰਫ਼ ਯਹੋਵਾਹ ਕੋਲ ਹੀ ਪੂਰੀ ਆਜ਼ਾਦੀ ਹੈ। ਪਰ ਉਹ ਕਦੇ ਵੀ ਇਸ ਆਜ਼ਾਦੀ ਦਾ ਗ਼ਲਤ ਇਸਤੇਮਾਲ ਨਹੀਂ ਕਰਦਾ ਤੇ ਨਾ ਹੀ ਉਹ ਆਪਣੇ ਸੇਵਕਾਂ ਦੀ ਹਰ ਗੱਲ ’ਤੇ ਕੰਟ੍ਰੋਲ ਰੱਖਦਾ ਹੈ। ਇਸ ਦੀ ਬਜਾਇ ਉਸ ਨੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਤੇ ਆਪਣੀਆਂ ਸਹੀ ਇੱਛਾਵਾਂ ਪੂਰੀਆਂ ਕਰਨ ਦੀ ਆਜ਼ਾਦੀ ਦਿੱਤੀ ਹੈ। ਮਿਸਾਲ ਲਈ, ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਸਿਰਫ਼ ਇਕ ਗੱਲੋਂ ਰੋਕਿਆ ਸੀ। ਉਨ੍ਹਾਂ ਨੂੰ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। (ਉਤ. 2:17) ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਕੋਲ ਕਿੰਨੀ ਆਜ਼ਾਦੀ ਸੀ!
2. ਆਦਮ ਤੇ ਹੱਵਾਹ ਨੇ ਪਰਮੇਸ਼ੁਰ ਵੱਲੋਂ ਦਿੱਤੀ ਆਜ਼ਾਦੀ ਕਿਉਂ ਗੁਆ ਲਈ?
2 ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਇੰਨੀ ਆਜ਼ਾਦੀ ਕਿਉਂ ਦਿੱਤੀ ਸੀ? ਕਿਉਂਕਿ ਉਸ ਨੇ ਉਨ੍ਹਾਂ ਵਿਚ ਆਪਣੇ ਵਰਗੇ ਗੁਣ ਪਾਏ ਸਨ ਤੇ ਉਨ੍ਹਾਂ ਨੂੰ ਜ਼ਮੀਰ ਦਿੱਤੀ ਸੀ। ਇਸ ਕਰਕੇ ਉਸ ਨੂੰ ਉਨ੍ਹਾਂ ਤੋਂ ਉਮੀਦ ਸੀ ਕਿ ਉਹ ਉਸ ਨੂੰ ਆਪਣਾ ਕਰਤਾਰ ਮੰਨ ਕੇ ਉਸ ਨਾਲ ਪਿਆਰ ਕਰਨਗੇ ਅਤੇ ਸਹੀ ਕੰਮ ਕਰਨਗੇ। (ਉਤ. 1:27; ਰੋਮੀ. 2:15) ਪਰ ਅਫ਼ਸੋਸ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਨੇ ਆਪਣੇ ਜੀਵਨ-ਦਾਤੇ ਦੀ ਤੇ ਉਸ ਵੱਲੋਂ ਦਿੱਤੀ ਆਜ਼ਾਦੀ ਦੀ ਕੋਈ ਕਦਰ ਨਹੀਂ ਕੀਤੀ। ਇਸ ਦੀ ਬਜਾਇ ਸ਼ੈਤਾਨ ਦੇ ਪਿੱਛੇ ਲੱਗ ਕੇ ਉਹ ਆਪਣੀ ਮਨ-ਮਰਜ਼ੀ ਕਰਨ ਲੱਗ ਪਏ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਹੋਰ ਜ਼ਿਆਦਾ ਆਜ਼ਾਦੀ ਮਿਲੇਗੀ, ਪਰ ਉਨ੍ਹਾਂ ਨੇ ਆਪਣੇ ਆਪ ਨੂੰ ਤੇ ਆਪਣੀ ਹੋਣ ਵਾਲੀ ਸੰਤਾਨ ਨੂੰ ਪਾਪ ਤੇ ਮੌਤ ਦੇ ਗ਼ੁਲਾਮ ਬਣਾ ਦਿੱਤਾ। ਇਸ ਦੇ ਭਿਆਨਕ ਨਤੀਜੇ ਨਿਕਲੇ।—ਰੋਮੀ. 5:12.
3, 4. ਪਰਮੇਸ਼ੁਰ ਦੇ ਹੁਕਮਾਂ ਦੇ ਸੰਬੰਧ ਵਿਚ ਸ਼ੈਤਾਨ ਸਾਡੇ ਮਨ ਵਿਚ ਕਿਹੜੀ ਗੱਲ ਪਾਉਣੀ ਚਾਹੁੰਦਾ ਹੈ?
3 ਜੇ ਸ਼ੈਤਾਨ ਦੋ ਮੁਕੰਮਲ ਇਨਸਾਨਾਂ ਅਤੇ ਬਹੁਤ ਸਾਰੇ ਦੂਤਾਂ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਕਰ ਸਕਦਾ ਹੈ, ਤਾਂ ਉਹ ਸਾਨੂੰ ਵੀ ਆਪਣੇ ਮਗਰ ਲਾ ਸਕਦਾ ਹੈ। ਉਹ ਅੱਜ ਵੀ ਉਹੀ ਚਾਲਾਂ ਵਰਤਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਬੋਝ ਸਮਝੀਏ ਅਤੇ ਸੋਚੀਏ ਕਿ ਇਹ ਸਾਨੂੰ ਮੌਜ-ਮਸਤੀ ਕਰਨ ਤੋਂ ਰੋਕਦੇ ਹਨ। (1 ਯੂਹੰ. 5:3) ਜੇ ਅਸੀਂ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਉਂਦੇ ਹਾਂ ਜੋ ਇਸ ਤਰ੍ਹਾਂ ਸੋਚਦੇ ਹਨ, ਤਾਂ ਸਾਡੀ ਸੋਚਣੀ ਵੀ ਉਨ੍ਹਾਂ ਵਰਗੀ ਹੋ ਜਾਵੇਗੀ। ਇਕ 24 ਸਾਲਾਂ ਦੀ ਭੈਣ ’ਤੇ ਗ਼ਲਤ ਸੰਗਤ ਦਾ ਅਸਰ ਪਿਆ ਜਿਸ ਕਰਕੇ ਉਸ ਨੇ ਨਾਜਾਇਜ਼ ਸੰਬੰਧ ਰੱਖੇ। ਉਹ ਦੱਸਦੀ ਹੈ: “ਬੁਰੇ ਦੋਸਤਾਂ ਦਾ ਮੇਰੇ ’ਤੇ ਬਹੁਤ ਮਾੜਾ ਅਸਰ ਪਿਆ। ਮੈਂ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ ਕਿਉਂਕਿ ਮੈਂ ਡਰਦੀ ਸੀ ਕਿਤੇ ਉਹ ਮੇਰੇ ਨਾਲੋਂ ਦੋਸਤੀ ਨਾ ਤੋੜ ਲੈਣ।” ਸ਼ਾਇਦ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੋਵੇ।
4 ਅਫ਼ਸੋਸ ਦੀ ਗੱਲ ਹੈ ਕਿ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਦਾ ਵੀ ਸਾਡੇ ’ਤੇ ਬੁਰਾ ਅਸਰ ਪੈ ਸਕਦਾ ਹੈ। ਇਕ ਨੌਜਵਾਨ ਭਰਾ ਕਹਿੰਦਾ ਹੈ: “ਮੈਂ ਕੁਝ ਨੌਜਵਾਨ ਗਵਾਹਾਂ ਨੂੰ ਜਾਣਦਾ ਸੀ ਜੋ ਵਿਆਹ ਕਰਾਉਣ ਦੇ ਇਰਾਦੇ ਨਾਲ ਬਾਹਰਲੇ ਮੁੰਡੇ-ਕੁੜੀਆਂ ਨਾਲ ਘੁੰਮਦੇ-ਫਿਰਦੇ ਸਨ। ਮੈਂ ਉਨ੍ਹਾਂ ਨਾਲ ਜਿੰਨਾ ਜ਼ਿਆਦਾ ਸਮਾਂ ਬਿਤਾਉਂਦਾ ਸੀ, ਉੱਨਾ ਹੀ ਮੈਂ ਉਨ੍ਹਾਂ ਵਰਗਾ ਬਣਦਾ ਜਾਂਦਾ ਸੀ। ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਕਮਜ਼ੋਰ ਹੋਣ ਲੱਗਾ। ਮੈਨੂੰ ਮੀਟਿੰਗਾਂ ਵਿਚ ਜ਼ਰਾ ਵੀ ਮਜ਼ਾ ਨਹੀਂ ਆਉਂਦਾ ਸੀ ਤੇ ਮੈਂ ਕਦੀ-ਕਦਾਈਂ ਹੀ ਪ੍ਰਚਾਰ ’ਤੇ ਜਾਂਦਾ ਸੀ। ਇਨ੍ਹਾਂ ਗੱਲਾਂ ਤੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਉਨ੍ਹਾਂ ਦੀ ਸੰਗਤ ਛੱਡਣੀ ਚਾਹੀਦੀ ਹੈ ਤੇ ਮੈਂ ਉਨ੍ਹਾਂ ਦਾ ਸਾਥ ਛੱਡ ਦਿੱਤਾ।” ਕੀ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਦੋਸਤਾਂ ਦਾ ਅਸਰ ਪੈਂਦਾ ਹੈ? ਬਾਈਬਲ ਦੀ ਇਕ ਮਿਸਾਲ ’ਤੇ ਗੌਰ ਕਰੋ।—ਰੋਮੀ. 15:4.
ਉਸ ਨੇ ਲੋਕਾਂ ਦੇ ਮਨ ਮੋਹ ਲਏ
5, 6. ਅਬਸ਼ਾਲੋਮ ਨੇ ਲੋਕਾਂ ਨੂੰ ਆਪਣੇ ਮਗਰ ਕਿਵੇਂ ਲਾਇਆ ਤੇ ਕੀ ਉਸ ਦੀ ਚਾਲ ਕਾਮਯਾਬ ਹੋਈ?
5 ਬਾਈਬਲ ਵਿਚ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਣਾਂ ਹਨ ਜਿਨ੍ਹਾਂ ਦਾ ਦੂਜਿਆਂ ’ਤੇ ਬੁਰਾ ਪ੍ਰਭਾਵ ਪਿਆ। ਅਜਿਹਾ ਇਕ ਆਦਮੀ ਸੀ ਦਾਊਦ ਦਾ ਪੁੱਤਰ ਅਬਸ਼ਾਲੋਮ। ਅਬਸ਼ਾਲੋਮ ਸੋਹਣਾ ਤੇ ਗੱਭਰੂ ਜਵਾਨ ਸੀ। ਸਮੇਂ ਦੇ ਬੀਤਣ ਨਾਲ ਉਸ ਨੇ ਸ਼ੈਤਾਨ ਵਾਂਗ ਆਪਣੇ ਦਿਲ ਵਿਚ ਗ਼ਲਤ ਇੱਛਾ ਨੂੰ ਵਧਣ-ਫੁੱਲਣ ਦਿੱਤਾ। ਉਹ ਆਪਣੇ ਪਿਤਾ ਦੀ ਜਗ੍ਹਾ ਰਾਜਾ ਬਣਨਾ ਚਾਹੁੰਦਾ ਸੀ, ਭਾਵੇਂ ਕਿ ਰਾਜਾ ਬਣਨਾ ਉਸ ਦਾ ਹੱਕ ਨਹੀਂ ਸੀ। * ਰਾਜ-ਗੱਦੀ ਨੂੰ ਚਲਾਕੀ ਨਾਲ ਲੈਣ ਲਈ ਅਬਸ਼ਾਲੋਮ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲੱਗ ਪਿਆ ਕਿ ਉਹ ਆਪ ਉਨ੍ਹਾਂ ਦੀ ਮਦਦ ਕਰੇਗਾ ਕਿਉਂਕਿ ਰਾਜਾ ਦਾਊਦ ਦੇ ਦਰਬਾਰ ਵਿਚ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੀ ਜਾਵੇਗੀ। ਜਿਵੇਂ ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਚਲਾਕੀ ਕੀਤੀ ਸੀ, ਉਵੇਂ ਹੀ ਅਬਸ਼ਾਲੋਮ ਨੇ ਲੋਕਾਂ ਨੂੰ ਭਰਮਾਇਆ ਕਿ ਉਹ ਉਨ੍ਹਾਂ ਦਾ ਭਲਾ ਚਾਹੁੰਦਾ ਸੀ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਪਿਤਾ ਬਾਰੇ ਝੂਠ ਬੋਲ ਕੇ ਉਸ ਨੂੰ ਬਦਨਾਮ ਕੀਤਾ।—2 ਸਮੂ. 15:1-5.
6 ਕੀ ਅਬਸ਼ਾਲੋਮ ਦੀ ਚਾਲ ਕਾਮਯਾਬ ਹੋਈ? ਕਿਸੇ ਹੱਦ ਤਕ। ਬਾਈਬਲ ਦੱਸਦੀ ਹੈ: “ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ।” (2 ਸਮੂ. 15:6) ਪਰ ਅੰਤ ਵਿਚ ਅਬਸ਼ਾਲੋਮ ਦਾ ਘਮੰਡ ਉਸ ਦੇ ਵਿਨਾਸ਼ ਦਾ ਕਾਰਨ ਬਣਿਆ। ਦੁੱਖ ਦੀ ਗੱਲ ਹੈ ਕਿ ਇਸ ਕਰਕੇ ਹੋਰ ਹਜ਼ਾਰਾਂ ਇਜ਼ਰਾਈਲੀਆਂ ਦੀ ਵੀ ਜਾਨ ਗਈ ਜੋ ਉਸ ਦੀ ਚਾਲ ਵਿਚ ਫਸ ਗਏ ਸਨ।—2 ਸਮੂ. 18:7, 14-17.
7. ਅਬਸ਼ਾਲੋਮ ਦੇ ਬਿਰਤਾਂਤ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? (ਸਫ਼ਾ 14 ’ਤੇ ਤਸਵੀਰ ਦੇਖੋ।)
7 ਉਹ ਇਜ਼ਰਾਈਲੀ ਇੰਨੀ ਆਸਾਨੀ ਨਾਲ ਧੋਖੇ ਵਿਚ ਕਿਉਂ ਆ ਗਏ ਸਨ? ਸ਼ਾਇਦ ਉਨ੍ਹਾਂ ਦੇ ਦਿਲ ਵਿਚ ਉਨ੍ਹਾਂ ਚੀਜ਼ਾਂ ਦੀ ਲਾਲਸਾ ਸੀ ਜਿਨ੍ਹਾਂ ਦਾ ਵਾਅਦਾ ਅਬਸ਼ਾਲੋਮ ਨੇ ਕੀਤਾ ਸੀ। ਜਾਂ ਸ਼ਾਇਦ ਉਹ ਉਸ ਦਾ ਬਾਹਰਲਾ ਰੂਪ ਦੇਖ ਕੇ ਧੋਖਾ ਖਾ ਗਏ ਸਨ। ਕਾਰਨ ਜੋ ਵੀ ਸੀ, ਪਰ ਇਕ ਗੱਲ ਪੱਕੀ ਹੈ: ਉਹ ਪਰਮੇਸ਼ੁਰ ਤੇ ਉਸ ਦੇ ਚੁਣੇ ਹੋਏ ਰਾਜੇ ਪ੍ਰਤੀ ਵਫ਼ਾਦਾਰ ਨਹੀਂ ਸਨ। ਅੱਜ ਵੀ ਸ਼ੈਤਾਨ ਅਬਸ਼ਾਲੋਮ ਵਰਗੇ ਲੋਕਾਂ ਨੂੰ ਯਹੋਵਾਹ ਦੇ ਸੇਵਕਾਂ ਦੇ ਦਿਲ ਜਿੱਤਣ ਲਈ ਵਰਤਦਾ ਹੈ। ਉਹ ਸ਼ਾਇਦ ਕਹਿਣ: ‘ਯਹੋਵਾਹ ਦੇ ਕਾਨੂੰਨ ਤਾਂ ਬੜੇ ਸਖ਼ਤ ਹਨ। ਉਨ੍ਹਾਂ ਲੋਕਾਂ ਨੂੰ ਦੇਖੋ ਜਿਹੜੇ ਯਹੋਵਾਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਬੜੇ ਮਜ਼ੇ ਲੁੱਟਦੇ ਹਨ!’ ਕੀ ਤੁਸੀਂ ਇਸ ਝੂਠ ਨੂੰ ਪਛਾਣ ਕੇ ਪਰਮੇਸ਼ੁਰ ਦੇ ਵਫ਼ਾਦਾਰ ਰਹੋਗੇ? ਕੀ ਤੁਸੀਂ ਮੰਨਦੇ ਹੋ ਕਿ ਯਹੋਵਾਹ ਦਾ “ਮੁਕੰਮਲ ਕਾਨੂੰਨ” ਜਾਂ ਮਸੀਹ ਦਾ ਕਾਨੂੰਨ ਹੀ ਤੁਹਾਨੂੰ ਸੱਚੀ ਆਜ਼ਾਦੀ ਦੇ ਸਕਦਾ ਹੈ? (ਯਾਕੂ. 1:25) ਜੇ ਹਾਂ, ਤਾਂ ਇਸ ਕਾਨੂੰਨ ਦੀ ਪਾਲਣਾ ਕਰੋ ਤੇ ਕਦੇ ਵੀ ਆਪਣੀ ਆਜ਼ਾਦੀ ਦਾ ਗ਼ਲਤ ਇਸਤੇਮਾਲ ਨਾ ਕਰੋ।—1 ਪਤਰਸ 2:16 ਪੜ੍ਹੋ।
8. ਕਿਹੜੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦੇ ਕਾਨੂੰਨਾਂ ਨੂੰ ਤੋੜ ਕੇ ਖ਼ੁਸ਼ੀ ਨਹੀਂ ਮਿਲਦੀ?
8 ਸ਼ੈਤਾਨ ਖ਼ਾਸ ਕਰਕੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਇਕ ਭਰਾ, ਜਿਸ ਦੀ ਉਮਰ ਹੁਣ 30 ਸਾਲਾਂ ਤੋਂ ਜ਼ਿਆਦਾ ਹੈ, ਆਪਣੀ ਜਵਾਨੀ ਬਾਰੇ ਗੱਲ ਕਰਦਾ ਹੋਇਆ ਦੱਸਦਾ ਹੈ: “ਮੈਂ ਸੋਚਦਾ ਸੀ ਕਿ ਯਹੋਵਾਹ
ਨੇ ਚਾਲ-ਚਲਣ ਸ਼ੁੱਧ ਰੱਖਣ ਲਈ ਜੋ ਕਾਨੂੰਨ ਦਿੱਤੇ ਹਨ, ਉਹ ਬਹੁਤ ਸਖ਼ਤ ਹਨ। ਮੈਂ ਨਹੀਂ ਮੰਨਦਾ ਸੀ ਕਿ ਇਹ ਮੇਰੇ ਭਲੇ ਲਈ ਹਨ।” ਇਸ ਕਰਕੇ ਉਸ ਨੇ ਗ਼ਲਤ ਕੰਮ ਕੀਤਾ। ਪਰ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਕੋਈ ਖ਼ੁਸ਼ੀ ਨਹੀਂ ਮਿਲੀ। ਉਸ ਨੇ ਕਿਹਾ: “ਮੈਂ ਕਈ ਸਾਲ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਰਿਹਾ ਅਤੇ ਇਸ ਬਾਰੇ ਸੋਚ ਕੇ ਮੈਨੂੰ ਅੱਜ ਵੀ ਸ਼ਰਮ ਆਉਂਦੀ ਹੈ।” ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਿਆਂ ਇਕ ਭੈਣ ਨੇ ਕਿਹਾ: “ਅਨੈਤਿਕ ਕੰਮ ਕਰਨ ਤੋਂ ਬਾਅਦ ਮੈਂ ਉਦਾਸ ਤੇ ਨਿਰਾਸ਼ ਰਹਿਣ ਲੱਗ ਪਈ। 19 ਸਾਲਾਂ ਬਾਅਦ ਵੀ ਇਹ ਬੁਰੀਆਂ ਯਾਦਾਂ ਮੇਰੇ ਮਨ ਵਿਚ ਤਾਜ਼ੀਆਂ ਹਨ।” ਇਕ ਹੋਰ ਭੈਣ ਨੇ ਕਿਹਾ: “ਮੈਂ ਗ਼ਲਤੀ ਕਰ ਕੇ ਉਨ੍ਹਾਂ ਲੋਕਾਂ ਦੇ ਦਿਲ ਤੋੜੇ ਜਿਨ੍ਹਾਂ ਨੂੰ ਮੈਂ ਇੰਨਾ ਪਿਆਰ ਕਰਦੀ ਹਾਂ। ਇਹ ਗੱਲ ਸੋਚ-ਸੋਚ ਕੇ ਮੇਰਾ ਮਨ ਦੁਖੀ ਰਹਿੰਦਾ ਸੀ, ਮੈਂ ਰੋਂਦੀ ਰਹਿੰਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਯਹੋਵਾਹ ਮੈਨੂੰ ਕਦੇ ਮਾਫ਼ ਨਹੀਂ ਕਰੇਗਾ। ਮੇਰੇ ਲਈ ਯਹੋਵਾਹ ਤੋਂ ਬਿਨਾਂ ਜੀਉਣਾ ਮਰਨ ਨਾਲੋਂ ਵੀ ਬਦਤਰ ਸੀ।” ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਪਾਪ ਦੇ ਅਜਿਹੇ ਭੈੜੇ ਨਤੀਜਿਆਂ ਬਾਰੇ ਸੋਚੀਏ।9. (ੳ) ਕਿਹੜੇ ਸਵਾਲਾਂ ਦੀ ਮਦਦ ਨਾਲ ਅਸੀਂ ਪਰਮੇਸ਼ੁਰ, ਉਸ ਦੇ ਕਾਨੂੰਨਾਂ ਅਤੇ ਅਸੂਲਾਂ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਰ ਸਕਦੇ ਹਾਂ? (ਅ) ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨਾ ਕਿਉਂ ਜ਼ਰੂਰੀ ਹੈ?
9 ਇਹ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸੱਚਾਈ ਵਿਚ ਬਹੁਤ ਸਾਰੇ ਨੌਜਵਾਨ ਤੇ ਇੱਥੋਂ ਤਕ ਕਿ ਕਈ ਵੱਡੀ ਉਮਰ ਦੇ ਭੈਣ-ਭਰਾ ਵੀ ਗ਼ਲਤ ਕੰਮ ਕਰਨ ਤੋਂ ਬਾਅਦ ਹੀ ਸਬਕ ਸਿੱਖਦੇ ਹਨ। (ਗਲਾ. 6:7, 8) ਇਸ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਸ਼ੈਤਾਨ ਦੀਆਂ ਚਾਲਾਂ ਨੂੰ ਪਛਾਣਦਾ ਹਾਂ ਜਿਨ੍ਹਾਂ ਨਾਲ ਉਹ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ? ਕੀ ਮੈਂ ਯਹੋਵਾਹ ਨੂੰ ਆਪਣਾ ਸਭ ਤੋਂ ਗੂੜ੍ਹਾ ਦੋਸਤ ਸਮਝਦਾ ਹਾਂ ਜੋ ਹਮੇਸ਼ਾ ਸੱਚ ਦੱਸਦਾ ਹੈ ਤੇ ਮੇਰਾ ਭਲਾ ਚਾਹੁੰਦਾ ਹੈ? ਕੀ ਮੈਨੂੰ ਇਸ ਗੱਲ ’ਤੇ ਯਕੀਨ ਹੈ ਕਿ ਉਹ ਕਦੇ ਵੀ ਮੇਰੇ ਤੋਂ ਕੋਈ ਚੰਗੀ ਚੀਜ਼ ਰੋਕ ਕੇ ਨਹੀਂ ਰੱਖੇਗਾ ਜਿਸ ਨਾਲ ਮੈਨੂੰ ਖ਼ੁਸ਼ੀ ਮਿਲੇਗੀ?’ (ਯਸਾਯਾਹ 48:17, 18 ਪੜ੍ਹੋ।) ਸੱਚੇ ਦਿਲੋਂ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ ਵਿਚ ਦੇਣ ਲਈ ਪਰਮੇਸ਼ੁਰ ਨੂੰ ਮਾੜਾ-ਮੋਟਾ ਜਾਣਨਾ ਹੀ ਕਾਫ਼ੀ ਨਹੀਂ ਹੈ। ਇਸ ਦੀ ਬਜਾਇ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ ਤੇ ਇਹ ਸਮਝਣ ਦੀ ਲੋੜ ਹੈ ਕਿ ਬਾਈਬਲ ਦੇ ਕਾਨੂੰਨ ਤੇ ਅਸੂਲ ਸਾਡੇ ’ਤੇ ਪਾਬੰਦੀਆਂ ਨਹੀਂ ਲਾਉਂਦੇ, ਸਗੋਂ ਇਹ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਦਿੰਦੇ ਹਨ।—ਕਹਾ. 3:32.
ਸਮਝਦਾਰ ਤੇ ਆਗਿਆਕਾਰ ਬਣਨ ਲਈ ਪ੍ਰਾਰਥਨਾ ਕਰੋ
10. ਸਾਨੂੰ ਨੌਜਵਾਨ ਰਾਜਾ ਸੁਲੇਮਾਨ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?
10 ਜਦੋਂ ਸੁਲੇਮਾਨ ਅਜੇ ਜਵਾਨ ਸੀ, ਤਾਂ ਉਸ ਨੇ ਨਿਮਰ ਹੋ ਕੇ ਪ੍ਰਾਰਥਨਾ ਕੀਤੀ: “ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ।” ਫਿਰ ਉਸ ਨੇ ਸਮਝਦਾਰ ਤੇ ਆਗਿਆਕਾਰ ਬਣਨ ਲਈ ਪ੍ਰਾਰਥਨਾ ਕੀਤੀ। (1 ਰਾਜ. 3:7-9, 12) ਯਹੋਵਾਹ ਨੇ ਉਸ ਦੀ ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ ਦਿੱਤਾ। ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਵੀ ਜਵਾਬ ਦੇਵੇਗਾ। ਇਹ ਗੱਲ ਸੱਚ ਹੈ ਕਿ ਯਹੋਵਾਹ ਤੁਹਾਨੂੰ ਚਮਤਕਾਰੀ ਢੰਗ ਨਾਲ ਸਮਝ ਤੇ ਬੁੱਧ ਨਹੀਂ ਦੇਵੇਗਾ। ਪਰ ਜੇ ਤੁਸੀਂ ਉਸ ਦੇ ਬਚਨ ਦੀ ਵਧੀਆ ਢੰਗ ਨਾਲ ਸਟੱਡੀ ਕਰੋ, ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ ਤੇ ਮੰਡਲੀਆਂ ਵਿਚ ਦਿੱਤੇ ਜਾਂਦੇ ਪਰਮੇਸ਼ੁਰ ਦੇ ਗਿਆਨ ਤੇ ਸਿਖਲਾਈ ਦਾ ਪੂਰਾ ਫ਼ਾਇਦਾ ਲਓ, ਤਾਂ ਉਹ ਤੁਹਾਨੂੰ ਜ਼ਰੂਰ ਬੁੱਧੀ ਦੇਵੇਗਾ। (ਯਾਕੂ. 1:5) ਇਨ੍ਹਾਂ ਤਰੀਕਿਆਂ ਨਾਲ ਯਹੋਵਾਹ ਆਪਣੇ ਜਵਾਨ ਸੇਵਕਾਂ ਨੂੰ ਵੀ ਬੁੱਧੀਮਾਨ ਬਣਾਉਂਦਾ ਹੈ, ਦੁਨੀਆਂ ਦੇ “ਬੁੱਧੀਮਾਨਾਂ ਅਤੇ ਗਿਆਨਵਾਨਾਂ” ਨਾਲੋਂ ਵੀ ਜ਼ਿਆਦਾ ਜੋ ਉਸ ਦੇ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।—ਲੂਕਾ 10:21; ਜ਼ਬੂਰਾਂ ਦੀ ਪੋਥੀ 119:98-100 ਪੜ੍ਹੋ।
11-13. (ੳ) ਜ਼ਬੂਰ 26:4, ਕਹਾਉਤਾਂ 13:20 ਤੇ 1 ਕੁਰਿੰਥੀਆਂ 15:33 ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? (ਅ) ਤੁਸੀਂ ਇਨ੍ਹਾਂ ਹਵਾਲਿਆਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ?
11 ਆਓ ਆਪਾਂ ਕੁਝ ਹਵਾਲਿਆਂ ’ਤੇ ਗੌਰ ਕਰੀਏ ਜੋ ਸਾਨੂੰ ਦੋਸਤ ਚੁਣਨ ਬਾਰੇ ਚੰਗੀ ਸਲਾਹ ਦਿੰਦੇ ਹਨ। ਇਹ ਹਵਾਲੇ ਸਾਡੀ ਇਹ ਸਮਝਣ ਵਿਚ ਮਦਦ ਕਰਨਗੇ ਕਿ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲਈ ਬਾਈਬਲ ਦੀ ਸਟੱਡੀ ਕਰਨੀ ਤੇ ਇਸ ’ਤੇ ਮਨਨ ਕਰਨਾ ਕਿੰਨਾ ਜ਼ਰੂਰੀ ਹੈ। ਮਿਸਾਲ ਲਈ, ਜ਼ਬੂਰ 26:4 ਵਿਚ ਕਿਹਾ ਗਿਆ ਹੈ: ‘ਮੈਂ ਕਪਟੀਆਂ ਦੇ ਨਾਲ ਅੰਦਰ ਨਾ ਜਾਵਾਂਗਾ।’ ਕਹਾਉਤਾਂ 13:20 ਕਹਿੰਦਾ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” ਪਹਿਲਾ ਕੁਰਿੰਥੀਆਂ 15:33 ਵਿਚ ਲਿਖਿਆ ਹੈ: “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”
12 ਇਨ੍ਹਾਂ ਹਵਾਲਿਆਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? (1) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸੋਚ-ਸਮਝ ਕੇ ਆਪਣੇ ਦੋਸਤਾਂ-ਮਿੱਤਰਾਂ ਦੀ ਚੋਣ ਕਰੀਏ। ਉਹ ਨਹੀਂ ਚਾਹੁੰਦਾ ਕਿ ਅਸੀਂ ਕੋਈ ਗ਼ਲਤ ਕਦਮ ਚੁੱਕੀਏ ਜਿਸ ਨਾਲ ਸਾਡਾ ਨੁਕਸਾਨ ਹੋਵੇ ਤੇ ਉਸ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇ। (2) ਅਸੀਂ ਜਿਨ੍ਹਾਂ ਨਾਲ ਦੋਸਤੀ ਕਰਦੇ ਹਾਂ, ਉਨ੍ਹਾਂ ਦਾ ਸਾਡੀ ਜ਼ਿੰਦਗੀ ’ਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ; ਕੋਈ ਵੀ ਇਸ ਅਸਰ ਤੋਂ ਬਚ ਨਹੀਂ ਸਕਦਾ। ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਸਾਨੂੰ ਬੇਨਤੀ ਕਰਦਾ ਹੈ। ਗੌਰ ਕਰੋ ਕਿ ਕਿਸੇ ਵੀ ਆਇਤ ਵਿਚ ਉਹ ਹੁਕਮ ਨਹੀਂ ਦਿੰਦਾ, “ਤੁਸੀਂ ਇਹ ਕਰੋ ਜਾਂ ਇਹ ਨਾ ਕਰੋ।” ਇਸ ਦੀ ਬਜਾਇ ਯਹੋਵਾਹ ਸਾਨੂੰ ਸਿੱਧੇ-ਸਾਦੇ ਸ਼ਬਦਾਂ ਵਿਚ ਕਹਿ ਰਿਹਾ ਹੈ: ‘ਇਹੀ ਗੱਲਾਂ ਸੱਚੀਆਂ ਹਨ। ਕੀ ਤੁਸੀਂ ਇਨ੍ਹਾਂ ਮੁਤਾਬਕ ਚੱਲੋਗੇ? ਤੁਹਾਡਾ ਦਿਲ ਕੀ ਚਾਹੁੰਦਾ ਹੈ?’
13 ਇਨ੍ਹਾਂ ਆਇਤਾਂ ਵਿਚ ਦਿੱਤੀ ਗਈ ਸਲਾਹ ਕਦੇ ਵੀ ਪੁਰਾਣੀ ਨਹੀਂ ਹੁੰਦੀ ਤੇ ਇਸ ਨੂੰ ਕਈ ਹਾਲਾਤਾਂ ਵਿਚ ਲਾਗੂ ਕੀਤਾ ਜਾ ਸਕਦਾ ਹੈ। ਮਿਸਾਲ ਲਈ, ਆਪਣੇ ਆਪ ਨੂੰ ਇਹ ਸਵਾਲ ਪੁੱਛੋ: ਮੈਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨ ਤੋਂ ਕਿੱਦਾਂ ਬਚ ਸਕਦਾ ਹਾਂ ਜੋ “ਕਪਟੀ” ਯਾਨੀ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹਨ। ਕਿਨ੍ਹਾਂ ਹਾਲਾਤਾਂ ਵਿਚ ਇਸ ਤਰ੍ਹਾਂ ਦੇ ਲੋਕਾਂ ਨਾਲ ਮੇਰਾ ਵਾਹ ਪੈ ਸਕਦਾ ਹੈ? (ਜ਼ਬੂ. 10:7; ਕਹਾ. 3:32) ਉਹ ‘ਬੁੱਧਵਾਨ’ ਇਨਸਾਨ ਕੌਣ ਹਨ ਜਿਨ੍ਹਾਂ ਨਾਲ ਯਹੋਵਾਹ ਚਾਹੁੰਦਾ ਹੈ ਕਿ ਮੈਂ ਦੋਸਤੀ ਕਰਾਂ? ਉਹ ‘ਮੂਰਖ’ ਕੌਣ ਹਨ ਜਿਨ੍ਹਾਂ ਨਾਲ ਯਹੋਵਾਹ ਚਾਹੁੰਦਾ ਹੈ ਕਿ ਮੈਂ ਦੋਸਤੀ ਨਾ ਕਰਾਂ? (ਜ਼ਬੂ. 111:10; 112:1; ਕਹਾ. 1:7) ਗ਼ਲਤ ਦੋਸਤ ਬਣਾਉਣ ਕਰਕੇ ਮੈਂ ਆਪਣੀਆਂ ਕਿਹੜੀਆਂ “ਚੰਗੀਆਂ ਆਦਤਾਂ” ਨੂੰ ਵਿਗਾੜ ਲਵਾਂਗਾ? ਕੀ “ਬੁਰੀਆਂ ਸੰਗਤਾਂ” ਸਿਰਫ਼ ਦੁਨੀਆਂ ਦੇ ਲੋਕ ਹੀ ਹਨ? (2 ਪਤ. 2:1-3) ਤੁਸੀਂ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿਓਗੇ?
14. ਤੁਸੀਂ ਆਪਣੀ ਪਰਿਵਾਰਕ ਸਟੱਡੀ ਨੂੰ ਹੋਰ ਵਧੀਆ ਕਿੱਦਾਂ ਬਣਾ ਸਕਦੇ ਹੋ?
14 ਇਨ੍ਹਾਂ ਹਵਾਲਿਆਂ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਹੋਰ ਹਵਾਲਿਆਂ ਦੀ ਵੀ ਜਾਂਚ ਕਰੋ ਜੋ ਤੁਹਾਡੇ ਪਰਿਵਾਰ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਪਰਮੇਸ਼ੁਰ ਦੀ ਸੋਚਣੀ ਜ਼ਾਹਰ ਕਰਦੇ ਹਨ। * ਮਾਪਿਓ, ਆਪਣੀ ਪਰਿਵਾਰਕ ਸਟੱਡੀ ਦੌਰਾਨ ਅਜਿਹੇ ਵਿਸ਼ਿਆਂ ’ਤੇ ਚਰਚਾ ਕਰੋ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਪਰਮੇਸ਼ੁਰ ਦੇ ਕਾਨੂੰਨ ਅਤੇ ਅਸੂਲ ਉਸ ਦੇ ਪਿਆਰ ਦਾ ਸਬੂਤ ਹਨ। (ਜ਼ਬੂ. 119:72) ਵਾਕਈ ਇਸ ਤਰ੍ਹਾਂ ਸਟੱਡੀ ਕਰ ਕੇ ਪਰਿਵਾਰ ਦੇ ਮੈਂਬਰ ਯਹੋਵਾਹ ਦੇ ਅਤੇ ਇਕ-ਦੂਜੇ ਦੇ ਹੋਰ ਨੇੜੇ ਆਉਂਦੇ ਹਨ।
15. ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਤੁਸੀਂ ਮਨੋਂ ਸਮਝਦਾਰ ਤੇ ਆਗਿਆਕਾਰ ਬਣ ਰਹੇ ਹੋ?
15 ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਤੁਸੀਂ ਮਨੋਂ ਸਮਝਦਾਰ ਤੇ ਆਗਿਆਕਾਰ ਬਣ ਰਹੇ ਹੋ? ਇਕ ਤਰੀਕਾ ਹੈ ਕਿ ਤੁਸੀਂ ਆਪਣੀ ਸੋਚਣੀ ਦੀ ਤੁਲਨਾ ਪੁਰਾਣੇ ਸੇਵਕਾਂ ਦੀ ਸੋਚਣੀ ਨਾਲ ਕਰੋ। ਅਜਿਹਾ ਹੀ ਇਕ ਸੇਵਕ ਦਾਊਦ ਸੀ ਜਿਸ ਨੇ ਲਿਖਿਆ: ‘ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।’ (ਜ਼ਬੂ. 40:8) ਇਸੇ ਤਰ੍ਹਾਂ ਜ਼ਬੂਰ 119 ਦੇ ਲਿਖਾਰੀ ਨੇ ਕਿਹਾ: ‘ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!’ (ਜ਼ਬੂ. 119:97) ਪਰਮੇਸ਼ੁਰ ਦੇ ਬਚਨ ਨਾਲ ਪਿਆਰ ਕਰਨ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ। ਗੰਭੀਰਤਾ ਨਾਲ ਬਾਈਬਲ ਦੀ ਸਟੱਡੀ ਕਰਨ, ਪ੍ਰਾਰਥਨਾ ਕਰਨ ਤੇ ਮਨਨ ਕਰਨ ਨਾਲ ਹੀ ਇਹ ਪਿਆਰ ਵਧੇਗਾ। ਇਸ ਦੇ ਨਾਲ-ਨਾਲ ਜਦੋਂ ਤੁਸੀਂ ਦੇਖੋਗੇ ਕਿ ਯਹੋਵਾਹ ਦੇ ਕਾਨੂੰਨਾਂ ’ਤੇ ਚੱਲਣ ਨਾਲ ਤੁਹਾਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ ਹਨ, ਤਾਂ ਇਹ ਪਿਆਰ ਹੋਰ ਵੀ ਵਧੇਗਾ।—ਜ਼ਬੂ. 34:8.
ਆਪਣੀ ਆਜ਼ਾਦੀ ਲਈ ਲੜੋ!
16. ਸੱਚੀ ਆਜ਼ਾਦੀ ਦੀ ਲੜਾਈ ਜਿੱਤਣ ਲਈ ਸਾਨੂੰ ਕੀ ਜਾਣਨ ਦੀ ਲੋੜ ਹੈ?
16 ਹਮੇਸ਼ਾ ਤੋਂ ਕੌਮਾਂ ਆਜ਼ਾਦੀ ਦੀ ਖ਼ਾਤਰ ਲੜਦੀਆਂ ਆਈਆਂ ਹਨ। ਤਾਂ ਫਿਰ ਮਸੀਹੀ ਹੋਣ ਕਰਕੇ ਤੁਹਾਨੂੰ ਜੋ ਆਜ਼ਾਦੀ ਮਿਲੀ ਹੈ, ਉਸ ਦੀ ਰਾਖੀ ਲਈ ਤੁਹਾਨੂੰ ਹੋਰ ਵੀ ਜ਼ੋਰ ਲਾ ਕੇ ਲੜਨਾ ਚਾਹੀਦਾ ਹੈ। ਇਸ ਕਰਕੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਸਿਰਫ਼ ਸ਼ੈਤਾਨ, ਦੁਨੀਆਂ ਤੇ ਇਸ ਦੀ ਬੁਰੀ ਸੋਚ ਨਾਲ ਹੀ ਨਹੀਂ, ਸਗੋਂ ਆਪਣੇ ਪਾਪੀ ਸਰੀਰ ਦੀਆਂ ਕਮੀਆਂ-ਕਮਜ਼ੋਰੀਆਂ ਅਤੇ ਧੋਖੇਬਾਜ਼ ਦਿਲ ਨਾਲ ਵੀ ਲੜਨਾ ਪੈਂਦਾ ਹੈ। (ਯਿਰ. 17:9; ਅਫ਼. 2:3) ਪਰ ਤੁਸੀਂ ਯਹੋਵਾਹ ਦੀ ਮਦਦ ਨਾਲ ਇਸ ਲੜਾਈ ਨੂੰ ਜਿੱਤ ਸਕਦੇ ਹੋ। ਜਿੱਤ ਚਾਹੇ ਵੱਡੀ ਹੋਵੇ ਜਾਂ ਛੋਟੀ, ਇਸ ਦੇ ਘੱਟੋ-ਘੱਟ ਦੋ ਫ਼ਾਇਦੇ ਹੁੰਦੇ ਹਨ। ਪਹਿਲਾ, ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। (ਕਹਾ. 27:11) ਦੂਜਾ, ਜਦ ਤੁਸੀਂ ਦੇਖਦੇ ਹੋ ਕਿ “ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ” ’ਤੇ ਚੱਲਣ ਦਾ ਤੁਹਾਨੂੰ ਕਿੰਨਾ ਫ਼ਾਇਦਾ ਹੁੰਦਾ ਹੈ, ਤਾਂ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ’ਤੇ ਚੱਲਣ ਦਾ ਹੋਰ ਵੀ ਪੱਕਾ ਇਰਾਦਾ ਕਰੋਗੇ। ਭਵਿੱਖ ਵਿਚ ਤੁਸੀਂ ਹੋਰ ਜ਼ਿਆਦਾ ਆਜ਼ਾਦੀ ਪਾ ਸਕੋਗੇ ਜੋ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਮਿਲੇਗੀ।—ਯਾਕੂ. 1:25; ਮੱਤੀ 7:13, 14.
17. ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਸਾਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ ਤੇ ਯਹੋਵਾਹ ਸਾਡੀ ਕਿੱਦਾਂ ਮਦਦ ਕਰਦਾ ਹੈ?
17 ਇਹ ਗੱਲ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। (ਉਪ. 7:20) ਪਰ ਜਦੋਂ ਇੱਦਾਂ ਹੁੰਦਾ ਹੈ, ਤਾਂ ਹੌਸਲਾ ਨਾ ਹਾਰੋ। ਜੇ ਤੁਸੀਂ ਡਿੱਗ ਪੈਂਦੇ ਹੋ, ਤਾਂ ਉੱਠ ਖੜ੍ਹੇ ਹੋਵੋ ਤੇ ਅੱਗੇ ਵਧੋ। ਜ਼ਰੂਰਤ ਪੈਣ ਤੇ ਬਜ਼ੁਰਗਾਂ ਦੀ ਵੀ ਮਦਦ ਲਵੋ। ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: ‘ਨਿਹਚਾ ਨਾਲ ਕੀਤੀਆਂ ਪ੍ਰਾਰਥਨਾਵਾਂ ਬੀਮਾਰ ਨੂੰ ਠੀਕ ਕਰ ਦੇਣਗੀਆਂ ਅਤੇ ਯਹੋਵਾਹ ਉਸ ਨੂੰ ਤਕੜਾ ਕਰੇਗਾ। ਨਾਲੇ, ਜੇ ਉਸ ਨੇ ਪਾਪ ਕੀਤੇ ਹਨ, ਤਾਂ ਉਸ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।’ (ਯਾਕੂ. 5:15) ਕਦੇ ਨਾ ਭੁੱਲੋ ਕਿ ਪਰਮੇਸ਼ੁਰ ਕਿੰਨਾ ਦਇਆਵਾਨ ਹੈ ਤੇ ਉਹ ਤੁਹਾਨੂੰ ਮੰਡਲੀ ਵਿਚ ਲੈ ਕੇ ਆਇਆ ਹੈ ਕਿਉਂਕਿ ਉਸ ਨੇ ਤੁਹਾਡੇ ਵਿਚ ਕੋਈ ਚੰਗੀ ਗੱਲ ਦੇਖੀ। (ਜ਼ਬੂਰਾਂ ਦੀ ਪੋਥੀ 103:8, 9 ਪੜ੍ਹੋ।) ਸੋ ਜਦੋਂ ਤਕ ਤੁਸੀਂ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰਦੇ ਰਹੋਗੇ, ਉਹ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ।—1 ਇਤਹਾਸ 28:9.
18. ਯੂਹੰਨਾ 17:15 ਵਿਚ ਯਿਸੂ ਦੀ ਪ੍ਰਾਰਥਨਾ ਅਨੁਸਾਰ ਅਸੀਂ ਕਿਵੇਂ ਚੱਲ ਸਕਦੇ ਹਾਂ?
18 ਧਰਤੀ ’ਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ 11 ਰਸੂਲਾਂ ਨਾਲ ਪ੍ਰਾਰਥਨਾ ਕੀਤੀ। ਉਸ ਨੇ ਆਪਣੇ ਚੇਲਿਆਂ ਦੇ ਲਈ ਇਹ ਬੇਨਤੀ ਕੀਤੀ: ‘ਤੂੰ ਉਸ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰ।’ (ਯੂਹੰ. 17:15) ਯਿਸੂ ਨੇ ਆਪਣੀ ਚਿੰਤਾ ਸਿਰਫ਼ ਆਪਣੇ ਰਸੂਲਾਂ ਲਈ ਹੀ ਨਹੀਂ, ਸਗੋਂ ਆਪਣੇ ਸਾਰੇ ਚੇਲਿਆਂ ਲਈ ਦਿਖਾਈ ਸੀ। ਇਸ ਲਈ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਇਨ੍ਹਾਂ ਮੁਸ਼ਕਲਾਂ-ਭਰੇ ਸਮਿਆਂ ਵਿਚ ਯਹੋਵਾਹ ਸਾਡੀ ਰਾਖੀ ਕਰ ਕੇ ਯਿਸੂ ਦੀ ਪ੍ਰਾਰਥਨਾ ਦਾ ਜਵਾਬ ਦੇਵੇਗਾ। ਬਾਈਬਲ ਕਹਿੰਦੀ ਹੈ: ‘ਜਿਹੜੇ ਖਰਿਆਈ ਨਾਲ ਚੱਲਦੇ ਹਨ ਉਨ੍ਹਾਂ ਲਈ ਯਹੋਵਾਹ ਢਾਲ ਹੈ ਅਤੇ ਆਪਣੇ ਭਗਤਾਂ ਦੇ ਰਾਹ ਦੀ ਰੱਛਿਆ ਕਰਦਾ ਹੈ।’ (ਕਹਾ. 2:7, 8) ਜੀ ਹਾਂ, ਸੱਚਾਈ ਦੇ ਰਾਹ ’ਤੇ ਚੱਲਣਾ ਸੌਖਾ ਨਹੀਂ ਹੈ, ਪਰ ਇਹੀ ਰਾਹ ਹਮੇਸ਼ਾ ਦੀ ਜ਼ਿੰਦਗੀ ਤੇ ਸੱਚੀ ਆਜ਼ਾਦੀ ਵੱਲ ਜਾਂਦਾ ਹੈ। (ਰੋਮੀ. 8:21) ਕਿਸੇ ਦੇ ਮਗਰ ਲੱਗ ਕੇ ਇਹ ਰਾਹ ਨਾ ਛੱਡੋ।
[ਫੁਟਨੋਟ]
^ ਪੈਰਾ 5 ਪਰਮੇਸ਼ੁਰ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਇਕ “ਸੰਤਾਨ” ਪੈਦਾ ਹੋਵੇਗੀ ਜਿਸ ਨੂੰ ਯਹੋਵਾਹ ਰਾਜਾ ਬਣਾਵੇਗਾ। ਇਹ ਵਾਅਦਾ ਅਬਸ਼ਾਲੋਮ ਦੇ ਜਨਮ ਤੋਂ ਬਾਅਦ ਕੀਤਾ ਗਿਆ ਸੀ। ਇਸ ਲਈ ਅਬਸ਼ਾਲੋਮ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਯਹੋਵਾਹ ਨੇ ਦਾਊਦ ਤੋਂ ਬਾਅਦ ਉਸ ਨੂੰ ਰਾਜਾ ਬਣਨ ਲਈ ਨਹੀਂ ਚੁਣਿਆ ਸੀ।—2 ਸਮੂ. 3:3; 7:12.
^ ਪੈਰਾ 14 ਕੁਝ ਵਧੀਆ ਹਵਾਲੇ ਹਨ: 1 ਕੁਰਿੰਥੀਆਂ 13:4-8 ਜਿਸ ਵਿਚ ਪੌਲੁਸ ਨੇ ਪਿਆਰ ਬਾਰੇ ਦੱਸਿਆ ਹੈ; ਜ਼ਬੂਰ 19:7-11 ਜਿਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨ ਕੇ ਕਿੰਨੀਆਂ ਬਰਕਤਾਂ ਮਿਲਦੀਆਂ ਹਨ।
[ਸਵਾਲ]
[ਸਫ਼ਾ 14 ਉੱਤੇ ਤਸਵੀਰਾਂ]
ਅਸੀਂ ਅੱਜ ਅਬਸ਼ਾਲੋਮ ਵਰਗੇ ਲੋਕਾਂ ਨੂੰ ਕਿਵੇਂ ਪਛਾਣ ਸਕਦੇ ਹਾਂ ਤੇ ਉਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ?