Skip to content

Skip to table of contents

ਹਮਦਰਦੀ ਦਿਖਾਓ

ਹਮਦਰਦੀ ਦਿਖਾਓ

ਸਮੱਸਿਆ ਦੀ ਜੜ੍ਹ

ਜੇ ਅਸੀਂ ਸਿਰਫ਼ ਇਸ ਗੱਲ ’ਤੇ ਹੀ ਧਿਆਨ ਦਿੰਦੇ ਹਾਂ ਕਿ ਦੂਸਰੇ ਸਾਡੇ ਤੋਂ ਕਿੰਨੇ ਵੱਖਰੇ ਹਨ, ਤਾਂ ਹੋ ਸਕਦਾ ਹੈ ਕਿ ਸਾਨੂੰ ਸਿਰਫ਼ ਉਨ੍ਹਾਂ ਦੀਆਂ ਗ਼ਲਤੀਆਂ ਹੀ ਨਜ਼ਰ ਆਉਣ ਜਾਂ ਅਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਬਿਹਤਰ ਸਮਝਣ ਲੱਗ ਪਈਏ। ਇੱਦਾਂ ਕਰਨ ਨਾਲ ਅਸੀਂ ਦੂਸਰਿਆਂ ਨੂੰ ਨਫ਼ਰਤ ਕਰਨ ਲੱਗ ਪਵਾਂਗੇ ਅਤੇ ਹਮਦਰਦੀ ਨਹੀਂ ਦਿਖਾ ਸਕਾਂਗੇ।

ਬਾਈਬਲ ਦਾ ਅਸੂਲ

“ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਓ; ਰੋਣ ਵਾਲੇ ਲੋਕਾਂ ਨਾਲ ਰੋਵੋ।”—ਰੋਮੀਆਂ 12:15.

ਇਸ ਦਾ ਕੀ ਮਤਲਬ ਹੈ? ਇਸ ਅਸੂਲ ਦਾ ਨਿਚੋੜ ਹੈ, ਹਮਦਰਦੀ ਦਿਖਾਓ। ਹਮਦਰਦੀ ਦਿਖਾਉਣ ਦਾ ਮਤਲਬ ਹੈ ਆਪਣੇ ਆਪ ਨੂੰ ਦੂਸਰਿਆਂ ਦੀ ਥਾਂ ’ਤੇ ਰੱਖਣਾ ਅਤੇ ਉਨ੍ਹਾਂ ਵਾਂਗ ਮਹਿਸੂਸ ਕਰਨਾ।

ਹਮਦਰਦੀ ਕਿਉਂ ਦਿਖਾਈਏ?

ਦੂਜਿਆਂ ਨੂੰ ਹਮਦਰਦੀ ਦਿਖਾਉਣ ਨਾਲ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਹੈ ਕਿ ਦੂਸਰੇ ਸਾਡੇ ਤੋਂ ਇੰਨੇ ਵੀ ਵੱਖਰੇ ਨਹੀਂ ਹਨ। ਸਾਨੂੰ ਪਤਾ ਲੱਗਦਾ ਹੈ ਕਿ ਉਹ ਵੀ ਸਾਡੇ ਵਾਂਗ ਹੀ ਮਹਿਸੂਸ ਕਰਦੇ ਹਨ ਅਤੇ ਜਿੱਦਾਂ ਅਸੀਂ ਪੇਸ਼ ਆਉਂਦੇ ਹਾਂ, ਉਹ ਵੀ ਉੱਦਾਂ ਹੀ ਪੇਸ਼ ਆਉਂਦੇ ਹਨ। ਜਦੋਂ ਅਸੀਂ ਦੂਸਰਿਆਂ ਨੂੰ ਹਮਦਰਦੀ ਦਿਖਾਵਾਂਗੇ, ਤਾਂ ਅਸੀਂ ਇਹ ਗੱਲ ਦੇਖ ਪਾਵਾਂਗੇ ਕਿ ਦੂਸਰੇ ਵੀ ਸਾਡੇ ਵਰਗੇ ਹੀ ਹਨ, ਫਿਰ ਚਾਹੇ ਉਨ੍ਹਾਂ ਦੀ ਜਾਤ, ਭਾਸ਼ਾ ਜਾਂ ਰੰਗ ਸਾਡੇ ਤੋਂ ਵੱਖਰਾ ਹੀ ਕਿਉਂ ਨਾ ਹੋਵੇ। ਇੱਦਾਂ ਕਰਨ ਨਾਲ ਅਸੀਂ ਉਨ੍ਹਾਂ ਬਾਰੇ ਬੁਰਾ ਨਹੀਂ ਸੋਚਾਂਗੇ।

ਹਮਦਰਦੀ ਦਿਖਾਉਣ ਨਾਲ ਅਸੀਂ ਦੂਸਰਿਆਂ ਦਾ ਆਦਰ ਕਰਾਂਗੇ। ਸੈਨੈਗਲ ਦੇਸ਼ ਵਿਚ ਰਹਿਣ ਵਾਲੀ ਐਨਮੈਰੀ ਦੱਸਦੀ ਹੈ ਕਿ ਇਕ ਸਮੇਂ ’ਤੇ ਉਹ ਉਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਕਰਦੀ ਸੀ ਜਿਨ੍ਹਾਂ ਨੂੰ ਦੂਸਰੇ ਲੋਕ ਛੋਟੀ ਜਾਤ ਦੇ ਸਮਝਦੇ ਸਨ। ਉਹ ਕਹਿੰਦੀ ਹੈ: “ਜਦੋਂ ਮੈਂ ਦੇਖਿਆ ਕਿ ਉਹ ਕਿੰਨੇ ਦੁੱਖ-ਤਕਲੀਫ਼ ਝੱਲ ਰਹੇ ਹਨ, ਤਾਂ ਮੈਂ ਸੋਚਿਆ ਕਿ ਜੇ ਮੈਂ ਉਨ੍ਹਾਂ ਦੇ ਪਰਿਵਾਰ ਵਿਚ ਪੈਦਾ ਹੋਈ ਹੁੰਦੀ, ਤਾਂ ਮੈਨੂੰ ਕਿੱਦਾਂ ਦਾ ਲੱਗਦਾ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿਸੇ ਵੀ ਮਾਮਲੇ ਵਿਚ ਉਨ੍ਹਾਂ ਤੋਂ ਖ਼ਾਸ ਨਹੀਂ ਹਾਂ। ਇਹ ਤਾਂ ਕੁਦਰਤੀ ਸੀ ਕਿ ਮੈਂ ਇਸ ਪਰਿਵਾਰ ਵਿਚ ਪੈਦਾ ਹੋ ਗਈ ਅਤੇ ਉਹ ਉਸ ਪਰਿਵਾਰ ਵਿਚ। ਮੈਂ ਇੱਦਾਂ ਦਾ ਕੋਈ ਵੀ ਤੀਰ ਨਹੀਂ ਮਾਰਿਆ ਕਿ ਮੈਂ ਆਪਣੇ ਆਪ ’ਤੇ ਮਾਣ ਕਰਾਂ।” ਜੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦੂਸਰੇ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘਦੇ ਹਨ, ਤਾਂ ਅਸੀਂ ਉਨ੍ਹਾਂ ਬਾਰੇ ਗ਼ਲਤ ਰਾਇ ਕਾਇਮ ਨਹੀਂ ਕਰਾਂਗੇ, ਸਗੋਂ ਉਨ੍ਹਾਂ ਨਾਲ ਹਮਦਰਦੀ ਰੱਖਾਂਗੇ।

ਤੁਸੀਂ ਕੀ ਕਰ ਸਕਦੇ ਹੋ?

ਸੋਚੋ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਵਧੀਆ ਨਹੀਂ ਸਮਝਦੇ, ਉਨ੍ਹਾਂ ਨਾਲ ਤੁਹਾਡੀਆਂ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਸੋਚੋ ਉਨ੍ਹਾਂ ਨੂੰ ਉਦੋਂ ਕਿੱਦਾਂ ਲੱਗਦਾ ਹੋਣਾ ਜਦੋਂ:

ਦੂਜਿਆਂ ਨਾਲ ਹਮਦਰਦੀ ਰੱਖਣ ਕਰਕੇ ਅਸੀਂ ਇਹ ਸਮਝ ਪਾਉਂਦੇ ਹਾਂ ਕਿ ਉਹ ਵੀ ਸਾਡੇ ਵਰਗੇ ਹੀ ਹਨ

  • ਉਹ ਆਪਣੇ ਪਰਿਵਾਰ ਨਾਲ ਮਿਲ ਕੇ ਖਾਣਾ ਖਾਂਦੇ ਹਨ

  • ਸਾਰਾ ਦਿਨ ਕੰਮ ਕਰਕੇ ਘਰੇ ਵਾਪਸ ਆਉਂਦੇ ਹਨ

  • ਆਪਣੇ ਦੋਸਤਾਂ ਨਾਲ ਸਮਾਂ ਬਿਤਾਉਂਦੇ ਹਨ

  • ਆਪਣੇ ਮਨ-ਪਸੰਦ ਗਾਣੇ ਸੁਣਦੇ ਹਨ

ਫਿਰ ਸੋਚੋ ਜੇ ਤੁਸੀਂ ਉਨ੍ਹਾਂ ਦੀ ਜਗ੍ਹਾ ਹੁੰਦੇ, ਤਾਂ ਤੁਹਾਨੂੰ ਕਿੱਦਾਂ ਲੱਗਦਾ। ਤੁਸੀਂ ਸੋਚ ਸਕਦੇ ਹੋ:

  • ‘ਜੇ ਕੋਈ ਮੇਰੀ ਬੇਇੱਜ਼ਤੀ ਕਰਦਾ, ਤਾਂ ਮੈਂ ਕੀ ਕਰਦਾ?’

  • ‘ਜੇ ਕੋਈ ਮੈਨੂੰ ਬਿਨਾਂ ਜਾਣੇ ਮੇਰੇ ਬਾਰੇ ਗ਼ਲਤ ਰਾਇ ਕਾਇਮ ਕਰਦਾ, ਤਾਂ ਮੈਨੂੰ ਕਿੱਦਾਂ ਲੱਗਦਾ?’

  • ‘ਜੇ ਮੈਂ ਉਸ ਸਮਾਜ ਦਾ ਹੁੰਦਾ, ਤਾਂ ਮੈਂ ਕੀ ਚਾਹੁੰਦਾ ਕਿ ਲੋਕ ਮੇਰੇ ਨਾਲ ਕਿੱਦਾਂ ਦਾ ਸਲੂਕ ਕਰਨ?’