Skip to content

Skip to table of contents

ਮੈਂ ਇਕੱਲਾ ਕਿਉਂ ਰਹਿ ਜਾਂਦਾ ਹਾਂ?

ਮੈਂ ਇਕੱਲਾ ਕਿਉਂ ਰਹਿ ਜਾਂਦਾ ਹਾਂ?

ਨੌਜਵਾਨ ਪੁੱਛਦੇ ਹਨ . . .

ਮੈਂ ਇਕੱਲਾ ਕਿਉਂ ਰਹਿ ਜਾਂਦਾ ਹਾਂ?

“ਮੈਨੂੰ ਲੱਗਦਾ ਕਿ ਮੇਰੇ ਤੋਂ ਸਿਵਾਇ ਦੁਨੀਆਂ ਦਾ ਹਰ ਇਨਸਾਨ ਸ਼ਨੀਵਾਰ-ਐਤਵਾਰ ਨੂੰ ਪੂਰਾ ਮਜ਼ਾ ਕਰਦਾ ਹੈ।”—ਰਿਨੇ।

“ਬਾਕੀ ਸਾਰੇ ਮੁੰਡੇ-ਕੁੜੀਆਂ ਇਕੱਠੇ ਹੋ ਕੇ ਕੁਝ-ਨ-ਕੁਝ ਕਰਦੇ ਹਨ, ਪਰ ਮੈਨੂੰ ਨਾਲ ਨਹੀਂ ਰਲਾਉਂਦੇ!”—ਜੈਰਮੀ।

ਕਿੰ ਨਾ ਸੋਹਣਾ ਦਿਨ ਹੈ, ਪਰ ਤੁਹਾਡਾ ਨਾ ਤਾਂ ਕਿਤੇ ਜਾਣ ਦਾ ਤੇ ਨਾ ਹੀ ਕੁਝ ਕਰਨ ਦਾ ਪ੍ਰੋਗ੍ਰਾਮ ਹੈ। ਬਾਕੀ ਸਾਰੇ ਕੁਝ-ਨ-ਕੁਝ ਜ਼ਰੂਰ ਕਰ ਰਹੇ ਹਨ। ਤੁਹਾਡੇ ਸਾਰੇ ਦੋਸਤ ਮਜ਼ਾ ਕਰ ਰਹੇ ਹਨ। ਪਰ ਤੁਸੀਂ ਫਿਰ ਤੋਂ ਇਕੱਲੇ ਰਹਿ ਗਏ!

ਜੇ ਕੋਈ ਤੁਹਾਨੂੰ ਨਾ ਬੁਲਾਏ, ਤਾਂ ਜੀਅ ਤਾਂ ਖ਼ਰਾਬ ਹੁੰਦਾ ਹੀ ਹੈ, ਪਰ ਇਸ ਦਾ ਤੁਹਾਡੇ ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਤੁਸੀਂ ਸ਼ਾਇਦ ਆਪਣੇ ਆਪ ਨੂੰ ਕਹੋ: ‘ਸ਼ਾਇਦ ਮੇਰੇ ਵਿਚ ਹੀ ਕੋਈ ਖ਼ਰਾਬੀ ਹੈ। ਕੋਈ ਵੀ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਜਾਣਾ ਚਾਹੁੰਦਾ?’

ਦੁੱਖ ਕਿਉਂ ਹੁੰਦਾ ਹੈ

ਅਸੀਂ ਸਾਰੇ ਦੂਸਰਿਆਂ ਨਾਲ ਰਲਣ-ਮਿਲਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਸਾਰਿਆਂ ਵਿਚ ਇਹ ਕੁਦਰਤੀ ਇੱਛਾ ਹੈ ਕਿ ਲੋਕ ਸਾਨੂੰ ਪਸੰਦ ਕਰਨ। ਅਸੀਂ ਸਾਰੇ ਹੋਰਨਾਂ ਦਾ ਸਾਥ ਚਾਹੁੰਦੇ ਹਾਂ ਜਿਸ ਦੇ ਸਾਨੂੰ ਕਈ ਲਾਭ ਹੁੰਦੇ ਹਨ। ਹੱਵਾਹ ਨੂੰ ਸਾਜਣ ਤੋਂ ਪਹਿਲਾਂ ਯਹੋਵਾਹ ਨੇ ਆਦਮ ਨੂੰ ਕਿਹਾ: “ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ।” (ਉਤਪਤ 2:18) ਇਸ ਤੋਂ ਸਪੱਸ਼ਟ ਹੈ ਕਿ ਇਨਸਾਨ ਨੂੰ ਇਨਸਾਨ ਦੀ ਲੋੜ ਹੈ। ਇਸੇ ਕਰਕੇ ਸਾਨੂੰ ਦੁੱਖ ਹੁੰਦਾ ਹੈ ਜਦ ਦੂਜੇ ਨੌਜਵਾਨ ਸਾਨੂੰ ਨਾਲ ਨਹੀਂ ਰਲਾਉਂਦੇ।

ਖ਼ਾਸਕਰ ਅਸੀਂ ਉਦੋਂ ਨਿਰਾਸ਼ ਹੁੰਦੇ ਹਾਂ ਜਦ ਸਾਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਾਂ ਫਿਰ ਉਦੋਂ ਜਦ ਦੂਜੇ ਸਾਨੂੰ ਇਵੇਂ ਮਹਿਸੂਸ ਕਰਾਉਂਦੇ ਹਨ ਜਿਵੇਂ ਸਾਡੇ ਵਿਚ ਕੋਈ ਘਾਟ ਹੈ ਜਾਂ ਅਸੀਂ ਉਨ੍ਹਾਂ ਦੇ ਦੋਸਤ ਬਣਨ ਦੇ ਲਾਇਕ ਨਹੀਂ ਹਾਂ। ਮਰੀ ਨਾਂ ਦੀ ਲੜਕੀ ਕਹਿੰਦੀ ਹੈ: “ਕੁਝ ਨੌਜਵਾਨ ਇਕੱਠੇ ਹੋ ਕੇ ਪਾਇਨੀਅਰੀ ਵਰਗੇ ਬਹੁਤ ਵਧੀਆ ਕੰਮ ਕਰ ਰਹੇ ਹਨ, ਪਰ ਉਹ ਮੈਨੂੰ ਨਾਲ ਨਹੀਂ ਰਲਾਉਣਾ ਚਾਹੁੰਦੇ। ਮੈਨੂੰ ਪਤਾ ਹੈ ਕਿ ਉਹ ਮੈਨੂੰ ਆਪਣੇ ਗਰੁੱਪ ਦੇ ਲਾਇਕ ਹੀ ਨਹੀਂ ਸਮਝਦੇ।” ਜਦੋਂ ਦੂਜੇ ਤੁਹਾਡੇ ਤੋਂ ਦੂਰ-ਦੂਰ ਰਹਿੰਦੇ ਹਨ, ਤਾਂ ਤੁਸੀਂ ਖ਼ੁਦ ਨੂੰ ਬੇਕਾਰ ਸਮਝਣ ਲੱਗਦੇ ਹੋ ਤੇ ਤਨਹਾਈ ਮਹਿਸੂਸ ਕਰਦੇ ਹੋ।

ਕਦੇ-ਕਦੇ ਤੁਸੀਂ ਬਹੁਤ ਸਾਰੇ ਲੋਕਾਂ ਵਿਚ ਹੁੰਦਿਆਂ ਹੋਇਆਂ ਵੀ ਇਕੱਲਾਪਣ ਮਹਿਸੂਸ ਕਰ ਸਕਦੇ ਹੋ। ਨੀਕੋਲ ਨਾਂ ਦੀ ਲੜਕੀ ਦੱਸਦੀ ਹੈ: “ਭਾਵੇਂ ਤੁਸੀਂ ਇਸ ਨੂੰ ਅਜੀਬ ਸਮਝੋ, ਪਰ ਮੈਨੂੰ ਯਾਦ ਹੈ ਇਕ ਵਾਰ ਪਾਰਟੀ ਵਿਚ ਲੱਗੀ ਰੌਣਕ ਦੇ ਬਾਵਜੂਦ ਮੈਂ ਬਹੁਤ ਹੀ ਤਨਹਾਈ ਮਹਿਸੂਸ ਕਰ ਰਹੀ ਸੀ। ਮੈਨੂੰ ਲੱਗਦਾ ਸੀ ਕਿ ਇੰਨੇ ਸਾਰੇ ਲੋਕਾਂ ਵਿੱਚੋਂ ਮੈਂ ਕਿਸੇ ਦੇ ਵੀ ਨਜ਼ਦੀਕ ਨਹੀਂ।” ਕੁਝ ਭੈਣ-ਭਰਾ ਸੰਮੇਲਨਾਂ ਵਿਚ ਜਾ ਕੇ ਵੀ ਕੱਲਮ-ਕੱਲੇ ਮਹਿਸੂਸ ਕਰਦੇ ਹਨ। ਮੇਗਨ ਕਹਿੰਦੀ ਹੈ: “ਮੈਨੂੰ ਲੱਗਦਾ ਹੈ ਜਿਵੇਂ ਸਾਰੇ ਇਕ-ਦੂਜੇ ਨੂੰ ਜਾਣਦੇ ਹਨ, ਪਰ ਮੈਨੂੰ ਕੋਈ ਨਹੀਂ ਜਾਣਦਾ।” ਮਰਿਯਾ ਨਾਂ ਦੀ ਲੜਕੀ ਇਸ ਗੱਲ ਦੀ ਹਾਮੀ ਭਰਦੀ ਹੋਈ ਕਹਿੰਦੀ ਹੈ: “ਦੋਸਤਾਂ ਨਾਲ ਘਿਰੀ ਹੋਣ ਦੇ ਬਾਵਜੂਦ ਮੈਂ ਤਨਹਾ ਮਹਿਸੂਸ ਕਰਦੀ ਹਾਂ।”

ਕੋਈ ਵੀ ਇਨਸਾਨ ਤਨਹਾਈ ਤੋਂ ਮੁਕਤ ਨਹੀਂ ਹੈ, ਉਹ ਲੋਕ ਵੀ ਨਹੀਂ ਜਿਨ੍ਹਾਂ ਨੂੰ ਸਾਰੇ ਪਸੰਦ ਕਰਦੇ ਹਨ ਤੇ ਜਿਹੜੇ ਹਮੇਸ਼ਾ ਖ਼ੁਸ਼ ਨਜ਼ਰ ਆਉਂਦੇ ਹਨ। ਬਾਈਬਲ ਦੀ ਇਕ ਕਹਾਵਤ ਮੁਤਾਬਕ “ਹਾਸੇ ਵਿੱਚ ਵੀ ਚਿੱਤ ਉਦਾਸ ਰਹਿੰਦਾ ਹੈ।” (ਕਹਾਉਤਾਂ 14:13) ਜਦੋਂ ਕੋਈ ਲੰਮੇ ਚਿਰ ਲਈ ਬਹੁਤ ਹੀ ਤਨਹਾ ਮਹਿਸੂਸ ਕਰਦਾ ਹੈ, ਤਾਂ ਉਹ ਕਮਜ਼ੋਰ ਹੋਣ ਲੱਗ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਮਨ ਦੇ ਸੋਗ ਨਾਲ ਆਤਮਾ ਨਿਰਾਸ ਹੁੰਦਾ ਹੈ।” ਇਸੇ ਆਇਤ ਦਾ ਇਕ ਹੋਰ ਤਰਜਮਾ ਕਹਿੰਦਾ ਹੈ: “ਸੋਗੀ ਮਨ ਵਾਲੇ ਮਨੁੱਖ ਦਾ ਮੂੰਹ ਉਤਰਿਆ ਹੁੰਦਾ ਹੈ।” (ਕਹਾਉਤਾਂ 15:13, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਤੁਸੀਂ ਨਿਰਾਸ਼ ਹੋ ਗਏ ਹੋ ਕਿਉਂਕਿ ਦੂਜੇ ਤੁਹਾਨੂੰ ਨਾਲ ਨਹੀਂ ਰਲਾਉਂਦੇ, ਤਾਂ ਤੁਸੀਂ ਕੀ ਕਰ ਸਕਦੇ ਹੋ?

ਤਨਹਾਈ ਨਾਲ ਸਿੱਝੋ

ਤਨਹਾਈ ਨਾਲ ਸਿੱਝਣ ਲਈ ਇਹ ਕਦਮ ਚੁੱਕੋ।

ਆਪਣੀਆਂ ਖੂਬੀਆਂ ਪਛਾਣੋ। (2 ਕੁਰਿੰਥੀਆਂ 11:6) ਆਪਣੇ ਆਪ ਨੂੰ ਪੁੱਛੋ: ‘ਮੇਰੇ ਵਿਚ ਕਿਹੜੀਆਂ ਚੰਗੀਆਂ ਗੱਲਾਂ ਹਨ?’ ਆਪਣੀਆਂ ਖੂਬੀਆਂ ਜਾਂ ਯੋਗਤਾਵਾਂ ਪਛਾਣ ਕੇ ਉਨ੍ਹਾਂ ਦੀ ਹੇਠਾਂ ਲਿਸਟ ਬਣਾਓ।

․․․․․

ਜਦੋਂ ਵੀ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ, ਤਾਂ ਆਪਣੇ ਆਪ ਨੂੰ ਆਪਣੀਆਂ ਖੂਬੀਆਂ ਦੀ ਯਾਦ ਦਿਲਾਓ ਜਿਹੜੀਆਂ ਤੁਸੀਂ ਉੱਪਰ ਲਿਖੀਆਂ ਹਨ। ਹਾਂ, ਤੁਹਾਡੇ ਵਿਚ ਕਮੀਆਂ-ਕਮਜ਼ੋਰੀਆਂ ਵੀ ਹਨ ਤੇ ਤੁਹਾਨੂੰ ਇਨ੍ਹਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਇਨ੍ਹਾਂ ਬਾਰੇ ਸੋਚ-ਸੋਚ ਕੇ ਆਪਣਾ ਹੌਸਲਾ ਨਾ ਢਹਿਣ ਦਿਓ। ਇਸ ਦੀ ਬਜਾਇ, ਆਪਣੇ ਆਪ ਨੂੰ ਅਜਿਹੇ ਘਰ ਦੀ ਤਰ੍ਹਾਂ ਸਮਝੋ ਜਿਸ ਦੀ ਮੁਰੰਮਤ ਕੀਤੀ ਜਾ ਰਹੀ ਹੈ। ਕਹਿਣ ਦਾ ਮਤਲਬ ਹੈ ਕਿ ਭਾਵੇਂ ਸਭ ਕੁਝ ਅਜੇ ਠੀਕ ਨਹੀਂ ਹੋਇਆ, ਪਰ ਜਿੰਨਾ ਕੁ ਠੀਕ ਹੋ ਗਿਆ ਹੈ, ਉਸ ਉੱਤੇ ਧਿਆਨ ਲਾਓ।

ਖੁੱਲ੍ਹੇ ਦਿਲ ਦੇ ਹੋਵੋ। (2 ਕੁਰਿੰਥੀਆਂ 6:11-13) ਹੋਰਨਾਂ ਨੂੰ ਮਿਲਣ ਵਿਚ ਪਹਿਲ ਕਰੋ। ਹਾਂ, ਇਸ ਤਰ੍ਹਾਂ ਕਰਨਾ ਔਖਾ ਹੋ ਸਕਦਾ ਹੈ। 19 ਸਾਲਾਂ ਦੀ ਲਿਜ਼ ਕਹਿੰਦੀ ਹੈ ਕਿ “ਕਿੰਨੇ ਸਾਰੇ ਲੋਕਾਂ ਵਿਚ ਜਾ ਕੇ ਗੱਲ ਕਰਨ ਤੋਂ ਡਰ ਤਾਂ ਲੱਗਦਾ ਹੀ ਹੈ, ਪਰ ਜੇ ਤੁਸੀਂ ਸਿਰਫ਼ ਇਕ ਜਣੇ ਕੋਲ ਜਾ ਕੇ ਹੈਲੋ ਕਹੋ, ਤਾਂ ਤੁਸੀਂ ਝੱਟ ਸਾਰੇ ਗਰੁੱਪ ਵਿਚ ਸ਼ਾਮਲ ਹੋ ਜਾਵੋਗੇ।” (“ਗੱਲਬਾਤ ਕਰਨ ਦੇ ਸੁਝਾਅ” ਨਾਂ ਦੀ ਡੱਬੀ ਦੇਖੋ।) ਜੇਕਰ ਤੁਹਾਨੂੰ ਲੱਗਦਾ ਹੈ ਕਿ ਦੂਜੇ ਤੁਹਾਡੇ ਤੋਂ ਦੂਰ-ਦੂਰ ਰਹਿੰਦੇ ਹਨ, ਤਾਂ ਖ਼ਿਆਲ ਰੱਖੋ ਕਿ ਕਿਤੇ ਤੁਸੀਂ ਤਾਂ ਨਹੀਂ ਹੋਰਨਾਂ ਤੋਂ ਦੂਰ-ਦੂਰ ਰਹਿ ਰਹੇ, ਮਿਸਾਲ ਲਈ ਉਨ੍ਹਾਂ ਤੋਂ ਜੋ ਤੁਹਾਡੇ ਨਾਲੋਂ ਉਮਰ ਵਿਚ ਵੱਡੇ ਹਨ। ਕੋਰੀ ਨਾਂ ਦੀ ਲੜਕੀ ਯਾਦ ਕਰਦੀ ਹੈ: “ਜਦ ਮੈਂ 10 ਜਾਂ 11 ਸਾਲਾਂ ਦੀ ਸੀ, ਤਾਂ ਉਦੋਂ ਮੇਰੀ ਇਕ ਸਹੇਲੀ ਹੁੰਦੀ ਸੀ ਜੋ ਮੇਰੇ ਨਾਲੋਂ ਕਾਫ਼ੀ ਜ਼ਿਆਦਾ ਉਮਰ ਦੀ ਸੀ। ਭਾਵੇਂ ਸਾਡੀ ਉਮਰ ਵਿਚ ਬਹੁਤ ਫ਼ਰਕ ਸੀ, ਫਿਰ ਵੀ ਅਸੀਂ ਦੋਵੇਂ ਪੱਕੀਆਂ ਸਹੇਲੀਆਂ ਸੀ।”

ਆਪਣੀ ਕਲੀਸਿਯਾ ਵਿਚ ਦੋ ਭੈਣਾਂ-ਭਰਾਵਾਂ ਬਾਰੇ ਸੋਚੋ ਜਿਨ੍ਹਾਂ ਨੂੰ ਤੁਸੀਂ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ।

․․․․․

ਆਪਣੀ ਅਗਲੀ ਮੀਟਿੰਗ ਵਿਚ ਇਨ੍ਹਾਂ ਵਿੱਚੋਂ ਇਕ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋ। ਉਸ ਭੈਣ ਜਾਂ ਭਰਾ ਨੂੰ ਪੁੱਛੋ ਕਿ ਉਨ੍ਹਾਂ ਨੇ ਬਾਈਬਲ ਵਿਚ ਦਿਲਚਸਪੀ ਲੈਣੀ ਕਿਵੇਂ ਸ਼ੁਰੂ ਕੀਤੀ ਸੀ। ਜਿੰਨਾ ਜ਼ਿਆਦਾ ਤੁਸੀਂ ਸਾਰੇ “ਭਾਈਆਂ” ਨਾਲ ਮਿਲਣ-ਗਿਲਣ ਦੀ ਕੋਸ਼ਿਸ਼ ਕਰੋਗੇ, ਉੱਨਾ ਹੀ ਘੱਟ ਤੁਸੀਂ ਕੱਲਮ-ਕੱਲੇ ਮਹਿਸੂਸ ਕਰੋਗੇ।—1 ਪਤਰਸ 2:17.

ਕਿਸੇ ਸਿਆਣੇ ਨੂੰ ਹਮਰਾਜ਼ ਬਣਾਓ। (ਕਹਾਉਤਾਂ 17:17) ਆਪਣੇ ਮਾਪਿਆਂ ਨੂੰ ਜਾਂ ਕਿਸੇ ਹੋਰ ਸਿਆਣੇ ਭੈਣ-ਭਰਾ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਣ ਨਾਲ ਤੁਹਾਡੀ ਤਨਹਾਈ ਘੱਟ ਸਕਦੀ ਹੈ। ਇਕ 16 ਸਾਲ ਦੀ ਲੜਕੀ ਨਾਲ ਇਸੇ ਤਰ੍ਹਾਂ ਹੋਇਆ। ਪਹਿਲਾਂ-ਪਹਿਲਾਂ ਉਸ ਨੂੰ ਇਹ ਚਿੰਤਾ ਅੰਦਰੋਂ-ਅੰਦਰੀਂ ਖਾਈ ਜਾ ਰਹੀ ਸੀ ਕਿ ਉਹ ਹਮੇਸ਼ਾ ਇਕੱਲੀ ਰਹਿ ਜਾਂਦੀ ਹੈ। ਉਹ ਦੱਸਦੀ ਹੈ: “ਮੈਂ ਉਸ ਗੱਲ ਬਾਰੇ ਵਾਰ-ਵਾਰ ਸੋਚੀ ਜਾਇਆ ਕਰਦੀ ਸੀ ਜਿਸ ਕਾਰਨ ਮੈਨੂੰ ਲੱਗਦਾ ਸੀ ਕਿ ਦੂਜਿਆਂ ਨੇ ਮੈਨੂੰ ਨਜ਼ਰਅੰਦਾਜ਼ ਕੀਤਾ ਹੈ। ਫਿਰ ਮੈਂ ਆਪਣੀ ਮੰਮੀ ਨਾਲ ਉਸ ਬਾਰੇ ਗੱਲ ਕਰਦੀ ਸੀ ਤੇ ਉਹ ਮੈਨੂੰ ਸਲਾਹ ਦਿੰਦੇ ਸਨ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਦਿਲ ਦੀ ਘੁੰਡੀ ਖੋਲ੍ਹਣ ਨਾਲ ਸੱਚ-ਮੁੱਚ ਹੌਸਲਾ ਮਿਲਦਾ ਹੈ!”

ਜੇ ਤੁਹਾਨੂੰ ਕਿਸੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਦੀ ਲੋੜ ਪਵੇ, ਤਾਂ ਤੁਸੀਂ ਕਿਸ ਕੋਲ ਜਾਵੋਗੇ?

․․․․․

ਦੂਜਿਆਂ ਬਾਰੇ ਸੋਚੋ। (1 ਕੁਰਿੰਥੀਆਂ 10:24) ਬਾਈਬਲ ਸਾਨੂੰ ਕਹਿੰਦੀ ਹੈ ਕਿ “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” (ਫ਼ਿਲਿੱਪੀਆਂ 2:4) ਇਹ ਸੱਚ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਪੁੱਛਦਾ ਨਹੀਂ, ਤਾਂ ਤੁਸੀਂ ਆਸਾਨੀ ਨਾਲ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬਦੇ ਚਲੇ ਜਾ ਸਕਦੇ ਹੋ। ਪਰ ਇਸ ਤਰ੍ਹਾਂ ਕਰਨ ਦੀ ਬਜਾਇ ਕਿਉਂ ਨਾ ਆਪਣਾ ਧਿਆਨ ਕਿਸੇ ਲੋੜਵੰਦ ਦੀ ਮਦਦ ਕਰਨ ਵੱਲ ਲਗਾਓ? ਕੀ ਪਤਾ, ਤੁਸੀਂ ਨਵੇਂ ਦੋਸਤ-ਮਿੱਤਰ ਬਣਾ ਸਕੋ!

ਆਪਣੇ ਪਰਿਵਾਰ ਜਾਂ ਆਪਣੀ ਕਲੀਸਿਯਾ ਵਿਚ ਕਿਸੇ ਅਜਿਹੇ ਭੈਣ-ਭਰਾ ਬਾਰੇ ਸੋਚੋ ਜਿਸ ਨੂੰ ਤੁਹਾਡੇ ਸਾਥ ਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਮਦਦ ਦੀ ਲੋੜ ਹੈ। ਹੇਠਾਂ ਉਸ ਦਾ ਨਾਂ ਲਿਖ ਕੇ ਦੱਸੋ ਕਿ ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ।

․․․․․

ਜਦੋਂ ਤੁਸੀਂ ਆਪਣੇ ਬਾਰੇ ਨਹੀਂ, ਸਗੋਂ ਦੂਜਿਆਂ ਬਾਰੇ ਸੋਚਦੇ ਹੋ ਅਤੇ ਉਨ੍ਹਾਂ ਲਈ ਕੁਝ ਕਰਦੇ ਹੋ, ਤਾਂ ਤੁਹਾਡੇ ਕੋਲ ਇੰਨਾ ਸਮਾਂ ਹੀ ਨਹੀਂ ਬਚੇਗਾ ਕਿ ਤੁਸੀਂ ਤਨਹਾਈ ਮਹਿਸੂਸ ਕਰੋ। ਇਸ ਤਰ੍ਹਾਂ ਤੁਸੀਂ ਚੰਗੀਆਂ ਗੱਲਾਂ ਬਾਰੇ ਸੋਚੋਗੇ ਅਤੇ ਦੂਜਿਆਂ ਨਾਲ ਸਲੀਕੇ ਨਾਲ ਪੇਸ਼ ਆਓਗੇ ਜਿਸ ਕਾਰਨ ਉਹ ਤੁਹਾਡੇ ਨਾਲ ਦੋਸਤੀ ਕਰਨੀ ਚਾਹੁਣਗੇ। ਕਹਾਉਤਾਂ 11:25 ਵਿਚ ਲਿਖਿਆ ਹੈ: “ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।”

ਧਿਆਨ ਨਾਲ ਦੋਸਤ ਚੁਣੋ। (ਕਹਾਉਤਾਂ 13:20) ਪੁੱਠੇ ਰਾਹ ਪਾ ਦੇਣ ਵਾਲੇ ਕਈ ਨਿਕੰਮੇ ਦੋਸਤਾਂ ਨਾਲੋਂ ਬਿਹਤਰ ਹੈ ਕਿ ਤੁਹਾਡੇ ਇਕ-ਦੋ ਚੰਗੇ ਦੋਸਤ ਹੋਣ ਜਿਨ੍ਹਾਂ ਨੂੰ ਤੁਹਾਡੀ ਪਰਵਾਹ ਹੈ। (1 ਕੁਰਿੰਥੀਆਂ 15:33) ਜ਼ਰਾ ਸਮੂਏਲ ਦੀ ਉਦਾਹਰਣ ਤੇ ਗੌਰ ਕਰੋ ਜਿਸ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ। ਹੋ ਸਕਦਾ ਹੈ ਕਿ ਡੇਹਰੇ ਵਿਚ ਸੇਵਾ ਕਰਦੇ ਸਮੇਂ ਉਹ ਇਕੱਲਾਪਣ ਮਹਿਸੂਸ ਕਰਦਾ ਸੀ। ਉਸ ਨਾਲ ਹਾਫ਼ਨੀ ਤੇ ਫ਼ੀਨਹਾਸ ਵੀ ਸੇਵਾ ਕਰਦੇ ਸਨ। ਉਨ੍ਹਾਂ ਦੀਆਂ ਭੈੜੀਆਂ ਕਰਤੂਤਾਂ ਦੇ ਕਾਰਨ ਉਹ ਦੋਵੇਂ ਸਮੂਏਲ ਲਈ ਚੰਗੇ ਸਾਥੀ ਸਾਬਤ ਨਹੀਂ ਹੋਏ ਭਾਵੇਂ ਉਹ ਪ੍ਰਧਾਨ ਜਾਜਕ ਦੇ ਪੁੱਤਰ ਸਨ। ਜੇ ਸਮੂਏਲ ਉਨ੍ਹਾਂ ਨਾਲ ਉੱਠਣਾ-ਬੈਠਣਾ ਸ਼ੁਰੂ ਕਰ ਦਿੰਦਾ, ਤਾਂ ਉਸ ਨੇ ਯਹੋਵਾਹ ਦੀ ਸੇਵਾ ਕਰਨ ਤੋਂ ਮੂੰਹ ਮੋੜ ਲੈਣਾ ਸੀ। ਲੇਕਿਨ, ਸਮੂਏਲ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸੀ। ਬਾਈਬਲ ਦੱਸਦੀ ਹੈ: “ਉਹ ਮੁੰਡਾ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ ਸੀ।” (1 ਸਮੂਏਲ 2:26) ਕਿਹੜੇ ਮਨੁੱਖਾਂ ਅੱਗੇ? ਹਾਫ਼ਨੀ ਤੇ ਫ਼ੀਨਹਾਸ ਦੇ ਅੱਗੇ ਤਾਂ ਨਹੀਂ! ਉਨ੍ਹਾਂ ਨੇ ਤਾਂ ਜਾਣ-ਬੁੱਝ ਕੇ ਸਮੂਏਲ ਤੋਂ ਦੂਰ-ਦੂਰ ਰਹਿਣਾ ਚਾਹਿਆ ਹੋਣਾ ਕਿਉਂਕਿ ਸਮੂਏਲ ਨੇਕ ਕੰਮ ਕਰਦਾ ਸੀ। ਜਿਹੜੇ ਮਨੁੱਖ ਯਹੋਵਾਹ ਦੀ ਆਗਿਆ ਮੁਤਾਬਕ ਚੱਲਣਾ ਚਾਹੁੰਦੇ ਸਨ, ਉਹ ਸਮੂਏਲ ਨੂੰ ਪਸੰਦ ਕਰਦੇ ਸਨ। ਤੁਹਾਨੂੰ ਅਜਿਹੇ ਲੋਕਾਂ ਨਾਲ ਦੋਸਤੀ ਕਰਨ ਦੀ ਲੋੜ ਹੈ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ।

ਚੰਗਾ ਸੋਚੋ। (ਕਹਾਉਤਾਂ 15:15) ਹਰ ਕੋਈ ਕਦੇ-ਨ-ਕਦੇ ਕੁਝ ਹੱਦ ਤਕ ਤਨਹਾਈ ਮਹਿਸੂਸ ਕਰਦਾ ਹੈ। ਇਸ ਵੇਲੇ ਤੁਹਾਨੂੰ ਕਿਹੜੀ ਗੱਲ ਤੋਂ ਮਦਦ ਮਿਲ ਸਕਦੀ ਹੈ? ਨਿਰਾਸ਼ਾ ਭਰੇ ਖ਼ਿਆਲਾਂ ਵਿਚ ਡੁੱਬਣ ਦੀ ਬਜਾਇ ਚੰਗੀਆਂ ਗੱਲਾਂ ਤੇ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਇਕ ਗੱਲ ਯਾਦ ਰੱਖੋ ਕਿ ਭਾਵੇਂ ਤੁਸੀਂ ਆਪਣੀ ਜ਼ਿੰਦਗੀ ਦੀ ਹਰ ਸਥਿਤੀ ਨੂੰ ਕੰਟ੍ਰੋਲ ਨਹੀਂ ਕਰ ਸਕਦੇ, ਪਰ ਤੁਸੀਂ ਉਸ ਬਾਰੇ ਆਪਣੀਆਂ ਸੋਚਾਂ ਨੂੰ ਜ਼ਰੂਰ ਕੰਟ੍ਰੋਲ ਕਰ ਸਕਦੇ ਹੋ।

ਜਦ ਤੁਸੀਂ ਤਨਹਾਈ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਕੁਝ ਕਰਨ ਦੀ ਕੋਸ਼ਿਸ਼ ਕਰੋ। ਕੀ? ਜਾਂ ਤਾਂ ਤੁਸੀਂ ਉਸ ਤਨਹਾਈ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਜੇ ਤੁਸੀਂ ਨਹੀਂ ਕਰ ਸਕਦੇ, ਤਾਂ ਤਨਹਾਈ ਦਾ ਕਾਰਨ ਬਣੀ ਸਥਿਤੀ ਬਾਰੇ ਆਪਣੇ ਖ਼ਿਆਲਾਂ ਨੂੰ ਬਦਲੋ। ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਤੁਹਾਡੀਆਂ ਲੋੜਾਂ ਜਾਣਦਾ ਹੈ ਤੇ ਇਹ ਵੀ ਜਾਣਦਾ ਹੈ ਕਿ ਇਹ ਕਿਵੇਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਉਸ ਨੂੰ ਪ੍ਰਾਰਥਨਾ ਕਰ ਕੇ ਦੱਸੋ ਕਿ ਤੁਸੀਂ ਹਮੇਸ਼ਾ ਇਕੱਲੇ ਮਹਿਸੂਸ ਕਰਦੇ ਰਹਿੰਦੇ ਹੋ। ਭਰੋਸਾ ਰੱਖੋ ਕਿ ‘ਉਹ ਤੁਹਾਨੂੰ ਸੰਭਾਲੇਗਾ।’—ਜ਼ਬੂਰਾਂ ਦੀ ਪੋਥੀ 55:22. (g 7/07)

“ਨੌਜਵਾਨ ਪੁੱਛਦੇ ਹਨ . . .” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

ਇਸ ਬਾਰੇ ਸੋਚੋ

◼ ਮੈਂ ਆਪਣਾ ਇਕੱਲਾਪਣ ਦੂਰ ਕਰਨ ਲਈ ਕੀ ਕਰ ਸਕਦਾ ਹਾਂ?

◼ ਆਪਣੇ ਆਪ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਬਾਈਬਲ ਦੇ ਕਿਹੜੇ ਹਵਾਲੇ ਮੇਰੀ ਮਦਦ ਕਰ ਸਕਦੇ ਹਨ?

[ਸਫ਼ਾ 14 ਉੱਤੇ ਤਸਵੀਰ/ਡੱਬੀ]

ਗੱਲਬਾਤ ਕਰਨ ਦੇ ਸੁਝਾਅ

ਮੁਸਕਰਾਓ। ਤੁਹਾਡੀ ਮੁਸਕਾਨ ਦੇਖ ਕੇ ਦੂਜੇ ਤੁਹਾਡੇ ਨਾਲ ਗੱਲ ਕਰਨੀ ਚਾਹੁਣਗੇ।

ਆਪਣੀ ਜਾਣ-ਪਛਾਣ ਕਰਾਓ। ਆਪਣਾ ਨਾਂ ਦੱਸਣ ਤੋਂ ਬਾਅਦ ਦੱਸੋ ਕਿ ਤੁਸੀਂ ਕਿੱਥੇ ਦੇ ਹੋ।

ਸਵਾਲ ਪੁੱਛੋ। ਕਿਸੇ ਦੇ ਨਿੱਜੀ ਮਾਮਲੇ ਵਿਚ ਲੱਤ ਅੜਾਏ ਬਿਨਾਂ ਉਸ ਨੂੰ ਉਸ ਦੇ ਪਿਛੋਕੜ ਬਾਰੇ ਢੁਕਵੇਂ ਸਵਾਲ ਪੁੱਛੋ।

ਸੁਣੋ। ਇਹ ਨਾ ਸੋਚੀ ਜਾਓ ਕਿ ਤੁਸੀਂ ਅੱਗੇ ਕੀ ਕਹੋਗੇ। ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਦੂਜੇ ਦੀ ਗੱਲ ਨੂੰ ਧਿਆਨ ਨਾਲ ਸੁਣੋ। ਤੁਸੀਂ ਅੱਗੇ ਕੀ ਕਹਿਣਾ ਹੈ, ਇਹ ਆਪਣੇ ਆਪ ਤੁਹਾਡੇ ਬੁੱਲ੍ਹਾਂ ਤੇ ਆ ਜਾਵੇਗਾ।

ਫ਼ਿਕਰ ਨਾ ਕਰੋ। ਗੱਲਬਾਤ ਸ਼ੁਰੂ ਕਰਨ ਦੁਆਰਾ ਤੁਸੀਂ ਨਵੇਂ ਦੋਸਤ ਬਣਾ ਸਕਦੇ ਹੋ। ਇਸ ਲਈ ਡਰੋ ਨਾ।