Skip to content

Skip to table of contents

ਖ਼ਬਰਾਂ​—ਕੀ ਤੁਸੀਂ ਇਨ੍ਹਾਂ ਉੱਤੇ ਭਰੋਸਾ ਕਰ ਸਕਦੇ ਹੋ?

ਖ਼ਬਰਾਂ​—ਕੀ ਤੁਸੀਂ ਇਨ੍ਹਾਂ ਉੱਤੇ ਭਰੋਸਾ ਕਰ ਸਕਦੇ ਹੋ?

ਬਹੁਤ ਸਾਰੇ ਲੋਕ ਜੋ ਖ਼ਬਰਾਂ ਪੜ੍ਹਦੇ ਤੇ ਸੁਣਦੇ ਹਨ, ਉਨ੍ਹਾਂ ਉੱਤੇ ਭਰੋਸਾ ਨਹੀਂ ਕਰਦੇ। ਮਿਸਾਲ ਲਈ, ਅਮਰੀਕਾ ਵਿਚ 2012 ਵਿਚ ਕਰਵਾਏ ਗਏ ਇਕ ਸਰਵੇਖਣ ਵਿਚ ਲੋਕਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਅਖ਼ਬਾਰਾਂ, ਟੈਲੀਵਿਯਨ ਅਤੇ ਰੇਡੀਓ ਉੱਤੇ ਦਿੱਤੀਆਂ ਜਾਂਦੀਆਂ ਖ਼ਬਰਾਂ ਉੱਤੇ ਕਿੰਨਾ ਕੁ ਭਰੋਸਾ ਹੈ। ਕੀ ਉਹ ਵਿਸ਼ਵਾਸ ਕਰਦੇ ਹਨ ਕਿ ਖ਼ਬਰਾਂ ਸਹੀ-ਸਹੀ ਤੇ ਬਿਨਾਂ ਕਿਸੇ ਦਾ ਪੱਖ ਲਏ ਦੱਸੀਆਂ ਜਾਂਦੀਆਂ ਹਨ ਤੇ ਪੂਰੀ ਗੱਲ ਦੱਸੀ ਜਾਂਦੀ ਹੈ? ਦਸ ਵਿੱਚੋਂ ਛੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ “ਬਹੁਤ ਥੋੜ੍ਹਾ” ਜਾਂ “ਬਿਲਕੁਲ ਵੀ ਭਰੋਸਾ ਨਹੀਂ ਹੈ।” ਅੱਜ-ਕੱਲ੍ਹ ਲੋਕਾਂ ਦਾ ਮੀਡੀਆ ਉੱਤੇ ਇੰਨਾ ਭਰੋਸਾ ਕਿਉਂ ਨਹੀਂ ਹੈ?

ਬਹੁਤ ਸਾਰੀਆਂ ਨਿਊਜ਼ ਕੰਪਨੀਆਂ ਅਤੇ ਉਨ੍ਹਾਂ ਦੇ ਰਿਪੋਰਟਰ ਕਹਿੰਦੇ ਹਨ ਕਿ ਉਹ ਸਾਰੀਆਂ ਖ਼ਬਰਾਂ ਸਹੀ-ਸਹੀ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਪਰ ਫਿਰ ਵੀ ਇਹ ਚਿੰਤਾ ਦਾ ਵਿਸ਼ਾ ਹੈ। ਇਸ ਸੰਬੰਧੀ ਕੁਝ ਗੱਲਾਂ ’ਤੇ ਗੌਰ ਕਰੋ:

  • ਤਾਕਤਵਰ ਮੀਡੀਆ ਕਾਰਪੋਰੇਸ਼ਨਾਂ। ਮੀਡੀਆ ਕੰਪਨੀਆਂ ਕੁਝ ਤਾਕਤਵਰ ਕਾਰਪੋਰੇਸ਼ਨਾਂ ਦੇ ਹੱਥਾਂ ਵਿਚ ਹਨ। ਇਹ ਕੰਪਨੀਆਂ ਫ਼ੈਸਲਾ ਕਰਦੀਆਂ ਹਨ ਕਿ ਕਿਹੜੇ ਮੁੱਦੇ ਬਾਰੇ ਖ਼ਬਰ ਛਾਪੀ ਜਾਣੀ ਹੈ, ਕਿਵੇਂ ਉਸ ਮੁੱਦੇ ਬਾਰੇ ਗੱਲ ਕੀਤੀ ਜਾਣੀ ਹੈ ਅਤੇ ਕਿੰਨੀ ਕੁ ਗੱਲ ਕੀਤੀ ਜਾਣੀ ਹੈ। ਜ਼ਿਆਦਾਤਰ ਕਾਰਪੋਰੇਸ਼ਨਾਂ ਪੈਸਾ ਕਮਾਉਣ ਲਈ ਹੁੰਦੀਆਂ ਹਨ, ਇਸ ਕਰਕੇ ਸ਼ਾਇਦ ਮੁਨਾਫ਼ੇ ਨੂੰ ਧਿਆਨ ਵਿਚ ਰੱਖ ਕੇ ਇਸ ਤਰ੍ਹਾਂ ਦੇ ਫ਼ੈਸਲੇ ਕੀਤੇ ਜਾਣ। ਜਿਨ੍ਹਾਂ ਮੁੱਦਿਆਂ ਕਰਕੇ ਮੀਡੀਆ ਕੰਪਨੀਆਂ ਦੇ ਮਾਲਕਾਂ ਨੂੰ ਨੁਕਸਾਨ ਹੋ ਸਕਦਾ ਹੈ, ਉਨ੍ਹਾਂ ਮੁੱਦਿਆਂ ਬਾਰੇ ਸ਼ਾਇਦ ਕੋਈ ਖ਼ਬਰ ਨਾ ਦਿੱਤੀ ਜਾਵੇ।

  • ਸਰਕਾਰਾਂ। ਮੀਡੀਆ ਵਿਚ ਜ਼ਿਆਦਾਤਰ ਖ਼ਬਰਾਂ ਰਾਜਨੀਤਿਕ ਆਗੂਆਂ ਅਤੇ ਸਰਕਾਰਾਂ ਦੇ ਕੰਮ-ਕਾਰ ਬਾਰੇ ਹੁੰਦੀਆਂ ਹਨ। ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਉਨ੍ਹਾਂ ਉੱਤੇ ਭਰੋਸਾ ਕਰਨ ਅਤੇ ਉਨ੍ਹਾਂ ਦੀਆਂ ਨੀਤੀਆਂ ਅਤੇ ਅਧਿਕਾਰੀਆਂ ਦਾ ਸਮਰਥਨ ਕਰਨ। ਮੀਡੀਆ ਵਿਚ ਜ਼ਿਆਦਾ ਕਰਕੇ ਸਰਕਾਰਾਂ ਦੇ ਮਸਲਿਆਂ ਬਾਰੇ ਖ਼ਬਰਾਂ ਹੁੰਦੀਆਂ ਹਨ, ਇਸ ਕਰਕੇ ਕਈ ਵਾਰ ਰਿਪੋਰਟਰ ਤੇ ਸਰਕਾਰੀ ਅਧਿਕਾਰੀ ਮਿਲ ਕੇ ਕੰਮ ਕਰਦੇ ਹਨ।

  • ਇਸ਼ਤਿਹਾਰਬਾਜ਼ੀ। ਜ਼ਿਆਦਾਤਰ ਦੇਸ਼ਾਂ ਵਿਚ ਮੀਡੀਆ ਕੰਪਨੀਆਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਤੇ ਉਹ ਜ਼ਿਆਦਾ ਪੈਸਾ ਇਸ਼ਤਿਹਾਰਬਾਜ਼ੀ ਰਾਹੀਂ ਕਮਾਉਂਦੀਆਂ ਹਨ। ਅਮਰੀਕਾ ਵਿਚ ਇਸ਼ਤਿਹਾਰਬਾਜ਼ੀ ਰਾਹੀਂ ਰਸਾਲਿਆਂ ਨੂੰ 50 ਤੋਂ 60 ਪ੍ਰਤਿਸ਼ਤ, ਅਖ਼ਬਾਰਾਂ ਨੂੰ 80 ਪ੍ਰਤਿਸ਼ਤ ਅਤੇ ਟੈਲੀਵਿਯਨ ਤੇ ਰੇਡੀਓ ਨੂੰ 100 ਪ੍ਰਤਿਸ਼ਤ ਕਮਾਈ ਹੁੰਦੀ ਹੈ। ਇਸ ਲਈ ਮਸ਼ਹੂਰੀਆਂ ਕਰਾਉਣ ਵਾਲੀਆਂ ਕੰਪਨੀਆਂ ਅਜਿਹੇ ਕਿਸੇ ਵੀ ਪ੍ਰੋਗ੍ਰਾਮ ਨੂੰ ਸਪਾਂਸਰ ਨਹੀਂ ਕਰਨਾ ਚਾਹੁੰਦੀਆਂ ਜਿਸ ਕਰਕੇ ਲੋਕਾਂ ਵਿਚ ਉਨ੍ਹਾਂ ਦੀਆਂ ਚੀਜ਼ਾਂ ਜਾਂ ਕੰਮ ਕਰਨ ਦੇ ਢੰਗ ਸੰਬੰਧੀ ਗ਼ਲਤ ਰਾਇ ਬਣੇ। ਜੇ ਉਨ੍ਹਾਂ ਨੂੰ ਕਿਸੇ ਨਿਊਜ਼ ਕੰਪਨੀ ਦਾ ਕੋਈ ਪ੍ਰੋਗ੍ਰਾਮ ਚੰਗਾ ਨਹੀਂ ਲੱਗਦਾ, ਤਾਂ ਉਹ ਕਿਸੇ ਹੋਰ ਨਿਊਜ਼ ਕੰਪਨੀ ਤੋਂ ਆਪਣੀ ਮਸ਼ਹੂਰੀ ਕਰਾਉਂਦੀਆਂ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਸ਼ਾਇਦ ਸੰਪਾਦਕ ਅਜਿਹੀਆਂ ਖ਼ਬਰਾਂ ਨਾ ਦੇਣ ਜਿਨ੍ਹਾਂ ਕਰਕੇ ਮਸ਼ਹੂਰੀ ਕਰਾਉਣ ਵਾਲੀ ਕੰਪਨੀ ’ਤੇ ਮਾੜਾ ਅਸਰ ਪਵੇ।

  • ਬੇਈਮਾਨੀ। ਸਾਰੇ ਰਿਪੋਰਟਰ ਈਮਾਨਦਾਰ ਨਹੀਂ ਹੁੰਦੇ। ਕੁਝ ਰਿਪੋਰਟਰ ਆਪਣੇ ਵੱਲੋਂ ਖ਼ਬਰਾਂ ਬਣਾ ਲੈਂਦੇ ਹਨ। ਮਿਸਾਲ ਲਈ, ਕੁਝ ਸਾਲ ਪਹਿਲਾਂ ਜਪਾਨ ਵਿਚ ਇਕ ਰਿਪੋਰਟਰ ਖ਼ਬਰ ਛਾਪਣੀ ਚਾਹੁੰਦਾ ਸੀ ਕਿ ਸਮੁੰਦਰ ਵਿਚ ਮਜ਼ੇ ਲਈ ਗੋਤਾਖੋਰੀ ਕਰਨ ਵਾਲੇ ਲੋਕ ਓਕੀਨਾਵਾ ਵਿਚ ਮੂੰਗਾ ਚਟਾਨਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਉਸ ਨੂੰ ਅਜਿਹੀ ਕੋਈ ਚਟਾਨ ਨਹੀਂ ਮਿਲੀ ਜਿਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੋਵੇ। ਇਸ ਲਈ ਉਸ ਨੇ ਆਪ ਉਨ੍ਹਾਂ ਦੀ ਭੰਨ-ਤੋੜ ਕੀਤੀ ਤੇ ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ। ਲੋਕਾਂ ਨੂੰ ਗੁਮਰਾਹ ਕਰਨ ਲਈ ਫੋਟੋਆਂ ਨਾਲ ਵੀ ਛੇੜ-ਛਾੜ ਕੀਤੀ ਜਾਂਦੀ ਹੈ। ਅੱਜ ਅਜਿਹੇ ਬਹੁਤ ਸਾਰੇ ਪ੍ਰੋਗ੍ਰਾਮ ਹਨ ਜਿਨ੍ਹਾਂ ’ਤੇ ਫੋਟੋਆਂ ਨਾਲ ਕੀਤੀ ਛੇੜ-ਛਾੜ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ।

  • ਘੁਮਾ-ਫਿਰਾ ਕੇ ਗੱਲ ਦੱਸਣੀ। ਭਾਵੇਂ ਕਿਸੇ ਮੁੱਦੇ ਬਾਰੇ ਸਬੂਤ ਪੱਕੇ ਵੀ ਹੋਣ, ਪਰ ਉਨ੍ਹਾਂ ਨੂੰ ਖ਼ਬਰਾਂ ਵਿਚ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਇਹ ਰਿਪੋਰਟਰ ਉੱਤੇ ਨਿਰਭਰ ਕਰਦਾ ਹੈ। ਉਹ ਦੇਖਦਾ ਹੈ ਕਿ ਖ਼ਬਰਾਂ ਵਿਚ ਕਿਹੜੀਆਂ ਗੱਲਾਂ ਸ਼ਾਮਲ ਕਰਨੀਆਂ ਹਨ ਤੇ ਕਿਹੜੀਆਂ ਨਹੀਂ। ਉਦਾਹਰਣ ਲਈ, ਇਕ ਫੁਟਬਾਲ ਦੀ ਟੀਮ ਸ਼ਾਇਦ ਦੋ ਗੋਲਾਂ ਨਾਲ ਮੈਚ ਹਾਰ ਜਾਵੇ। ਪਰ ਟੀਮ ਦੇ ਹਾਰਨ ਦੀ ਕਹਾਣੀ ਰਿਪੋਰਟਰ ਕਈ ਤਰੀਕਿਆਂ ਨਾਲ ਦੱਸ ਸਕਦਾ ਹੈ।

  • ਪੂਰੀ ਗੱਲ ਨਹੀਂ ਦੱਸਣੀ। ਜਦੋਂ ਕਿਸੇ ਮੁੱਦੇ ਬਾਰੇ ਖ਼ਬਰ ਤਿਆਰ ਕੀਤੀ ਜਾਂਦੀ ਹੈ, ਤਾਂ ਰਿਪੋਰਟਰ ਅਕਸਰ ਉਹ ਗੱਲਾਂ ਕੱਢ ਦਿੰਦੇ ਹਨ ਜਿਨ੍ਹਾਂ ਕਰਕੇ ਮੁੱਦਾ ਹੋਰ ਗੁੰਝਲਦਾਰ ਬਣ ਸਕਦਾ ਹੈ ਜਾਂ ਕਈ ਸਵਾਲ ਖੜ੍ਹੇ ਹੋ ਸਕਦੇ ਹਨ। ਇਸ ਕਰਕੇ ਖ਼ਬਰਾਂ ਦੌਰਾਨ ਕਈ ਗੱਲਾਂ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ ਤੇ ਕਈਆਂ ਬਾਰੇ ਥੋੜ੍ਹਾ-ਬਹੁਤਾ ਹੀ। ਕਈ ਵਾਰ ਟੈਲੀਵਿਯਨ ਉੱਤੇ ਖ਼ਬਰਾਂ ਦੇਣ ਵਾਲਿਆਂ ਨੂੰ ਇਕ ਮਿੰਟ ਵਿਚ ਕਿਸੇ ਗੁੰਝਲਦਾਰ ਮਸਲੇ ਬਾਰੇ ਦੱਸਣਾ ਹੁੰਦਾ ਹੈ, ਇਸ ਲਈ ਉਹ ਸ਼ਾਇਦ ਕਈ ਜ਼ਰੂਰੀ ਗੱਲਾਂ ਨਾ ਦੱਸਣ।

  • ਮੁਕਾਬਲੇਬਾਜ਼ੀ। ਪਿਛਲੇ ਕੁਝ ਸਾਲਾਂ ਦੌਰਾਨ ਟੈਲੀਵਿਯਨ ਚੈਨਲਾਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਲੋਕ ਇੱਕੋ ਚੈਨਲ ਜ਼ਿਆਦਾ ਦੇਰ ਨਹੀਂ ਦੇਖਦੇ। ਲੋਕਾਂ ਦੀ ਦਿਲਚਸਪੀ ਬਣਾਈ ਰੱਖਣ ਲਈ ਨਿਊਜ਼ ਚੈਨਲ ਅਨੋਖੀਆਂ ਜਾਂ ਦਿਲਚਸਪ ਖ਼ਬਰਾਂ ਪੇਸ਼ ਕਰਨ ਲਈ ਮਜਬੂਰ ਹਨ। ਮੀਡੀਆ ਬਾਰੇ ਇਕ ਕਿਤਾਬ ਵਿਚ ਕਿਹਾ ਗਿਆ ਹੈ: “ਟੈਲੀਵਿਯਨ ਉੱਤੇ ਖ਼ਬਰਾਂ ਇਕ ਸ਼ੋਅ ਬਣ ਕੇ ਰਹਿ ਗਈਆਂ ਹਨ। ਲੋਕਾਂ ਨੂੰ ਝਟਕਾ ਦੇਣ ਵਾਲੀਆਂ ਜਾਂ ਉਤਸੁਕਤਾ ਜਗਾਉਣ ਵਾਲੀਆਂ ਤਸਵੀਰਾਂ ਲਗਾਤਾਰ ਦਿਖਾਈਆਂ ਜਾਂਦੀਆਂ ਹਨ। ਲੋਕਾਂ ਦਾ ਧਿਆਨ ਵੀ ਇਕ ਖ਼ਬਰ ਉੱਤੇ ਜ਼ਿਆਦਾ ਦੇਰ ਨਹੀਂ ਰਹਿੰਦਾ, ਇਸ ਕਰਕੇ ਖ਼ਬਰਾਂ ਨੂੰ ਵੀ ਛੋਟਾ ਕਰ ਕੇ ਦੱਸਿਆ ਜਾਂਦਾ ਹੈ।”

  • ਗ਼ਲਤੀਆਂ। ਰਿਪੋਰਟਰ ਵੀ ਇਨਸਾਨ ਹਨ, ਇਸ ਕਰਕੇ ਉਹ ਅਣਜਾਣੇ ਵਿਚ ਗ਼ਲਤੀਆਂ ਕਰਦੇ ਹਨ। ਕਿਸੇ ਸ਼ਬਦ ਨੂੰ ਗ਼ਲਤ ਲਿਖਿਆ ਹੋਣ ਕਰਕੇ ਜਾਂ ਗ਼ਲਤ ਜਗ੍ਹਾ ’ਤੇ ਕਾਮਾ ਪਾਉਣ ਕਰਕੇ ਜਾਂ ਵਿਆਕਰਣ ਦੀਆਂ ਗ਼ਲਤੀਆਂ ਕਰਕੇ ਕਿਸੇ ਵਾਕ ਦਾ ਮਤਲਬ ਪੂਰੀ ਤਰ੍ਹਾਂ ਬਦਲ ਸਕਦਾ ਹੈ। ਜਾਣਕਾਰੀ ਨੂੰ ਸ਼ਾਇਦ ਧਿਆਨ ਨਾਲ ਚੈੱਕ ਨਾ ਕੀਤਾ ਜਾਵੇ। ਅੰਕੜੇ ਲਿਖਣ ਵੇਲੇ ਵੀ ਗ਼ਲਤੀ ਹੋ ਸਕਦੀ ਹੈ। ਸਮਾਂ ਜ਼ਿਆਦਾ ਨਾ ਹੋਣ ਕਰਕੇ ਰਿਪੋਰਟਰ ਸ਼ਾਇਦ ਕਾਹਲੀ ਵਿਚ 100 ਦੀ ਬਜਾਇ 1000 ਲਿਖ ਦੇਵੇ।

  • ਗ਼ਲਤ ਮਤਲਬ ਕੱਢਣਾ। ਕਿਸੇ ਗੱਲ ਬਾਰੇ ਸਹੀ-ਸਹੀ ਖ਼ਬਰ ਦੇਣ ਦਾ ਕੰਮ ਇੰਨਾ ਸੌਖਾ ਨਹੀਂ ਹੈ ਜਿੰਨਾ ਕੁਝ ਲੋਕ ਸੋਚਦੇ ਹਨ। ਅੱਜ ਜੋ ਗੱਲ ਸਹੀ ਲੱਗਦੀ ਹੈ, ਉਹ ਸ਼ਾਇਦ ਕੱਲ੍ਹ ਨੂੰ ਗ਼ਲਤ ਸਾਬਤ ਹੋਵੇ। ਉਦਾਹਰਣ ਲਈ, ਪਹਿਲਾਂ ਮੰਨਿਆ ਜਾਂਦਾ ਸੀ ਕਿ ਧਰਤੀ ਸੂਰਜੀ ਪਰਿਵਾਰ ਦਾ ਕੇਂਦਰ ਸੀ। ਪਰ ਹੁਣ ਅਸੀਂ ਜਾਣਦੇ ਹਾਂ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ।

ਸਾਵਧਾਨ ਰਹਿਣ ਦੀ ਲੋੜ

ਭਾਵੇਂ ਹਰ ਖ਼ਬਰ ’ਤੇ ਭਰੋਸਾ ਕਰਨਾ ਅਕਲਮੰਦੀ ਨਹੀਂ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਵੀ ਖ਼ਬਰ ’ਤੇ ਭਰੋਸਾ ਨਾ ਕਰੀਏ। ਅਸੀਂ ਸਾਰੀਆਂ ਖ਼ਬਰਾਂ ’ਤੇ ਸ਼ੱਕ ਤਾਂ ਨਹੀਂ ਕਰਦੇ, ਫਿਰ ਵੀ ਅਸੀਂ ਸਾਵਧਾਨ ਰਹਿੰਦੇ ਹਾਂ।

ਬਾਈਬਲ ਕਹਿੰਦੀ ਹੈ: “ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ?” (ਅੱਯੂਬ 12:11) ਅੱਗੇ ਕੁਝ ਸੁਝਾਅ ਦਿੱਤੇ ਗਏ ਹਨ ਜੋ ਖ਼ਬਰਾਂ ਦੀ ਪਰਖ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ:

  • ਰਿਪੋਰਟ ਦੇਣ ਵਾਲਾ: ਕੀ ਰਿਪੋਰਟ ਜਾਂ ਖ਼ਬਰ ਕਿਸੇ ਭਰੋਸੇਯੋਗ ਤੇ ਜ਼ਿੰਮੇਵਾਰ ਵਿਅਕਤੀ ਜਾਂ ਸੰਸਥਾ ਨੇ ਦਿੱਤੀ ਹੈ? ਕੀ ਪ੍ਰੋਗ੍ਰਾਮ ਜਾਂ ਪ੍ਰਕਾਸ਼ਨ ਸਹੀ-ਸਹੀ ਜਾਣਕਾਰੀ ਦੇਣ ਲਈ ਜਾਣਿਆ ਜਾਂਦਾ ਹੈ ਜਾਂ ਫਿਰ ਸਨਸਨੀਖੇਜ਼ ਖ਼ਬਰਾਂ ਲਈ? ਖ਼ਬਰ ਦੇਣ ਵਾਲੇ ਨਿਊਜ਼ ਚੈਨਲ ਜਾਂ ਅਖ਼ਬਾਰ ਨੂੰ ਪੈਸਾ ਕਿੱਥੋਂ ਆਉਂਦਾ ਹੈ?

  • ਰਿਪੋਰਟ ਦੇਣ ਦਾ ਢੰਗ: ਜਦੋਂ ਸੋਚ-ਸਮਝ ਕੇ ਕੋਈ ਖ਼ਬਰ ਦੇਣ ਦੀ ਬਜਾਇ ਗੁੱਸੇ ਵਿਚ ਜਾਂ ਹੱਦੋਂ ਵੱਧ ਆਲੋਚਨਾ ਕਰਨ ਲਈ ਦਿੱਤੀ ਜਾਂਦੀ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਜਿਸ ਬਾਰੇ ਖ਼ਬਰ ਹੈ, ਉਸ ਉੱਤੇ ਹਮਲਾ ਕੀਤਾ ਜਾ ਰਿਹਾ ਹੈ।

  • ਮਕਸਦ: ਆਪਣੇ ਆਪ ਨੂੰ ਪੁੱਛੋ: ‘ਕੀ ਇਹ ਖ਼ਬਰ ਜਾਣਕਾਰੀ ਦੇਣ ਲਈ ਹੈ ਜਾਂ ਫਿਰ ਲੋਕਾਂ ਦਾ ਮਨ ਪਰਚਾਉਣ ਲਈ? ਕੀ ਇਸ ਵਿਚ ਕੁਝ ਵੇਚਣ ਜਾਂ ਕਿਸੇ ਗੱਲ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ?’

  • ਜਾਣਕਾਰੀ ਦਾ ਆਧਾਰ: ਕੀ ਇਸ ਗੱਲ ਦਾ ਸਬੂਤ ਹੈ ਕਿ ਖ਼ਬਰ ਬਾਰੇ ਪੂਰੀ ਖੋਜ ਕੀਤੀ ਗਈ ਹੈ? ਜਾਣਕਾਰੀ ਕਿੱਥੋਂ ਲਈ ਗਈ ਹੈ? ਕੀ ਭਰੋਸਾ ਕੀਤਾ ਜਾ ਸਕਦਾ ਹੈ ਕਿ ਜਾਣਕਾਰੀ ਸਹੀ ਹੈ ਤੇ ਇਸ ਵਿਚ ਕਿਸੇ ਦਾ ਪੱਖ ਨਹੀਂ ਲਿਆ ਗਿਆ? ਕੀ ਸਾਰੇ ਪੱਖਾਂ ’ਤੇ ਵਿਚਾਰ ਕੀਤਾ ਗਿਆ ਹੈ ਜਾਂ ਫਿਰ ਇਕ ਪੱਖ ਨੂੰ ਸਾਬਤ ਕਰਨ ਲਈ ਜਾਣਕਾਰੀ ਇਸਤੇਮਾਲ ਕੀਤੀ ਗਈ ਹੈ?

  • ਹੋਰਨਾਂ ਰਿਪੋਰਟਾਂ ਨਾਲ ਮਿਲਦੀ-ਜੁਲਦੀ: ਜੋ ਵੀ ਜਾਣਕਾਰੀ ਦਿੱਤੀ ਗਈ ਹੈ, ਕੀ ਉਹ ਹੋਰ ਲੇਖਾਂ ਜਾਂ ਰਿਪੋਰਟਾਂ ਨਾਲ ਮੇਲ ਖਾਂਦੀ ਹੈ? ਜੇ ਇਕ ਲੇਖ ਜਾਂ ਰਿਪੋਰਟ ਵਿਚ ਦਿੱਤੀ ਜਾਣਕਾਰੀ ਦੂਜਿਆਂ ਤੋਂ ਉਲਟ ਹੈ, ਤਾਂ ਸਾਵਧਾਨ ਰਹੋ।

  • ਕਿੰਨੀ ਕੁ ਨਵੀਂ ਜਾਂ ਪੁਰਾਣੀ: ਕੀ ਜਾਣਕਾਰੀ ਜ਼ਿਆਦਾ ਪੁਰਾਣੀ ਤਾਂ ਨਹੀਂ? ਕਈ ਵਾਰ ਕੋਈ ਗੱਲ 20 ਸਾਲ ਪਹਿਲਾਂ ਠੀਕ ਮੰਨੀ ਜਾਂਦੀ ਹੋਵੇ, ਪਰ ਅੱਜ ਸ਼ਾਇਦ ਉਹ ਠੀਕ ਨਾ ਹੋਵੇ। ਦੂਜੇ ਪਾਸੇ, ਜੇ ਇਹ ਖ਼ਬਰ ਇਕਦਮ ਤਾਜ਼ਾ ਹੈ, ਤਾਂ ਇਸ ਵਿਚ ਸ਼ਾਇਦ ਪੂਰੀ ਜਾਣਕਾਰੀ ਨਾ ਦਿੱਤੀ ਗਈ ਹੋਵੇ।

ਸੋ ਕੀ ਤੁਸੀਂ ਖ਼ਬਰਾਂ ’ਤੇ ਭਰੋਸਾ ਕਰ ਸਕਦੇ ਹੋ? ਬਾਈਬਲ ਦੀ ਇਹ ਸਲਾਹ ਇਸ ਸੰਬੰਧ ਵਿਚ ਸਾਡੀ ਮਦਦ ਕਰ ਸਕਦੀ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”​—ਕਹਾਉਤਾਂ 14:15. ▪ (w13-E 12/01)