Skip to content

Skip to table of contents

ਮੁੱਖ ਪੰਨੇ ਤੋਂ

ਅਪਰਾਧ ਦੇ ਸ਼ਿਕਾਰ ਹੋਣ ਤੋਂ ਬਚੋ!

ਅਪਰਾਧ ਦੇ ਸ਼ਿਕਾਰ ਹੋਣ ਤੋਂ ਬਚੋ!

“ਆਮ ਤੌਰ ਤੇ ਅਨ੍ਹੇਰਾ ਹੋਣ ਪਿੱਛੋਂ ਮੇਰੇ ਦੋਸਤ ਪੈਦਲ ਮੈਨੂੰ ਘਰ ਛੱਡਣ ਆ ਜਾਂਦੇ ਸਨ। ਪਰ ਇਕ ਸ਼ਾਮ ਮੈਂ ਇੰਨੀ ਥੱਕੀ ਸੀ ਕਿ ਮੈਂ ਟੈਕਸੀ ਕਰ ਲਈ।

“ਡਰਾਈਵਰ ਮੈਨੂੰ ਘਰ ਲੈ ਕੇ ਜਾਣ ਦੀ ਬਜਾਇ ਇਕ ਸੁੰਨੀ ਜਗ੍ਹਾ ਲੈ ਗਿਆ ਜਿੱਥੇ ਉਸ ਨੇ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉੱਚੀ-ਉੱਚੀ ਚੀਕਾਂ ਮਾਰੀਆਂ ਤੇ ਉਹ ਪਿੱਛੇ ਹਟ ਗਿਆ। ਜਦੋਂ ਉਹ ਫਿਰ ਮੇਰੇ ਵੱਲ ਆਇਆ, ਤਾਂ ਮੈਂ ਦੁਬਾਰਾ ਚੀਕਾਂ ਮਾਰੀਆਂ ਤੇ ਮੈਂ ਭੱਜ ਗਈ।

“ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ‘ਚੀਕਾਂ ਮਾਰਨ ਨਾਲ ਕੀ ਫ਼ਾਇਦਾ ਹੋਵੇਗਾ?’ ਪਰ ਹੁਣ ਮੈਂ ਕਹਿ ਸਕਦੀ ਹਾਂ ਕਿ ਇਸ ਦਾ ਫ਼ਾਇਦਾ ਹੁੰਦਾ ਹੈ!”​—ਕਾਰਿਨ। *

ਬਹੁਤ ਸਾਰੇ ਦੇਸ਼ਾਂ ਵਿਚ ਅਪਰਾਧ ਦਾ ਖ਼ਤਰਾ ਆਮ ਗੱਲ ਹੈ। ਮਿਸਾਲ ਲਈ, ਇਕ ਦੇਸ਼ ਦੇ ਜੱਜ ਨੇ ਕਿਹਾ ਕਿ “ਇਕ-ਨਾ-ਇਕ ਦਿਨ ਸਾਰੇ ਜਣੇ ਅਪਰਾਧ ਦੇ ਸ਼ਿਕਾਰ ਹੋਣਗੇ।” ਦੂਜੇ ਪਾਸੇ, ਕਈ ਦੇਸ਼ਾਂ ਵਿਚ ਅਪਰਾਧ ਦਾ ਜ਼ਿਆਦਾ ਖ਼ਤਰਾ ਨਹੀਂ ਹੁੰਦਾ। ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕਦੇ ਅਪਰਾਧ ਦਾ ਸ਼ਿਕਾਰ ਨਹੀਂ ਹੋਵਾਂਗੇ। ਜੇ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਸਕਦੇ ਹਾਂ।

ਚਾਹੇ ਤੁਸੀਂ ਉਸ ਜਗ੍ਹਾ ਰਹਿੰਦੇ ਹੋ ਜਿੱਥੇ ਜ਼ਿਆਦਾ ਅਪਰਾਧ ਹੈ ਜਾਂ ਘੱਟ, ਫਿਰ ਵੀ ਤੁਸੀਂ ਆਪਣੀ ਤੇ ਆਪਣਿਆਂ ਦੀ ਰਾਖੀ ਕਿਵੇਂ ਕਰ ਸਕਦੇ ਹੋ? ਬਾਈਬਲ ਦੀ ਇਸ ਸਲਾਹ ਨੂੰ ਮੰਨ ਕੇ ਤੁਸੀਂ ਇੱਦਾਂ ਕਰ ਸਕਦੇ ਹੋ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਦਰਅਸਲ ਪੁਲਸ ਲੋਕਾਂ ਨੂੰ ਕਹਿੰਦੀ ਹੈ ਕਿ ਤੁਹਾਨੂੰ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਚਾਹੀਦੀ ਹੈ ਤਾਂਕਿ ਤੁਸੀਂ ਅਪਰਾਧ ਦੇ ਸ਼ਿਕਾਰ ਨਾ ਬਣੋ।

ਅਪਰਾਧ ਕਰਕੇ ਸਿਰਫ਼ ਜਾਨ-ਮਾਲ ਦਾ ਹੀ ਨੁਕਸਾਨ ਨਹੀਂ ਹੁੰਦਾ, ਸਗੋਂ ਬਹੁਤ ਸਾਰਿਆਂ ਨੂੰ ਮਾਨਸਿਕ ਤੇ ਜਜ਼ਬਾਤੀ ਪੀੜਾਂ ਸਹਿਣੀਆਂ ਪੈਂਦੀਆਂ ਹਨ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਦੀ ਰਾਖੀ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਆਪਾਂ ਦੇਖੀਏ ਕਿ ਅਸੀਂ ਚਾਰ ਤਰ੍ਹਾਂ ਦੇ ਅਪਰਾਧਾਂ ਤੋਂ ਬਚਣ ਲਈ ਕੀ ਕਰ ਸਕਦੇ ਹਾਂ। ਉਹ ਚਾਰ ਅਪਰਾਧ ਹਨ: ਲੁੱਟਮਾਰ, ਅਸ਼ਲੀਲ ਛੇੜਖਾਨੀ, ਸਾਈਬਰ ਕ੍ਰਾਈਮ ਅਤੇ ਨਿੱਜੀ ਜਾਣਕਾਰੀ ਚੁਰਾਉਣੀ।

ਲੁੱਟਮਾਰ

ਇਹ ਕੀ ਹੈ? ਜਦੋਂ ਕੋਈ ਕਿਸੇ ਨੂੰ ਗੱਲਾਂ ਰਾਹੀਂ ਡਰਾ-ਧਮਕਾ ਕੇ ਜਾਂ ਜ਼ਬਰਦਸਤੀ ਉਨ੍ਹਾਂ ਦੀਆਂ ਚੀਜ਼ਾਂ ਖੋਂਹਦਾ ਹੈ, ਤਾਂ ਇਸ ਨੂੰ ਲੁੱਟਮਾਰ ਕਹਿੰਦੇ ਹਨ।

ਇਸ ਦਾ ਦੂਜਿਆਂ ’ਤੇ ਕੀ ਅਸਰ ਪੈਂਦਾ ਹੈ? ਇੰਗਲੈਂਡ ਵਿਚ ਕਈ ਚੋਰੀਆਂ ਕਰਨ ਲਈ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਬਾਰੇ ਇਕ ਵਕੀਲ ਨੇ ਕਿਹਾ ਕਿ ਜਿਨ੍ਹਾਂ ਦੀਆਂ ਚੀਜ਼ਾਂ ਚੋਰੀ ਕੀਤੀਆਂ ਗਈਆਂ ਸਨ ਭਾਵੇਂ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ, ਪਰ ਇਸ ਦਾ ਅਸਰ ਉਨ੍ਹਾਂ ਦੇ ਦਿਲ-ਦਿਮਾਗ਼ ’ਤੇ ਪਿਆ। ਉਸੇ ਵਕੀਲ ਨੇ ਅੱਗੇ ਕਿਹਾ ਕਿ “ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਹ ਅਜੇ ਵੀ ਨਿਰਾਸ਼ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨਾਲ ਜੋ ਹੋਇਆ, ਇਸ ਦਾ ਅਸਰ ਉਨ੍ਹਾਂ ਦੀ ਹਰ ਰੋਜ਼ ਦੀ ਜ਼ਿੰਦਗੀ ’ਤੇ ਪੈਂਦਾ ਹੈ।”

ਤੁਸੀਂ ਕੀ ਕਰ ਸਕਦੇ ਹੋ?

  • ਸਾਵਧਾਨ ਰਹੋ। ਚੋਰ ਮੌਕੇ ਭਾਲਦੇ ਹਨ ਤੇ ਉਹ ਭੋਲੇ ਤੇ ਮਾਸੂਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ। ਇਸ ਲਈ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖੋ ਤੇ ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਤੁਹਾਡੇ ’ਤੇ ਨਜ਼ਰ ਰੱਖ ਰਹੇ ਹਨ। ਨਾਲੇ ਜ਼ਿਆਦਾ ਸ਼ਰਾਬ ਪੀ ਕੇ ਜਾਂ ਨਸ਼ੇ ਕਰ ਕੇ ਆਪਣੀ ਸੁਰਤ ਨਾ ਗੁਆਓ। ਸਿਹਤ ਬਾਰੇ ਇਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਜਦੋਂ ਕੋਈ ਸ਼ਰਾਬ ਪੀਂਦਾ ਜਾਂ ਨਸ਼ੇ ਖਾਂਦਾ ਹੈ, ਤਾਂ ਉਹ ਨਾ ਤਾਂ ਸਹੀ ਤਰੀਕੇ ਨਾਲ ਸੋਚ ਸਕਦਾ ਹੈ ਤੇ ਨਾ ਹੀ ਕੋਈ ਖ਼ਤਰਾ ਦੇਖ ਸਕਦਾ ਹੈ।”

  • ਆਪਣੀਆਂ ਚੀਜ਼ਾਂ ਦੀ ਰਾਖੀ ਕਰੋ। ਆਪਣੀ ਕਾਰ ਨੂੰ ਖੁੱਲ੍ਹੀ ਨਾ ਛੱਡੋ ਅਤੇ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਨੂੰ ਤਾਲੇ ਲਾ ਕੇ ਰੱਖੋ। ਕਿਸੇ ਅਜਨਬੀ ਨੂੰ ਆਪਣੇ ਘਰ ਅੰਦਰ ਨਾ ਬੁਲਾਓ। ਆਪਣੇ ਗਹਿਣੇ ਦੂਸਰਿਆਂ ਤੋਂ ਓਹਲੇ ਰੱਖੋ; ਇਨ੍ਹਾਂ ਦਾ ਦਿਖਾਵਾ ਨਾ ਕਰੋ। ਕਹਾਉਤਾਂ 11:2 ਵਿਚ ਦੱਸਿਆ ਗਿਆ ਹੈ ਕਿ “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (CL) ਚੋਰ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ, ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਜੋ ਆਪਣੇ ਗਹਿਣਿਆਂ ਤੇ ਇਲੈਕਟ੍ਰਾਨਿਕ ਚੀਜ਼ਾਂ ਦਾ ਦਿਖਾਵਾ ਕਰਦੇ ਹਨ।

  • ਸਲਾਹ ਲਓ। “ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ।” (ਕਹਾਉਤਾਂ 12:15) ਜੇ ਤੁਸੀਂ ਛੁੱਟੀਆਂ ਮਨਾਉਣ ਜਾਂਦੇ ਹੋ, ਤਾਂ ਉੱਥੇ ਦੇ ਭਰੋਸੇਯੋਗ ਲੋਕਾਂ ਕੋਲੋਂ ਸਲਾਹ ਲਓ ਅਤੇ ਪੁਲਸ ਦੀ ਵੀ ਗੱਲ ਸੁਣੋ। ਉਹ ਤੁਹਾਨੂੰ ਦੱਸ ਸਕਦੇ ਹਨ ਕਿ ਤੁਹਾਨੂੰ ਕਿੱਥੇ ਜਾਣਾ ਚਾਹੀਦਾ ਹੈ ਤੇ ਕਿੱਥੇ ਨਹੀਂ ਅਤੇ ਤੁਸੀਂ ਆਪਣੀ ਤੇ ਆਪਣੇ ਸਾਮਾਨ ਦੀ ਰਾਖੀ ਕਿਵੇਂ ਕਰ ਸਕਦੇ ਹੋ।

ਅਸ਼ਲੀਲ ਛੇੜਖਾਨੀ

ਇਹ ਕੀ ਹੈ? ਅਸ਼ਲੀਲ ਛੇੜਖਾਨੀ ਕਰਨ ਦਾ ਮਤਲਬ ਸਿਰਫ਼ ਬਲਾਤਕਾਰ ਕਰਨਾ ਹੀ ਨਹੀਂ, ਸਗੋਂ ਇਸ ਵਿਚ ਕਿਸੇ ਨਾਲ ਜ਼ਬਰਦਸਤੀ ਜਾਂ ਡਰਾ-ਧਮਕਾ ਕੇ ਬਦਤਮੀਜ਼ੀ ਕਰਨੀ ਵੀ ਸ਼ਾਮਲ ਹੈ।

ਇਸ ਦਾ ਦੂਜਿਆਂ ’ਤੇ ਕੀ ਅਸਰ ਪੈਂਦਾ ਹੈ? ਇਕ ਔਰਤ ਜਿਸ ਨਾਲ ਬਲਾਤਕਾਰ ਹੋਇਆ, ਉਹ ਕਹਿੰਦੀ ਹੈ: “ਬਲਾਤਕਾਰ ਦਾ ਅਸਰ ਸਿਰਫ਼ ਉਦੋਂ ਹੀ ਨਹੀਂ ਹੁੰਦਾ ਜਦੋਂ ਇਹ ਤੁਹਾਡੇ ਨਾਲ ਹੋ ਰਿਹਾ ਹੁੰਦਾ, ਪਰ ਇਹ ਉਮਰ ਭਰ ਦਾ ਜ਼ਖ਼ਮ ਬਣ ਕੇ ਰਹਿ ਜਾਂਦਾ ਹੈ। ਇਸ ਦਾ ਅਸਰ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਉੱਤੇ ਹਮੇਸ਼ਾ ਲਈ ਪੈਂਦਾ ਹੈ।” ਇਹ ਸੱਚ ਹੈ ਕਿ ਬਲਾਤਕਾਰ ਦੀ ਸ਼ਿਕਾਰ ਹੋਈ ਔਰਤ ਦਾ ਕੋਈ ਕਸੂਰ ਨਹੀਂ ਹੁੰਦਾ, ਪਰ ਕਸੂਰ ਹੁੰਦਾ ਹੈ ਤਾਂ ਸਿਰਫ਼ ਬਲਾਤਕਾਰੀ ਦਾ।

ਤੁਸੀਂ ਕੀ ਕਰ ਸਕਦੇ ਹੋ?

  • ਆਪਣੇ ਜਜ਼ਬਾਤਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਅਮਰੀਕਾ ਦੇ ਉੱਤਰੀ ਕੈਰੋਲਾਇਨਾ ਦਾ ਪੁਲਸ ਡਿਪਾਰਟਮੈਂਟ ਇਹ ਸਲਾਹ ਦਿੰਦਾ ਹੈ: “ਜੇ ਤੁਹਾਨੂੰ ਕੋਈ ਜਗ੍ਹਾ ਠੀਕ ਨਾ ਲੱਗੇ, ਤਾਂ ਫ਼ੌਰਨ ਉੱਥੋਂ ਚੱਲੇ ਜਾਓ। ਜਾਂ ਜੇ ਕੋਈ ਇਨਸਾਨ ਤੁਹਾਨੂੰ ਠੀਕ ਨਾ ਲੱਗੇ, ਤਾਂ ਉਸ ਤੋਂ ਦੂਰ ਚਲੇ ਜਾਓ। ਕਿਸੇ ਦੇ ਕਹਿਣ ਕਰਕੇ ਨਾ ਰੁਕੋ, ਪਰ ਆਪਣੇ ਦਿਲ ਦੀ ਸੁਣੋ।”

  • ਚੁਕੰਨੇ ਰਹੋ। ਜਿਹੜੇ ਲੋਕ ਅਸ਼ਲੀਲ ਛੇੜਖਾਨੀ ਕਰਦੇ ਹਨ, ਉਹ ਭੇੜੀਏ ਵਾਂਗ ਤਾਕ ਵਿਚ ਰਹਿੰਦੇ ਹਨ ਕਿ ਕਿਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਣ। ਇਸ ਲਈ ਸਿੱਧੇ ਹੋ ਕੇ ਤੁਰੋ ਅਤੇ ਚੌਕਸ ਰਹੋ।

  • ਫ਼ੌਰਨ ਕਦਮ ਉਠਾਓ। ਚੀਕਾਂ ਮਾਰੋ। (ਬਿਵਸਥਾ ਸਾਰ 22:25-27) ਆਪਣੇ ਆਪ ਨੂੰ ਬਚਾਉਣ ਲਈ ਜੇ ਤੁਹਾਡੇ ਹੱਥ ਵਿਚ ਕੁਝ ਹੈ, ਤਾਂ ਇਸ ਨਾਲ ਉਸ ਨੂੰ ਮਾਰੋ ਜਾਂ ਅਜਿਹਾ ਕੁਝ ਕਰੋ ਜਿਸ ਤੋਂ ਦੋਸ਼ੀ ਚੌਂਕ ਜਾਵੇ। ਜੇ ਹੋ ਸਕੇ, ਤਾਂ ਕਿਸੇ ਸੁਰੱਖਿਅਤ ਜਗ੍ਹਾ ਭੱਜ ਜਾਓ ਅਤੇ ਪੁਲਸ ਨੂੰ ਸੱਦੋ। *

ਸਾਈਬਰ ਕ੍ਰਾਈਮ

ਇਹ ਕੀ ਹੈ? ਸਾਈਬਰ ਕ੍ਰਾਈਮ ਅਜਿਹਾ ਅਪਰਾਧ ਹੈ ਜੋ ਆਨ-ਲਾਈਨ ਕੀਤਾ ਜਾਂਦਾ ਹੈ। ਇਸ ਵਿਚ ਟੈਕਸ ਫਰਾਡ, ਵੈਲਫੇਅਰ ਫਰਾਡ, ਕ੍ਰੈਡਿਟ ਕਾਰਡ ਫਰਾਡ ਅਤੇ ਲੋਕਾਂ ਤੋਂ ਪੈਸੇ ਲੈ ਕੇ ਚੀਜ਼ ਨਾ ਭੇਜਣੀ ਵੀ ਸ਼ਾਮਲ ਹੈ। ਇਸ ਵਿਚ ਉਹ ਫਰਾਡ ਕੰਪਨੀਆਂ ਵੀ ਹਨ ਜੋ ਤੁਹਾਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੰਦੀਆਂ ਹਨ ਅਤੇ ਆਨ-ਲਾਈਨ ਚੀਜ਼ਾਂ ਦੀ ਨੀਲਾਮੀ ਕਰਦੀਆਂ ਹਨ।

ਇਸ ਦਾ ਦੂਜਿਆਂ ’ਤੇ ਕੀ ਅਸਰ ਪੈਂਦਾ ਹੈ? ਸਾਈਬਰ ਕ੍ਰਾਈਮ ਕਰਕੇ ਹਰਜਾਨਾ ਨਾ ਸਿਰਫ਼ ਉਸ ਇਨਸਾਨ ਨੂੰ ਭਰਨਾ ਪੈਂਦਾ ਹੈ ਜੋ ਇਸ ਫਰਾਡ ਦਾ ਸ਼ਿਕਾਰ ਹੋਇਆ ਹੈ, ਪਰ ਸਮਾਜ ਨੂੰ ਵੀ ਲੱਖਾਂ ਡਾਲਰਾਂ ਦਾ ਘਾਟਾ ਪੈਂਦਾ ਹੈ। ਜ਼ਰਾ ਇਸ ਮਿਸਾਲ ਉੱਤੇ ਗੌਰ ਕਰੋ: ਸਾਂਡਰਾ ਨੂੰ ਇਕ ਈ-ਮੇਲ ਮਿਲਿਆ ਤੇ ਉਸ ਨੂੰ ਲੱਗਾ ਕਿ ਇਹ ਉਸ ਦੇ ਬੈਂਕ ਵੱਲੋਂ ਹੈ ਜੋ ਉਸ ਨੂੰ ਉਸ ਦੀ ਨਿੱਜੀ ਜਾਣਕਾਰੀ ਦੇਣ ਬਾਰੇ ਕਹਿ ਰਿਹਾ ਹੈ। ਆਪਣੀ ਨਿੱਜੀ ਜਾਣਕਾਰੀ ਭੇਜਣ ਤੋਂ ਕੁਝ ਮਿੰਟਾਂ ਬਾਅਦ ਉਹ ਹੈਰਾਨ ਰਹਿ ਗਈ ਕਿ ਉਸ ਦੇ ਬੈਂਕ ਖਾਤੇ ਵਿੱਚੋਂ 4,000 ਡਾਲਰ ਕਿਸੇ ਹੋਰ ਦੇਸ਼ ਦੀ ਬੈਂਕ ਵਿਚ ਚਲੇ ਗਏ। ਜਲਦੀ ਹੀ ਸਾਂਡਰਾ ਨੂੰ ਪਤਾ ਲੱਗ ਗਿਆ ਕਿ ਉਸ ਨਾਲ ਧੋਖਾ ਹੋਇਆ ਹੈ।

ਤੁਸੀਂ ਕੀ ਕਰ ਸਕਦੇ ਹੋ?

  • ਚੌਕਸ ਰਹੋ! ਸਾਰੀਆਂ ਵੈੱਬਸਾਈਟਾਂ ਨੂੰ ਵਧੀਆ ਨਾ ਸਮਝੋ ਅਤੇ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਕੋਈ ਵੀ ਅਸਲੀ ਕੰਪਨੀ ਈ-ਮੇਲ ਰਾਹੀਂ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਨਹੀਂ ਪੁੱਛੇਗੀ। ਆਨ-ਲਾਈਨ ਚੀਜ਼ਾਂ ਖ਼ਰੀਦਣ ਜਾਂ ਕਿਸੇ ਕੰਪਨੀ ਵਿਚ ਪੈਸਾ ਲਾਉਣ ਤੋਂ ਪਹਿਲਾਂ ਉਸ ਕੰਪਨੀ ਬਾਰੇ ਪਤਾ ਲਗਾਓ। ਕਹਾਉਤਾਂ 14:15 ਵਿਚ ਲਿਖਿਆ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” ਨਾਲੇ ਅਜਿਹੀਆਂ ਕੰਪਨੀਆਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਕਿਸੇ ਹੋਰ ਦੇਸ਼ ਵਿਚ ਹਨ। ਇਨ੍ਹਾਂ ਕੰਪਨੀਆਂ ਨਾਲ ਮੁਸ਼ਕਲ ਖੜ੍ਹੀ ਹੋਣ ਤੇ ਇਸ ਨੂੰ ਸੁਲਝਾਉਣਾ ਜ਼ਿਆਦਾ ਔਖਾ ਹੋ ਸਕਦਾ ਹੈ।

  • ਕੰਪਨੀ ਤੇ ਉਸ ਦੀਆਂ ਪਾਲਸੀਆਂ ਬਾਰੇ ਪਤਾ ਕਰੋ। ਆਪਣੇ ਤੋਂ ਪੁੱਛੋ: ‘ਕੰਪਨੀ ਦਾ ਦਫ਼ਤਰ ਕਿੱਥੇ ਹੈ? ਕੀ ਇਸ ਦਾ ਫ਼ੋਨ ਨੰਬਰ ਸਹੀ ਹੈ? ਕੀ ਮੇਰੇ ਵੱਲੋਂ ਖ਼ਰੀਦੀ ਗਈ ਚੀਜ਼ ਲਈ ਵਾਧੂ ਪੈਸੇ ਤਾਂ ਨਹੀਂ ਲੈਣਗੇ? ਮੇਰੀ ਖ਼ਰੀਦੀ ਚੀਜ਼ ਕਦੋਂ ਮਿਲੇਗੀ? ਕੀ ਖ਼ਰੀਦੀ ਚੀਜ਼ ਵਾਪਸ ਕੀਤੀ ਜਾ ਸਕਦੀ ਹੈ?’

  • ਹਰ ਗੱਲ ਨੂੰ ਸੱਚ ਨਾ ਮੰਨੋ। ਆਨ-ਲਾਈਨ ਅਪਰਾਧ ਦੇ ਸ਼ਿਕਾਰ ਉਹ ਲੋਕ ਹੁੰਦੇ ਹਨ ਜੋ ਲਾਲਚੀ ਹੁੰਦੇ ਹਨ ਤੇ ਉਹ ਲੋਕ ਜੋ ਮੁਫ਼ਤ ਵਿਚ ਚੀਜ਼ਾਂ ਚਾਹੁੰਦੇ ਹਨ। ਆਨ-ਲਾਈਨ ਅਪਰਾਧ ਕਰਨ ਵਾਲੇ ਲੋਕਾਂ ਨੂੰ ਲਾਲਚ ਦਿੰਦੇ ਹਨ ਕਿ ਉਹ ਘੱਟ ਕੰਮ ਕਰ ਕੇ ਬਹੁਤ ਪੈਸੇ ਕਮਾ ਸਕਦੇ ਹਨ। ਚਾਹੇ ਤੁਸੀਂ ਕਰਜ਼ਾ ਜਾਂ ਕ੍ਰੈਡਿਟ ਕਾਰਡ ਲੈਣ ਦੇ ਕਾਬਲ ਨਾ ਹੋਵੋ, ਫਿਰ ਵੀ ਉਹ ਤੁਹਾਨੂੰ ਇਹ ਦੇਣ ਲਈ ਤਿਆਰ ਹੁੰਦੇ ਹਨ। ਜਾਂ ਥੋੜ੍ਹੇ ਪੈਸੇ ਲਾ ਕੇ ਤੁਸੀਂ ਵੱਧ ਕਮਾ ਸਕਦੇ ਹੋ। ਫੈਡਰਲ ਟਰੇਡ ਕਮਿਸ਼ਨ (ਐਫਟੀਸੀ) ਸਲਾਹ ਦਿੰਦਾ ਹੈ: “ਕਿਸੇ ਕੰਪਨੀ ਵਿਚ ਆਪਣੇ ਪੈਸੇ ਲਾਉਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਉਸ ਦੀ ਜਾਂਚ-ਪੜਤਾਲ ਕਰਨੀ ਚਾਹੀਦੀ ਹੈ। ਜਿੰਨੀ ਵੱਡੀ ਆਫ਼ਰ ਹੁੰਦੀ ਹੈ ਉੱਨਾ ਹੀ ਜ਼ਿਆਦਾ ਖ਼ਤਰਾ ਹੁੰਦਾ ਹੈ। ਉਦੋਂ ਤਕ ਕਿਸੇ ਦੇ ਦਬਾਅ ਹੇਠ ਨਾ ਆਓ ਜਦੋਂ ਤਕ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਹ ਕੰਪਨੀ ਸਹੀ ਹੈ ਜਾਂ ਨਹੀਂ।”

ਨਿੱਜੀ ਜਾਣਕਾਰੀ ਚੁਰਾਉਣੀ

ਇਹ ਕੀ ਹੈ? ਨਿੱਜੀ ਜਾਣਕਾਰੀ ਚੁਰਾਉਣ ਦਾ ਮਤਲਬ ਹੈ ਕਿ ਕੋਈ ਗ਼ੈਰ-ਕਾਨੂੰਨੀ ਢੰਗ ਨਾਲ ਤੁਹਾਡੀ ਨਿੱਜੀ ਜਾਣਕਾਰੀ ਚੁਰਾ ਕੇ ਕੋਈ ਫਰਾਡ ਜਾਂ ਹੋਰ ਕੋਈ ਅਪਰਾਧ ਕਰਦਾ ਹੈ।

ਇਸ ਦਾ ਦੂਜਿਆਂ ’ਤੇ ਕੀ ਅਸਰ ਪੈਂਦਾ ਹੈ? ਚੋਰ ਤੁਹਾਡੀ ਜਾਣਕਾਰੀ ਚੁਰਾ ਕੇ ਸ਼ਾਇਦ ਕ੍ਰੈਡਿਟ ਕਾਰਡ ਜਾਂ ਕਰਜ਼ਾ ਲੈਣ ਜਾਂ ਨਵਾਂ ਖਾਤਾ ਖੁੱਲ੍ਹਵਾਉਣ। ਭਾਵੇਂ ਕਿ ਬੈਂਕ ਤੁਹਾਡਾ ਕਰਜ਼ਾ ਕੈਂਸਲ ਕਰ ਦੇਵੇ, ਫਿਰ ਵੀ ਤੁਹਾਡੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਣ ਲਈ ਸ਼ਾਇਦ ਕਈ ਸਾਲ ਲੱਗ ਜਾਣ। ਅਪਰਾਧ ਦਾ ਸ਼ਿਕਾਰ ਹੋਇਆ ਇਕ ਇਨਸਾਨ ਦੱਸਦਾ ਹੈ: “ਪੈਸੇ ਚੋਰੀ ਹੋਣ ਨਾਲੋਂ ਤੁਹਾਡੇ ਨਾਂ ’ਤੇ ਲੱਗਾ ਕਲੰਕ ਜ਼ਿਆਦਾ ਬੁਰਾ ਹੈ।”

ਤੁਸੀਂ ਕੀ ਕਰ ਸਕਦੇ ਹੋ?

  • ਨਿੱਜੀ ਜਾਣਕਾਰੀ ਸਾਂਭ ਕੇ ਰੱਖੋ। ਜੇ ਤੁਸੀਂ ਆਨ-ਲਾਈਨ ਬੈਂਕਿੰਗ ਜਾਂ ਖ਼ਰੀਦਦਾਰੀ ਕਰਦੇ ਹੋ, ਤਾਂ ਬਾਕਾਇਦਾ ਆਪਣਾ ਪਾਸਵਰਡ ਬਦਲਦੇ ਰਹੋ, ਖ਼ਾਸ ਕਰਕੇ ਜੇ ਤੁਸੀਂ ਕਿਸੇ ਦਾ ਕੰਪਿਊਟਰ ਵਰਤਦੇ ਹੋ। ਜਿੱਦਾਂ ਪਹਿਲਾਂ ਦੱਸਿਆ ਗਿਆ ਸੀ ਕਿ ਉਨ੍ਹਾਂ ਈ-ਮੇਲਜ਼ ਤੋਂ ਬਚ ਕੇ ਰਹੋ ਜੋ ਤੁਹਾਡੀ ਨਿੱਜੀ ਜਾਣਕਾਰੀ ਪੁੱਛਦੀਆਂ ਹਨ।

    ਨਿੱਜੀ ਜਾਣਕਾਰੀ ਚੁਰਾਉਣ ਵਾਲੇ ਸਿਰਫ਼ ਕੰਪਿਊਟਰ ਹੀ ਨਹੀਂ ਵਰਤਦੇ। ਉਹ ਕੋਈ ਵੀ ਅਹਿਮ ਕਾਗਜ਼ਾਤ, ਜਿਵੇਂ ਕਿ ਤੁਹਾਡੀ ਬੈਂਕ ਸਟੇਟਮੈਂਟ, ਚੈੱਕ-ਬੁੱਕ, ਕ੍ਰੈਡਿਟ ਕਾਰਡ ਜਾਂ ਸੋਸ਼ਲ ਸਕਿਉਰਿਟੀ ਨੰਬਰ, ਚੋਰੀ ਕਰ ਸਕਦੇ ਹਨ। ਇਸ ਲਈ ਸਾਰੀਆਂ ਚੀਜ਼ਾਂ ਸਾਂਭ ਕੇ ਰੱਖੋ ਅਤੇ ਕੋਈ ਵੀ ਨਿੱਜੀ ਕਾਗਜ਼ ਸੁੱਟਣ ਤੋਂ ਪਹਿਲਾਂ ਪਾੜ ਦਿਓ ਜਾਂ ਸਾੜ ਦਿਓ। ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਡਾ ਕੋਈ ਕਾਗਜ਼ ਗੁਆਚ ਜਾਂ ਚੋਰੀ ਹੋ ਗਿਆ ਹੈ, ਤਾਂ ਫ਼ੌਰਨ ਇਸ ਦੀ ਰਿਪੋਰਟ ਦਰਜ ਕਰਾਓ।

  • ਆਪਣੇ ਖਾਤੇ ਨੂੰ ਬਾਕਾਇਦਾ ਚੈੱਕ ਕਰੋ। ਫੈਡਰਲ ਟਰੇਡ ਕਮਿਸ਼ਨ ਦੱਸਦਾ ਹੈ: “ਸਾਵਧਾਨੀ ਵਰਤਣ ਨਾਲ ਅਸੀਂ ਨਿੱਜੀ ਜਾਣਕਾਰੀ ਦੀ ਚੋਰੀ ਤੋਂ ਬਚ ਸਕਦੇ ਹਾਂ। ਜਲਦੀ ਨਾਲ ਚੋਰੀ ਦਾ ਪਤਾ ਲੱਗਣ ਨਾਲ ਅਸੀਂ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਸਕਦੇ ਹਾਂ।” ਇਸ ਲਈ ਬਾਕਾਇਦਾ ਆਪਣੇ ਬੈਂਕ ਖਾਤੇ ਨੂੰ ਚੈੱਕ ਕਰੋ ਕਿ ਸਭ ਕੁਝ ਠੀਕ ਹੈ ਜਾਂ ਨਹੀਂ। ਜੇ ਹੋ ਸਕੇ, ਤਾਂ ਕਿਸੇ ਭਰੋਸੇਯੋਗ ਕੰਪਨੀ ਕੋਲੋਂ ਆਪਣੀ ਕ੍ਰੈਡਿਟ ਰਿਪੋਰਟ ਕਢਵਾਓ। ਨਾਲੇ ਆਪਣੇ ਸਾਰੇ ਖਾਤੇ ਅਤੇ ਕ੍ਰੈਡਿਟ ਕਾਰਡ ਧਿਆਨ ਨਾਲ ਦੇਖੋ।

ਇਹ ਸੱਚ ਹੈ ਕਿ ਅੱਜ ਦੀ ਦੁਨੀਆਂ ਵਿਚ ਅਪਰਾਧ ਤੋਂ ਬਚਣ ਦੀ ਕੋਈ ਗਾਰੰਟੀ ਨਹੀਂ ਹੈ। ਬਹੁਤ ਸਾਰੇ ਲੋਕ ਜੋ ਸਾਵਧਾਨ ਰਹਿੰਦੇ ਹਨ ਉਹ ਵੀ ਅਪਰਾਧ ਦਾ ਸ਼ਿਕਾਰ ਹੁੰਦੇ ਹਨ। ਫਿਰ ਵੀ ਅਸੀਂ ਬਾਈਬਲ ਤੋਂ ਮਿਲੀ ਬੁੱਧ ਤੇ ਸਮਝਦਾਰੀ ਤੋਂ ਫ਼ਾਇਦਾ ਲੈ ਸਕਦੇ ਹਾਂ: “ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਛਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ।” (ਕਹਾਉਤਾਂ 4:6) ਇਸ ਤੋਂ ਵੀ ਵਧੀਆ ਗੱਲ ਹੈ ਕਿ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਹਰ ਤਰ੍ਹਾਂ ਦਾ ਅਪਰਾਧ ਖ਼ਤਮ ਕੀਤਾ ਜਾਵੇਗਾ।

ਜਲਦੀ ਹੀ ਅਪਰਾਧ ਦਾ ਖ਼ਾਤਮਾ

ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਰੱਬ ਅਪਰਾਧ ਨੂੰ ਜ਼ਰੂਰ ਖ਼ਤਮ ਕਰੇਗਾ? ਇਨ੍ਹਾਂ ਗੱਲਾਂ ਵੱਲ ਧਿਆਨ ਦਿਓ:

  • ਰੱਬ ਅਪਰਾਧ ਖ਼ਤਮ ਕਰਨਾ ਚਾਹੁੰਦਾ ਹੈ। “ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਤੋਂ ਬੁਰਿਆਈ ਸਣੇ ਘਿਣ ਕਰਦਾ ਹਾਂ।”​—ਯਸਾਯਾਹ 61:8.

  • ਉਸ ਵਿਚ ਅਪਰਾਧ ਨੂੰ ਖ਼ਤਮ ਕਰਨ ਦੀ ਤਾਕਤ ਹੈ। “ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਸਾਡੇ ਲਈ ਚੰਗਾ ਅਤੇ ਨਿਆਂਈ ਵੀ ਹੈ।”​—ਅੱਯੂਬ 37:23, ERV.

  • ਉਸ ਨੇ ਬੁਰੇ ਲੋਕਾਂ ਨੂੰ ਖ਼ਤਮ ਕਰਨ ਤੇ ਨੇਕ ਲੋਕਾਂ ਨੂੰ ਬਚਾਉਣ ਦਾ ਵਾਅਦਾ ਕੀਤਾ ਹੈ। “ਕੁਕਰਮੀ ਤਾਂ ਛੇਕੇ ਜਾਣਗੇ।” “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”​—ਜ਼ਬੂਰਾਂ ਦੀ ਪੋਥੀ 37:9, 29.

  • ਉਹ ਵਫ਼ਾਦਾਰ ਲੋਕਾਂ ਨੂੰ ਨਵੀਂ ਦੁਨੀਆਂ ਦੇਣ ਦਾ ਵਾਅਦਾ ਕਰਦਾ ਹੈ। “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”​—ਜ਼ਬੂਰਾਂ ਦੀ ਪੋਥੀ 37:11.

ਕੀ ਇਹ ਸ਼ਬਦ ਤੁਹਾਡੇ ਦਿਲ ਨੂੰ ਨਹੀਂ ਛੂੰਹਦੇ? ਜੇ ਹਾਂ, ਤਾਂ ਕਿਉਂ ਨਾ ਇਨਸਾਨਾਂ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਜਾਣਨ ਲਈ ਬਾਈਬਲ ਦਾ ਹੋਰ ਗਿਆਨ ਲੈਣ ਲਈ ਸਮਾਂ ਕੱਢੋ। ਬਾਈਬਲ ਵਿਚ ਹੀ ਬੁੱਧ ਦਾ ਭੰਡਾਰ ਹੈ। ਹੋਰ ਕੋਈ ਵੀ ਕਿਤਾਬ ਸਾਨੂੰ ਅਪਰਾਧ ਤੋਂ ਬਗੈਰ ਦੁਨੀਆਂ ਦੀ ਉਮੀਦ ਨਹੀਂ ਦਿੰਦੀ ਹੈ। * (g13 05-E)

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

^ ਪੈਰਾ 22 ਜ਼ਿਆਦਾਤਰ ਬੇਕਸੂਰ ਔਰਤਾਂ ਦੋਸ਼ੀ ਨੂੰ ਜਾਣਦੀਆਂ ਹੁੰਦੀਆਂ ਹਨ। ਹੋਰ ਜਾਣਕਾਰੀ ਲਈ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 1 (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 228 ਉੱਤੇ ਦਿੱਤਾ ਲੇਖ “ਮੈਂ ਅਸ਼ਲੀਲ ਛੇੜਖਾਨੀ ਤੋਂ ਕਿਵੇਂ ਬਚ ਸਕਦੀ ਹਾਂ?” ਦੇਖੋ। ਇਹ ਕਿਤਾਬ ਸਾਡੀ ਵੈੱਬਸਾਈਟ www.isa4310.com ’ਤੇ ਮਿਲ ਸਕਦੀ ਹੈ।

^ ਪੈਰਾ 44 ਤੁਸੀਂ ਬਾਈਬਲ ਦੀਆਂ ਅਹਿਮ ਸਿੱਖਿਆਵਾਂ ਬਾਰੇ ਹੋਰ ਜਾਣਕਾਰੀ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਵਿੱਚੋਂ ਲੈ ਸਕਦੇ ਹੋ। ਤੁਸੀਂ ਕਿਸੇ ਵੀ ਯਹੋਵਾਹ ਦੇ ਗਵਾਹ ਤੋਂ ਮੁਫ਼ਤ ਵਿਚ ਇਸ ਦੀ ਕਾਪੀ ਲੈ ਸਕਦੇ ਹੋ ਜਾਂ ਤੁਸੀਂ ਆਨ-ਲਾਈਨ www.isa4310.com ’ਤੇ ਪੜ੍ਹ ਸਕਦੇ ਹੋ।