Skip to content

Skip to table of contents

ਡਿਪਰੈਸ਼ਨ ਦੇ ਸ਼ਿਕਾਰ ਲੋਕ ਕੀ ਮਹਿਸੂਸ ਕਰਦੇ ਹਨ?

ਡਿਪਰੈਸ਼ਨ ਦੇ ਸ਼ਿਕਾਰ ਲੋਕ ਕੀ ਮਹਿਸੂਸ ਕਰਦੇ ਹਨ?

ਜੇਮਜ਼ * ਕਹਿੰਦਾ ਹੈ: “ਮੈਨੂੰ ਯਾਦ ਹੈ ਕਿ ਜਦ ਮੈਂ 12 ਸਾਲਾਂ ਦਾ ਸੀ ਮੈਂ ਇਕ ਦਿਨ ਬਿਸਤਰੇ ਵਿੱਚੋਂ ਨਿੱਕਲ ਕੇ ਸੋਚਿਆ, ‘ਕੀ ਅੱਜ ਮੇਰੀ ਜ਼ਿੰਦਗੀ ਦਾ ਆਖ਼ਰੀ ਦਿਨ ਹੈ?’” ਜੇਮਜ਼ ਗੰਭੀਰ ਡਿਪਰੈਸ਼ਨ ਦਾ ਸ਼ਿਕਾਰ ਸੀ। 30 ਸਾਲ ਬਾਅਦ ਵੀ ਉਹ ਕਹਿੰਦਾ ਹੈ: “ਹਰ ਰੋਜ਼ ਮੈਨੂੰ ਇਸ ਭਾਵਾਤਮਕ ਅਤੇ ਮਾਨਸਿਕ ਬੀਮਾਰੀ ਦਾ ਸਾਮ੍ਹਣਾ ਕਰਨਾ ਪਿਆ ਹੈ।” ਜੇਮਜ਼ ਆਪਣੇ ਆਪ ਨੂੰ ਇੰਨਾ ਨਿਕੰਮਾ ਸਮਝਦਾ ਸੀ ਕਿ ਉਸ ਨੇ ਆਪਣੇ ਬਚਪਨ ਦੀਆਂ ਫੋਟੋਆਂ ਪਾੜ ਕੇ ਸੁੱਟ ਦਿੱਤੀਆਂ। ਉਹ ਕਹਿੰਦਾ ਹੈ: “ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਯਾਦ ਰੱਖੇ ਜਾਣ ਦੇ ਲਾਇਕ ਹਾਂ।”

ਕਦੇ-ਕਦੇ ਅਸੀਂ ਸਾਰੇ ਉਦਾਸ ਹੋ ਜਾਂਦੇ ਹਾਂ। ਇਸ ਲਈ ਅਸੀਂ ਸ਼ਾਇਦ ਸੋਚੀਏ ਕਿ ਅਸੀਂ ਡਿਪਰੈਸ਼ਨ ਬਾਰੇ ਸਾਰਾ ਕੁਝ ਸਮਝਦੇ ਹਾਂ। ਪਰ ਕਲਿਨਿਕਲ ਡਿਪਰੈਸ਼ਨ ਦੇ ਸ਼ਿਕਾਰ ਲੋਕ ਕਿੱਦਾਂ ਮਹਿਸੂਸ ਕਰਦੇ ਹਨ?

ਇਕ ਬੇਰਹਿਮ ਬੀਮਾਰੀ

ਇਹ ਸਿਰਫ਼ ਪਲ ਦੋ ਪਲ ਦੀ ਉਦਾਸੀ ਨਹੀਂ, ਸਗੋਂ ਕਲਿਨਿਕਲ ਡਿਪਰੈਸ਼ਨ ਅਜਿਹੀ ਬੇਰਹਿਮ ਬੀਮਾਰੀ ਹੈ ਜਿਸ ਵਿਚ ਵਿਅਕਤੀ ਇੰਨਾ ਉਦਾਸ ਰਹਿੰਦਾ ਹੈ ਕਿ ਉਹ ਆਪਣੇ ਰੋਜ਼ ਦੇ ਕੰਮ ਨਹੀਂ ਕਰ ਸਕਦਾ।

ਆਲਵਰੂ ਦੀ ਮਿਸਾਲ ਲੈ ਲਓ। 40 ਸਾਲਾਂ ਤੋਂ ਉਹ “ਡਰ, ਉਲਝਣ, ਕਸ਼ਟ ਅਤੇ ਗਮ ਦਾ ਸਾਮ੍ਹਣਾ ਕਰਦਾ ਆਇਆ ਹੈ।” ਉਹ ਸਮਝਾਉਂਦਾ ਹੈ: “ਮੇਰੀ ਹਾਲਤ ਕਰਕੇ ਮੈਨੂੰ ਹਮੇਸ਼ਾ ਇਸ ਗੱਲ ਦਾ ਡਰ ਰਹਿੰਦਾ ਸੀ ਕਿ ਦੂਸਰੇ ਮੇਰੇ ਬਾਰੇ ਕੀ ਸੋਚਦੇ ਹਨ। ਜਦ ਵੀ ਕੋਈ ਛੋਟੀ ਜਾਂ ਵੱਡੀ ਗੱਲ ਹੁੰਦੀ ਸੀ, ਤਾਂ ਮੈਂ ਹਮੇਸ਼ਾ ਆਪਣੇ ਆਪ ਨੂੰ ਦੋਸ਼ੀ ਸਮਝਦਾ ਸੀ।” ਉਹ ਡਿਪਰੈਸ਼ਨ ਬਾਰੇ ਕਹਿੰਦਾ ਹੈ ਕਿ “ਦਰਦ ਤਾਂ ਹੈ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ। ਤੁਹਾਨੂੰ ਡਰ ਲੱਗਦਾ ਹੈ, ਪਰ ਇਹ ਨਹੀਂ ਪਤਾ ਕਿਉਂ। ਸਭ ਤੋਂ ਵੱਡਾ ਦੁੱਖ ਤਾਂ ਇਹ ਹੈ ਕਿ ਤੁਸੀਂ ਇਸ ਬਾਰੇ ਗੱਲ ਵੀ ਨਹੀਂ ਕਰਨੀ ਚਾਹੁੰਦੇ।” ਪਰ ਹੁਣ ਉਸ ਨੂੰ ਇਹ ਜਾਣ ਕੇ ਕੁਝ ਰਾਹਤ ਮਿਲੀ ਹੈ ਕਿ ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰ ਰਿਹਾ ਸੀ। ਉਹ ਦੱਸਦਾ ਹੈ: “ਇਹ ਜਾਣ ਕੇ ਮੇਰੀ ਮਦਦ ਹੋਈ ਹੈ ਕਿ ਦੂਸਰੇ ਵੀ ਮੇਰੇ ਵਾਂਗ ਇਸ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ।”

ਬ੍ਰਾਜ਼ੀਲ ਵਿਚ 49 ਸਾਲਾਂ ਦੀ ਮਰੀਯਾ ਨੂੰ ਡਿਪਰੈਸ਼ਨ ਦਾ ਰੋਗ ਸੀ ਜਿਸ ਕਰਕੇ ਉਹ ਰਾਤ ਨੂੰ ਸੌਂ ਨਹੀਂ ਸਕਦੀ ਸੀ, ਉਸ ਨੂੰ ਦਰਦ ਰਹਿੰਦਾ ਸੀ, ਉਹ ਖਿਝਦੀ ਬਹੁਤ ਸੀ ਅਤੇ ਉਸ ਨੂੰ “ਇਹ ਲੱਗਦਾ ਸੀ ਕਿ ਉਸ ਦੀ ਉਦਾਸੀ ਕਦੀ ਨਹੀਂ ਖ਼ਤਮ ਹੋਵੇਗੀ।” ਜਦ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਡਿਪਰੈਸ਼ਨ ਸੀ, ਤਾਂ ਉਸ ਨੂੰ ਕੁਝ ਹੱਦ ਤਕ ਤਸੱਲੀ ਮਿਲੀ। ਪਰ ਫਿਰ ਉਹ ਬਹੁਤ ਪਰੇਸ਼ਾਨ ਹੋਈ “ਕਿਉਂਕਿ ਬਹੁਤ ਘੱਟ ਲੋਕ ਡਿਪਰੈਸ਼ਨ ਨੂੰ ਸਮਝਦੇ ਹਨ ਅਤੇ ਕਈਆਂ ਨੂੰ ਇਸ ਬੀਮਾਰੀ ਤੋਂ ਸ਼ਰਮ ਆਉਂਦੀ ਹੈ।”

ਬਿਨਾਂ ਵਜ੍ਹਾ ਦੀ ਉਦਾਸੀ?

ਭਾਵੇਂ ਡਿਪਰੈਸ਼ਨ ਦਾ ਕਦੀ-ਕਦੀ ਕੋਈ ਖ਼ਾਸ ਕਾਰਨ ਹੁੰਦਾ ਹੈ, ਪਰ ਆਮ ਕਰਕੇ ਇਹ ਝੱਟ ਹੀ ਕਿਸੇ ਦੀ ਜ਼ਿੰਦਗੀ ਵਿਚ ਆ ਟਪਕਦਾ ਹੈ। ਦੱਖਣੀ ਅਫ਼ਰੀਕਾ ਤੋਂ ਰਿਚਰਡ ਕਹਿੰਦਾ ਹੈ: “ਇਕਦਮ ਤੁਹਾਡੀ ਜ਼ਿੰਦਗੀ ’ਤੇ ਬਿਨਾਂ ਕਿਸੇ ਕਾਰਨ ਉਦਾਸੀ ਦੇ ਕਾਲੇ ਬੱਦਲ ਛਾ ਜਾਂਦੇ ਹਨ। ਨਾ ਕਿਸੇ ਦੀ ਮੌਤ ਹੋਈ ਹੁੰਦੀ ਹੈ ਅਤੇ ਨਾ ਹੀ ਕੋਈ ਬਿਪਤਾ ਆਈ ਹੁੰਦੀ ਹੈ। ਫਿਰ ਵੀ ਤੁਸੀਂ ਨਿਰਾਸ਼ ਅਤੇ ਢਿੱਲੇ ਮਹਿਸੂਸ ਕਰਦੇ ਹੋ। ਨਾਲੇ ਤੁਸੀਂ ਇਹ ਬੱਦਲ ਦੂਰ ਕਰਨ ਲਈ ਕੁਝ ਵੀ ਨਹੀਂ ਕਰ ਸਕਦੇ। ਤੁਸੀਂ ਮਾਯੂਸੀ ਵਿਚ ਡੁੱਬ ਜਾਂਦੇ ਹੋ ਅਤੇ ਸਮਝਦੇ ਨਹੀਂ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ।”

ਡਿਪਰੈਸ਼ਨ ਹੋਣ ਕਰਕੇ ਤੁਹਾਨੂੰ ਸ਼ਰਮਾਉਣ ਦੀ ਕੋਈ ਲੋੜ ਨਹੀਂ। ਫਿਰ ਵੀ ਬ੍ਰਾਜ਼ੀਲ ਵਿਚ ਰਹਿਣ ਵਾਲੀ ਆਨਾ ਇਸ ਗੱਲ ਤੋਂ ਬਹੁਤ ਸ਼ਰਮਾਈ ਜਦ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਡਿਪਰੈਸ਼ਨ ਹੈ। ਉਹ ਕਬੂਲ ਕਰਦੀ ਹੈ ਕਿ “ਅੱਠ ਸਾਲ ਬਾਅਦ ਵੀ ਮੈਨੂੰ ਸ਼ਰਮ ਆਉਂਦੀ ਹੈ।” ਉਸ ਨੂੰ ਖ਼ਾਸ ਕਰਕੇ ਦਿਲ ਦੀ ਪੀੜ ਸਹਿਣੀ ਮੁਸ਼ਕਲ ਲੱਗਦੀ ਹੈ। ਉਹ ਸਮਝਾਉਂਦੀ ਹੈ: “ਕਦੀ-ਕਦੀ ਮੈਂ ਇੰਨੀ ਦੁਖੀ ਹੁੰਦੀ ਹਾਂ ਕਿ ਮੇਰੇ ਪੂਰੇ ਸਰੀਰ ਵਿਚ ਤੇ ਮੇਰੀਆਂ ਸਾਰੀਆਂ ਮਾਸ-ਪੇਸ਼ੀਆਂ ਵਿਚ ਦਰਦ ਹੁੰਦਾ ਹੈ।” ਇਨ੍ਹਾਂ ਸਮਿਆਂ ਤੇ ਬਿਸਤਰੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਫਿਰ ਅਜਿਹੇ ਸਮੇਂ ਵੀ ਹੁੰਦੇ ਹਨ ਜਦ ਆਨਾ ਰੋਣ ਲੱਗ ਪੈਂਦੀ ਹੈ ਤੇ ਉਹ ਆਪਣੇ ਹੰਝੂ ਰੋਕ ਨਹੀਂ ਸਕਦੀ। ਉਹ ਕਹਿੰਦੀ ਹੈ: “ਮੈਂ ਭੁੱਬਾਂ ਮਾਰ-ਮਾਰ ਕੇ ਇੰਨਾ ਰੋਂਦੀ ਹਾਂ ਕਿ ਮੈਂ ਥੱਕ ਜਾਂਦੀ ਹਾਂ। ਇੱਦਾਂ ਲੱਗਦਾ ਹੈ ਕਿ ਮੇਰੇ ਵਿਚ ਜਾਨ ਹੀ ਨਹੀਂ ਰਹਿੰਦੀ।”

“ਇਕਦਮ ਤੁਹਾਡੀ ਜ਼ਿੰਦਗੀ ’ਤੇ ਬਿਨਾਂ ਕਿਸੇ ਕਾਰਨ ਉਦਾਸੀ ਦੇ ਕਾਲੇ ਬੱਦਲ ਛਾ ਜਾਂਦੇ ਹਨ”

ਬਾਈਬਲ ਵੀ ਇਹ ਗੱਲ ਮੰਨਦੀ ਹੈ ਕਿ ਲੋਕ ਉਦਾਸੀ ਵਿਚ ਡੁੱਬ ਸਕਦੇ ਹਨ। ਮਿਸਾਲ ਲਈ, ਪੌਲੁਸ ਰਸੂਲ ਨੂੰ ਇਕ ਬੰਦੇ ਬਾਰੇ ਇਹ ਫ਼ਿਕਰ ਸੀ ਕਿ ‘ਬਹੁਤਾ ਗ਼ਮ ਉਸ ਨੂੰ ਖਾ ਨਾ ਜਾਵੇ।’ (2 ਕੁਰਿੰਥੀਆਂ 2:7) ਡਿਪਰੈਸ਼ਨ ਕਰਕੇ ਕਈ ਲੋਕ ਇੰਨੇ ਦੁਖੀ ਹੋ ਜਾਂਦੇ ਹਨ ਕਿ ਉਹ ਜੀਣਾ ਨਹੀਂ ਚਾਹੁੰਦੇ। ਕਈ ਯੂਨਾਹ ਨਬੀ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਕਿਹਾ: “ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ!”—ਯੂਨਾਹ 4:3.

ਡਿਪਰੈਸ਼ਨ ਦੇ ਸ਼ਿਕਾਰ ਲੋਕ ਇਸ ਰੋਗ ਦਾ ਕਿਹੋ ਜਿਹਾ ਇਲਾਜ ਕਰਾ ਸਕਦੇ ਹਨ ਅਤੇ ਇਸ ਭੈੜੀ ਬੀਮਾਰੀ ਨਾਲ ਜੀਣਾ ਕਿੱਦਾਂ ਸਿੱਖ ਸਕਦੇ ਹਨ? (g09 07)

^ ਪੈਰਾ 2 ਇਨ੍ਹਾਂ ਲੇਖਾਂ ਦੀ ਲੜੀ ਵਿਚ ਨਾਂ ਬਦਲੇ ਗਏ ਹਨ।