Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਜ਼ਿੰਦਗੀ ਦਾ ਬਾਗ਼

ਜ਼ਿੰਦਗੀ ਦਾ ਬਾਗ਼

ਜ਼ਿੰਦਗੀ ਦਾ ਬਾਗ਼ ਕੀ ਹੈ?

ਲੋਕੀ ਕੀ ਕਹਿੰਦੇ ਹਨ

ਕੁਝ ਸੋਚਦੇ ਹਨ ਕਿ ਜ਼ਿੰਦਗੀ ਦਾ ਬਾਗ਼ ਇਕ ਮਨਘੜਤ ਕਹਾਣੀ ਹਨ। ਦੂਸਰੇ ਮੰਨਦੇ ਹਨ ਕਿ ਇਹ ਕਾਲਪਨਿਕ ਬਾਗ਼ ਹੈ ਜਿੱਥੇ ਚੰਗੇ ਲੋਕ ਹਮੇਸ਼ਾ ਲਈ ਜੀਉਂਦੇ ਰਹਿੰਦੇ ਹਨ ਅਤੇ ਚੰਗੇ ਕੰਮ ਕਰਨ ਦਾ ਮਜ਼ਾ ਲੈਂਦੇ ਹਨ।

ਬਾਈਬਲ ਕੀ ਕਹਿੰਦੀ ਹੈ

ਸ਼ਬਦ “ਜ਼ਿੰਦਗੀ ਦਾ ਬਾਗ਼” ਇਨਸਾਨ ਦੇ ਉਸ ਪਹਿਲੇ ਘਰ ਲਈ ਵਰਤੇ ਗਏ ਹਨ ਜਿਸ ਨੂੰ ਅਦਨ ਦਾ ਬਾਗ਼ ਕਿਹਾ ਜਾਂਦਾ ਸੀ। (ਉਤਪਤ 2:7-15) ਬਾਈਬਲ ਦੱਸਦੀ ਹੈ ਕਿ ਇਹ ਬਾਗ਼ ਇਕ ਅਸਲੀ ਜਗ੍ਹਾ ਸੀ ਜਿੱਥੇ ਪਹਿਲਾ ਇਨਸਾਨੀ ਜੋੜਾ ਰਹਿੰਦਾ ਸੀ ਜਿਸ ਨੂੰ ਨਾ ਤਾਂ ਕੋਈ ਬੀਮਾਰੀ ਸੀ ਤੇ ਨਾ ਹੀ ਉਸ ਨੇ ਮੌਤ ਦਾ ਸ਼ਿਕਾਰ ਹੋਣਾ ਸੀ। (ਉਤਪਤ 1:27, 28) ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ, ਇਸ ਲਈ ਉਨ੍ਹਾਂ ਨੇ ਬਾਗ਼ ਵਰਗਾ ਆਪਣਾ ਘਰ ਗੁਆ ਲਿਆ। ਪਰ ਬਾਈਬਲ ਦੀਆਂ ਕਈ ਭਵਿੱਖਬਾਣੀਆਂ ਦੱਸਦੀਆਂ ਹਨ ਕਿ ਧਰਤੀ ਨੂੰ ਦੁਬਾਰਾ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ ਜਿੱਥੇ ਇਨਸਾਨ ਦੁੱਖਾਂ-ਤਕਲੀਫ਼ਾਂ ਤੋਂ ਬਗੈਰ ਜੀਣਗੇ।

ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਜੇ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ, ਤਾਂ ਤੁਕ ਬਣਦੀ ਹੈ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਾਗ਼ ਵਰਗੀ ਧਰਤੀ ਉੱਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਨਾਲ ਨਿਵਾਜੇਗਾ। ਇਹ ਵੀ ਕਹਿਣਾ ਸਹੀ ਹੋਵੇਗਾ ਕਿ ਉਹ ਲੋਕਾਂ ਨੂੰ ਦੱਸੇਗਾ ਕਿ ਉਸ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। ਬਾਈਬਲ ਕਹਿੰਦੀ ਹੈ ਕਿ ਤੁਸੀਂ ਉਸ ਬਾਰੇ ਗਿਆਨ ਲੈ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹੋ।—ਯੂਹੰਨਾ 17:3; 1 ਯੂਹੰਨਾ 5:3.

‘ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ।’—ਉਤਪਤ 2:8.

ਜ਼ਿੰਦਗੀ ਦਾ ਬਾਗ਼ ਕਿੱਥੇ ਹੈ?

ਲੋਕੀ ਕੀ ਕਹਿੰਦੇ ਹਨ

ਕੁਝ ਮੰਨਦੇ ਹਨ ਕਿ ਜ਼ਿੰਦਗੀ ਦਾ ਬਾਗ਼ ਸਵਰਗ ਵਿਚ ਹੈ ਜਦ ਕਿ ਦੂਸਰੇ ਦਾਅਵਾ ਕਰਦੇ ਹਨ ਕਿ ਇਹ ਭਵਿੱਖ ਵਿਚ ਧਰਤੀ ਉੱਤੇ ਹੋਵੇਗਾ।

ਬਾਈਬਲ ਕੀ ਕਹਿੰਦੀ ਹੈ

ਇਨਸਾਨਾਂ ਵਾਸਤੇ ਮੁਢਲਾ ਜ਼ਿੰਦਗੀ ਦਾ ਬਾਗ਼ ਧਰਤੀ ਉੱਤੇ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਧਰਤੀ ਘਰ ਵਜੋਂ ਹਮੇਸ਼ਾ ਲਈ ਰਹਿਣ ਵਾਸਤੇ ਦਿੱਤੀ ਸੀ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਧਰਤੀ ਨੂੰ ਹਮੇਸ਼ਾ ਲਈ ਰਹਿਣ ਵਾਸਤੇ ਬਣਾਇਆ ਸੀ। (ਜ਼ਬੂਰਾਂ ਦੀ ਪੋਥੀ 104:5) ਬਾਈਬਲ ਇਹ ਵੀ ਕਹਿੰਦੀ ਹੈ: “ਸਵਰਗ ਯਹੋਵਾਹ ਦਾ ਹੈ। ਪਰ ਉਸ ਨੇ ਲੋਕਾਂ ਨੂੰ ਧਰਤੀ ਦਿੱਤੀ।”—ਜ਼ਬੂਰ 115:16, ERV.

ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਈਬਲ ਇਸ ਵਾਅਦੇ ਬਾਰੇ ਦੱਸਦੀ ਹੈ ਕਿ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ। ਉੱਥੇ ਪਰਮੇਸ਼ੁਰ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ। ਹਰ ਪਾਸੇ ਸ਼ਾਂਤੀ ਦਾ ਬੋਲਬਾਲਾ ਹੋਵੇਗਾ। ਕੋਈ ਦੁੱਖ ਨਹੀਂ ਹੋਵੇਗਾ। ਲੋਕ ਧਰਤੀ ਉੱਤੇ ਕੁਦਰਤ ਦੇ ਅਜੂਬਿਆਂ ਦਾ ਭਰਪੂਰ ਮਜ਼ਾ ਲੈਣਗੇ।—ਯਸਾਯਾਹ 65:21-23.

“ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ . . . ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”—ਪ੍ਰਕਾਸ਼ ਦੀ ਕਿਤਾਬ 21:3, 4.

ਜ਼ਿੰਦਗੀ ਦੇ ਬਾਗ਼ ਵਿਚ ਕੌਣ ਰਹੇਗਾ?

ਲੋਕੀ ਕੀ ਕਹਿੰਦੇ ਹਨ

ਕਈ ਧਰਮ ਸਿਖਾਉਂਦੇ ਹਨ ਕਿ ਸਿਰਫ਼ ਚੰਗੇ ਲੋਕ ਜ਼ਿੰਦਗੀ ਦੇ ਬਾਗ਼ ਵਿਚ ਰਹਿਣਗੇ। ਪਰ ਉਹ ਇਸ ਗੱਲੋਂ ਉਲਝਣ ਵਿਚ ਹਨ ਕਿ “ਚੰਗੇ” ਹੋਣ ਦਾ ਕੀ ਮਤਲਬ ਹੈ। ਕੁਝ ਸੋਚਦੇ ਹਨ ਕਿ ਧਾਰਮਿਕ ਰੀਤਾਂ-ਰਸਮਾਂ ਵਿਚ ਹਿੱਸਾ ਲੈਣਾ ਤੇ ਪਾਠ ਕਰਨਾ ਕਾਫ਼ੀ ਹੈ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਸਿਖਾਉਂਦੀ ਹੈ ਕਿ “ਧਰਮੀ” ਜ਼ਿੰਦਗੀ ਦੇ ਬਾਗ਼ ਵਿਚ ਰਹਿਣਗੇ। ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੌਣ ਧਰਮੀ ਹੈ? ਉਹ ਇਨਸਾਨ ਨਹੀਂ ਜੋ ਆਪਣੇ ਧਰਮ ਦੀਆਂ ਰੀਤਾਂ-ਰਸਮਾਂ ਨਿਭਾਉਂਦਾ ਹੈ ਪਰ ਪਰਮੇਸ਼ੁਰ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਬਾਈਬਲ ਕਹਿੰਦੀ ਹੈ: ‘ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ ਚੰਗਾ ਹੈ।’ (1 ਸਮੂਏਲ 15:22) ਜ਼ਿੰਦਗੀ ਦੇ ਬਾਗ਼ ਵਿਚ ਉਹ “ਧਰਮੀ” ਲੋਕ ਹਮੇਸ਼ਾ ਲਈ ਜੀਣਗੇ ਜੋ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ ਹਨ।

ਤੁਸੀਂ ਕੀ ਕਰ ਸਕਦੇ ਹੋ

ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਲਈ ਧਾਰਮਿਕ ਰੀਤਾਂ-ਰਸਮਾਂ ਵਿਚ ਹਿੱਸਾ ਲੈਣਾ ਕਾਫ਼ੀ ਨਹੀਂ। ਹਰ ਰੋਜ਼ ਆਪਣੇ ਚਾਲ-ਚਲਣ ਦੁਆਰਾ ਤੁਸੀਂ ਜਾਂ ਤਾਂ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹੋ ਜਾਂ ਨਾਰਾਜ਼। ਤੁਸੀਂ ਧਿਆਨ ਨਾਲ ਬਾਈਬਲ ਦੀ ਜਾਂਚ ਕਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਸਿੱਖ ਸਕਦੇ ਹੋ ਤੇ ਉਸ ਨੂੰ ਖ਼ੁਸ਼ ਕਰਨਾ ਇੰਨਾ ਔਖਾ ਨਹੀਂ। ਬਾਈਬਲ ਦੱਸਦੀ ਹੈ ਕਿ “ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।” (1 ਯੂਹੰਨਾ 5:3) ਪਰਮੇਸ਼ੁਰ ਤੁਹਾਡੀ ਇਸ ਆਗਿਆਕਾਰੀ ਦੇ ਇਨਾਮ ਵਜੋਂ ਤੁਹਾਡੇ ਲਈ ਜ਼ਿੰਦਗੀ ਦੇ ਬਾਗ਼ ਦੇ ਦਰਵਾਜ਼ੇ ਖੋਲ੍ਹਣ ਲਈ ਉਤਾਵਲਾ ਹੈ।

‘ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।’—ਜ਼ਬੂਰਾਂ ਦੀ ਪੋਥੀ 37:29. (g13 01-E)