Skip to content

Skip to table of contents

ਸਾਨੂੰ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਗਿਆ ਹੈ

ਸਾਨੂੰ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਗਿਆ ਹੈ

ਸਾਡੇ ਵਿੱਚੋਂ ਕੌਣ ਹੈ ਜੋ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਜੀਉਣਾ ਨਹੀਂ ਚਾਹੁੰਦਾ? ਜ਼ਰਾ ਸੋਚੋ ਕਿ ਕਿੰਨਾ ਵਧੀਆ ਹੋਵੇਗਾ ਜੇ ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕੀਏ, ਖ਼ੁਸ਼ ਰਹਿ ਸਕੀਏ ਅਤੇ ਤੰਦਰੁਸਤ ਰਹਿ ਸਕੀਏ! ਅਸੀਂ ਆਪਣਿਆਂ ਨਾਲ ਜ਼ਿਆਦਾ ਸਮਾਂ ਬਤੀਤ ਕਰ ਸਕਾਂਗੇ, ਪੂਰੀ ਦੁਨੀਆਂ ਘੁੰਮ ਸਕਾਂਗੇ, ਨਵੇਂ ਹੁਨਰ ਸਿੱਖ ਸਕਾਂਗੇ, ਜ਼ਿਆਦਾ ਬੁੱਧ ਹਾਸਲ ਕਰ ਸਕਾਂਗੇ ਅਤੇ ਆਪਣੇ ਮਨਪਸੰਦ ਕੰਮ ਕਰਨੇ ਸਿੱਖ ਸਕਾਂਗੇ।

ਕੀ ਇਹ ਇੱਛਾ ਕੁਦਰਤੀ ਨਹੀਂ ਹੈ? ਲੋਕ ਹਮੇਸ਼ਾ ਲਈ ਕਿਉਂ ਜੀਉਣਾ ਚਾਹੁੰਦੇ ਹਨ? ਧਰਮ-ਗ੍ਰੰਥ ਦੱਸਦਾ ਹੈ ਕਿ ਰੱਬ ਨੇ ਇਨਸਾਨਾਂ ਅੰਦਰ ਇਹ ਇੱਛਾ ਪਾਈ ਹੈ। (ਉਪਦੇਸ਼ਕ ਦੀ ਪੋਥੀ 3:11) ਨਾਲੇ ਇਹ ਵੀ ਕਹਿੰਦਾ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਕੀ ਇਸ ਗੱਲ ਦਾ ਕੋਈ ਮਤਲਬ ਬਣਦਾ ਕਿ ਪਿਆਰੇ ਪਰਮੇਸ਼ੁਰ ਨੇ ਸਾਡੇ ਅੰਦਰ ਹਮੇਸ਼ਾ ਜੀਉਂਦੇ ਰਹਿਣ ਦੀ ਇੱਛਾ ਤਾਂ ਪਾਈ ਹੈ, ਪਰ ਇਸ ਇੱਛਾ ਨੂੰ ਪੂਰਾ ਕਰਨਾ ਨਾਮੁਮਕਿਨ ਬਣਾਇਆ?

ਬਿਨਾਂ ਸ਼ੱਕ, ਕੋਈ ਵੀ ਮਰਨਾ ਨਹੀਂ ਚਾਹੁੰਦਾ। ਦਰਅਸਲ, ਬਾਈਬਲ ਦੱਸਦੀ ਹੈ ਕਿ ਮੌਤ ਸਾਡੀ “ਦੁਸ਼ਮਣ” ਹੈ। (1 ਕੁਰਿੰਥੀਆਂ 15:26) ਕਈ ਜਲਦੀ ਮਰ ਜਾਂਦੇ ਹਨ ਤੇ ਕਈ ਬੁੱਢੇ ਹੋ ਕੇ ਮਰਦੇ ਹਨ। ਪਰ ਮੌਤ ਹਰ ਇਕ ’ਤੇ ਆਉਂਦੀ ਹੈ। ਬਹੁਤ ਸਾਰੇ ਲੋਕ ਮੌਤ ਦੇ ਖ਼ਿਆਲ ਤੋਂ ਹੀ ਡਰਦੇ ਹਨ। ਕੀ ਇਹ ਦੁਸ਼ਮਣ ਮੌਤ ਕਦੇ ਖ਼ਤਮ ਹੋਵੇਗੀ? ਕੀ ਇਹ ਮੁਮਕਿਨ ਹੈ?

ਉਮੀਦ ਰੱਖਣ ਦਾ ਠੋਸ ਸਬੂਤ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੱਬ ਨੇ ਇਨਸਾਨਾਂ ਨੂੰ ਮਰਨ ਲਈ ਨਹੀਂ ਬਣਾਇਆ ਸੀ। ਬਾਈਬਲ ਦੀ ਕਿਤਾਬ ਉਤਪਤ ਤੋਂ ਸਬੂਤ ਮਿਲਦਾ ਹੈ ਕਿ ਰੱਬ ਨੇ ਇਨਸਾਨਾਂ ਨੂੰ ਧਰਤੀ ’ਤੇ ਹਮੇਸ਼ਾ ਰਹਿਣ ਲਈ ਬਣਾਇਆ ਸੀ। ਯਹੋਵਾਹ * ਪਰਮੇਸ਼ੁਰ ਨੇ ਧਰਤੀ ’ਤੇ ਉਹ ਹਰ ਚੀਜ਼ ਬਣਾਈ ਜੋ ਖ਼ੁਸ਼ਹਾਲ ਜ਼ਿੰਦਗੀ ਲਈ ਜ਼ਰੂਰੀ ਸੀ। ਫਿਰ ਉਸ ਨੇ ਪਹਿਲੇ ਆਦਮੀ, ਆਦਮ, ਨੂੰ ਬਣਾਇਆ ਅਤੇ ਉਸ ਨੂੰ ਅਦਨ ਦੇ ਸੋਹਣੇ ਬਾਗ਼ ਵਿਚ ਰੱਖਿਆ। ਇਸ ਤੋਂ ਬਾਅਦ, “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”—ਉਤਪਤ 1:26, 31.

ਰੱਬ ਨੇ ਆਦਮ ਨੂੰ ਮੁਕੰਮਲ ਬਣਾਇਆ ਅਤੇ ਉਸ ਵਿਚ ਆਪਣੇ ਵਰਗੇ ਗੁਣ ਪਾਏ। (ਬਿਵਸਥਾ ਸਾਰ 32:4) ਆਦਮ ਦੀ ਪਤਨੀ ਹੱਵਾਹ ਵਿਚ ਵੀ ਕੋਈ ਕਮੀ ਨਹੀਂ ਸੀ। ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।”—ਉਤਪਤ 1:28.

ਆਦਮ ਤੇ ਹੱਵਾਹ ਨੂੰ ਆਪਣੇ ਬੱਚਿਆਂ ਨਾਲ ਧਰਤੀ ਨੂੰ ਭਰਨ ਵਿਚ ਸਮਾਂ ਲੱਗਣਾ ਸੀ। ਹੱਵਾਹ ਦੇ ਬੱਚੇ ਹੋਣੇ ਸਨ, ਫਿਰ ਉਨ੍ਹਾਂ ਬੱਚਿਆਂ ਦੇ ਅੱਗੋਂ ਦੀ ਅੱਗੋਂ ਉਦੋਂ ਤਕ ਬੱਚੇ ਹੋਣੇ ਸਨ ਜਦੋਂ ਤਕ ਰੱਬ ਦੇ ਮਕਸਦ ਅਨੁਸਾਰ ਪੂਰੀ ਧਰਤੀ ਭਰ ਨਹੀਂ ਜਾਣੀ ਸੀ। (ਯਸਾਯਾਹ 45:18) ਕੀ ਇਹ ਸੋਚਣਾ ਸਹੀ ਹੋਵੇਗਾ ਕਿ ਯਹੋਵਾਹ ਨੇ ਆਦਮ ਤੇ ਹੱਵਾਹ ਲਈ ਇਹ ਮਕਸਦ ਰੱਖਿਆ ਸੀ, ਪਰ ਉਨ੍ਹਾਂ ਨੂੰ ਇੰਨੇ ਕੁ ਸਮੇਂ ਤਕ ਜੀਉਣ ਦੀ ਉਮੀਦ ਦਿੱਤੀ ਕਿ ਉਹ ਸਿਰਫ਼ ਆਪਣੇ ਬੱਚਿਆਂ ਅਤੇ ਸ਼ਾਇਦ ਪੋਤਿਆਂ ਦਾ ਮੂੰਹ ਦੇਖ ਸਕਣ ਅਤੇ ਉਨ੍ਹਾਂ ਨੂੰ ਅੰਜਾਮ ਦਾ ਨਹੀਂ ਪਤਾ ਸੀ?

ਨਾਲੇ ਜ਼ਰਾ ਜਾਨਵਰਾਂ ਨੂੰ ਅਧੀਨ ਕਰਨ ਦੇ ਹੁਕਮ ਬਾਰੇ ਵੀ ਸੋਚੋ। ਆਦਮ ਨੂੰ ਸਾਰੇ ਜਾਨਵਰਾਂ ਦਾ ਨਾਂ ਰੱਖਣ ਲਈ ਕਿਹਾ ਗਿਆ ਅਤੇ ਇਸ ਵਿਚ ਸਮਾਂ ਲੱਗਣਾ ਸੀ। (ਉਤਪਤ 2:19) ਪਰ ਜਾਨਵਰਾਂ ਨੂੰ ਅਧੀਨ ਕਰਨ ਲਈ ਉਨ੍ਹਾਂ ਬਾਰੇ ਜਾਣਨ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਬਾਰੇ ਸਿੱਖਣ ਦੀ ਲੋੜ ਸੀ। ਇੱਦਾਂ ਕਰਨ ਲਈ ਉਸ ਨੂੰ ਕਾਫ਼ੀ ਸਮਾਂ ਲੱਗਣਾ ਸੀ।

ਧਰਤੀ ਨੂੰ ਭਰਨ ਅਤੇ ਜਾਨਵਰਾਂ ਨੂੰ ਆਪਣੇ ਅਧੀਨ ਕਰਨ ਦੇ ਰੱਬ ਦੇ ਹੁਕਮਾਂ ਤੋਂ ਪਤਾ ਲੱਗਦਾ ਹੈ ਕਿ ਪਹਿਲੇ ਇਨਸਾਨੀ ਜੋੜੇ ਨੂੰ ਕਾਫ਼ੀ ਲੰਬੇ ਸਮੇਂ ਤਕ ਜੀਉਂਦੇ ਰਹਿਣ ਲਈ ਬਣਾਇਆ ਸੀ। ਦਰਅਸਲ, ਆਦਮ ਕਾਫ਼ੀ ਲੰਬੇ ਸਮੇਂ ਤਕ ਜੀਉਂਦਾ ਰਿਹਾ।

ਰੱਬ ਦਾ ਮਕਸਦ ਹੈ ਕਿ ਇਨਸਾਨ ਹਮੇਸ਼ਾ ਲਈ ਇਸ ਧਰਤੀ ’ਤੇ ਰਹਿਣ

ਉਹ ਕਾਫ਼ੀ ਲੰਬੇ ਸਮੇਂ ਤਕ ਜੀਉਂਦੇ ਰਹੇ

ਆਦਮ 930 ਸਾਲ

ਮਥੂਸਲਹ 969 ਸਾਲ

ਨੂਹ 950 ਸਾਲ

ਅੱਜ 70-80 ਸਾਲ

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਦੀ ਉਮਰ ਅੱਜ ਨਾਲੋਂ ਪਹਿਲਾਂ ਕਿਤੇ ਜ਼ਿਆਦਾ ਲੰਬੀ ਹੁੰਦੀ ਸੀ। ਇਹ ਦੱਸਦੀ ਹੈ: “ਆਦਮ ਦੀ ਪੂਰੀ ਉਮਰ 930 ਸਾਲ ਸੀ।” ਹੋਰ ਛੇ ਆਦਮੀਆਂ ਬਾਰੇ ਵੀ ਦੱਸਿਆ ਗਿਆ ਹੈ ਜਿਨ੍ਹਾਂ ਦੀ ਉਮਰ 900 ਤੋਂ ਜ਼ਿਆਦਾ ਸਾਲਾਂ ਦੀ ਸੀ। ਇਹ ਸਨ ਸੇਥ, ਅਨੋਸ਼, ਕੇਨਾਨ, ਯਰਦ, ਮਥੂਸਲਹ ਅਤੇ ਨੂਹ। ਇਹ ਸਾਰੇ ਨੂਹ ਦੀ ਜਲ-ਪਰਲੋ ਤੋਂ ਪਹਿਲਾਂ ਜੀਉਂਦੇ ਸਨ ਅਤੇ ਜਲ-ਪਰਲੋ ਆਉਣ ਤੋਂ ਪਹਿਲਾਂ ਨੂਹ ਦੀ ਉਮਰ 600 ਸਾਲ ਸੀ। (ਉਤਪਤ 5:5-27; 7:6; 9:29) ਇੰਨੇ ਲੰਬੇ ਸਮੇਂ ਤਕ ਜੀਉਂਦੇ ਰਹਿਣਾ ਮੁਮਕਿਨ ਕਿਵੇਂ ਸੀ?

ਮੁਕੰਮਲ ਆਦਮ ਤੇ ਹੱਵਾਹ ਨੂੰ ਹਾਲੇ ਜ਼ਿਆਦਾ ਸਮਾਂ ਨਹੀਂ ਸੀ ਬੀਤਿਆ ਜਦੋਂ ਇਨ੍ਹਾਂ ਸਾਰਿਆਂ ਦਾ ਜਨਮ ਹੋਇਆ ਸੀ। ਸ਼ਾਇਦ ਉਨ੍ਹਾਂ ਦੀ ਲੰਬੀ ਉਮਰ ਦਾ ਇਹ ਇਕ ਅਹਿਮ ਕਾਰਨ ਸੀ। ਪਰ ਮੁਕੰਮਲਤਾ ਦਾ ਲੰਬੀ ਜ਼ਿੰਦਗੀ ਨਾਲ ਕੀ ਸੰਬੰਧ ਹੈ? ਨਾਲੇ ਮੌਤ ਖ਼ਤਮ ਕਿਵੇਂ ਹੋਵੇਗੀ? ਇਨ੍ਹਾਂ ਸਵਾਲਾਂ ਦਾ ਜਵਾਬ ਪਾਉਣ ਤੋਂ ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ।

^ ਪੇਰਗ੍ਰੈਫ 6 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।