Skip to content

Skip to table of contents

ਮੁੱਖ ਪੰਨੇ ਤੋਂ

ਕੀ ਬਾਈਬਲ ਬਸ ਇਕ ਚੰਗੀ ਕਿਤਾਬ ਹੈ?

ਕੀ ਬਾਈਬਲ ਬਸ ਇਕ ਚੰਗੀ ਕਿਤਾਬ ਹੈ?

ਬਾਈਬਲ ਲਗਭਗ 2,000 ਸਾਲ ਪਹਿਲਾਂ ਪੂਰੀ ਕੀਤੀ ਗਈ ਸੀ। ਉਦੋਂ ਤੋਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਤੇ ਚਲੇ ਗਈਆਂ। ਪਰ ਬਾਈਬਲ ਨਾਲ ਇਸ ਤਰ੍ਹਾਂ ਨਹੀਂ ਹੋਇਆ। ਥੱਲੇ ਦੱਸੀਆਂ ਗੱਲਾਂ ਵੱਲ ਧਿਆਨ ਦਿਓ।

  • ਬਹੁਤ ਸਾਰੇ ਤਾਕਤਵਰ ਲੋਕਾਂ ਨੇ ਬਾਈਬਲ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਸਫ਼ਲ ਨਹੀਂ ਹੋ ਸਕੇ। ਮਿਸਾਲ ਲਈ, ਮੱਧਕਾਲੀਨ ਬਾਈਬਲ ਦੀ ਜਾਣ-ਪਛਾਣ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ ਕਿ ਮੱਧ ਕਾਲ ਵਿਚ “ਮਸੀਹੀ” ਹੋਣ ਦਾ ਦਾਅਵਾ ਕਰਨ ਵਾਲੇ ਕੁਝ ਦੇਸ਼ਾਂ ਵਿਚ “ਜੇ ਕੋਈ ਆਪਣੀ ਭਾਸ਼ਾ ਵਿਚ ਬਾਈਬਲ ਨੂੰ ਪੜ੍ਹਦਾ ਜਾਂ ਆਪਣੇ ਕੋਲ ਰੱਖਦਾ ਸੀ, ਤਾਂ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ।” ਲੋਕਾਂ ਦੀ ਆਮ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਵਾਲੇ ਜਾਂ ਇਸ ਨੂੰ ਪੜ੍ਹਨ ਦੀ ਹੱਲਾਸ਼ੇਰੀ ਦੇਣ ਵਾਲੇ ਵਿਦਵਾਨਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ। ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਤਾਂ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ।

  • ਬਹੁਤ ਸਾਰੇ ਦੁਸ਼ਮਣਾਂ ਦੇ ਬਾਵਜੂਦ ਬਾਈਬਲ ਦੁਨੀਆਂ ਵਿਚ ਸਭ ਤੋਂ ਵੱਧ ਵੰਡੀ ਜਾਣ ਵਾਲੀ ਕਿਤਾਬ ਬਣ ਗਈ ਤੇ ਹਾਲੇ ਵੀ ਹੈ। ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ ਦੀਆਂ ਲਗਭਗ 5 ਅਰਬ ਕਾਪੀਆਂ 2,800 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪੀਆਂ ਗਈਆਂ ਹਨ। ਇਸ ਦੀ ਤੁਲਨਾ ਵਿਚ ਫ਼ਲਸਫ਼ੇ, ਵਿਗਿਆਨ ਅਤੇ ਹੋਰ ਵਿਸ਼ਿਆਂ ਬਾਰੇ ਕਿਤਾਬਾਂ ਇੰਨੀ ਮਾਤਰਾ ਵਿਚ ਨਹੀਂ ਵੰਡੀਆਂ ਗਈਆਂ ਅਤੇ ਸ਼ਾਇਦ ਜਲਦੀ ਹੀ ਇਨ੍ਹਾਂ ਦੀ ਅਹਿਮੀਅਤ ਖ਼ਤਮ ਹੋ ਜਾਵੇ।

  • ਬਾਈਬਲ ਨੇ ਉਨ੍ਹਾਂ ਕੁਝ ਭਾਸ਼ਾਵਾਂ ਨੂੰ ਜ਼ਿੰਦਾ ਰੱਖਣ ਜਾਂ ਉਨ੍ਹਾਂ ਦਾ ਵਿਕਾਸ ਕਰਨ ਵਿਚ ਮਦਦ ਕੀਤੀ ਹੈ ਜਿਨ੍ਹਾਂ ਵਿਚ ਇਸ ਦਾ ਅਨੁਵਾਦ ਕੀਤਾ ਗਿਆ ਹੈ। ਮਾਰਟਿਨ ਲੂਥਰ ਦੁਆਰਾ ਕੀਤੇ ਜਰਮਨ ਅਨੁਵਾਦ ਦਾ ਇਸ ਭਾਸ਼ਾ ’ਤੇ ਬਹੁਤ ਜ਼ਿਆਦਾ ਅਸਰ ਪਿਆ ਹੈ। ਕਿੰਗ ਜੇਮਜ਼ ਵਰਯਨ ਦੇ ਪਹਿਲੇ ਐਡੀਸ਼ਨ ਬਾਰੇ ਕਿਹਾ ਗਿਆ ਸੀ ਕਿ ਅੰਗ੍ਰੇਜ਼ੀ ਦੀ “ਇਹ ਇੱਕੋ-ਇਕ ਸਭ ਤੋਂ ਪ੍ਰਭਾਵਸ਼ਾਲੀ ਕਿਤਾਬ ਹੈ ਜੋ ਪਹਿਲਾਂ ਕਦੇ ਨਹੀਂ ਛਪੀ।”

  • ਬਾਈਬਲ ਨੇ “ਪੱਛਮੀ ਸਭਿਆਚਾਰ ’ਤੇ ਬਹੁਤ ਗਹਿਰਾ ਅਸਰ ਪਾਇਆ ਹੈ। ਇਸ ਨੇ ਨਾ ਸਿਰਫ਼ ਧਾਰਮਿਕ ਵਿਸ਼ਵਾਸਾਂ ਅਤੇ ਕੰਮਾਂ ’ਤੇ ਸਗੋਂ ਕਲਾ, ਸਾਹਿੱਤ, ਕਾਨੂੰਨ, ਰਾਜਨੀਤੀ ਅਤੇ ਹੋਰ ਬਹੁਤ ਸਾਰੇ ਖੇਤਰਾਂ ’ਤੇ ਵੀ ਅਸਰ ਪਾਇਆ ਹੈ।”ਬਾਈਬਲ ਦੀਆਂ ਕਿਤਾਬਾਂ ਦਾ ਆਕਸਫੋਰਡ ਐਨਸਾਈਕਲੋਪੀਡੀਆ (ਅੰਗ੍ਰੇਜ਼ੀ)।

ਇਹ ਕੁਝ ਗੱਲਾਂ ਹਨ ਜੋ ਬਾਈਬਲ ਨੂੰ ਦੂਸਰੀਆਂ ਕਿਤਾਬਾਂ ਤੋਂ ਅਲੱਗ ਕਰਦੀਆਂ ਹਨ। ਪਰ ਇਹ ਇੰਨੀ ਮਸ਼ਹੂਰ ਕਿਤਾਬ ਕਿਉਂ ਹੈ? ਲੋਕਾਂ ਨੇ ਇਸ ਖ਼ਾਤਰ ਆਪਣੀਆਂ ਜਾਨਾਂ ਖ਼ਤਰੇ ਵਿਚ ਕਿਉਂ ਪਾਈਆਂ? ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਕੁਝ ਹਨ: ਬਾਈਬਲ ਵਿਚ ਬੁੱਧੀਮਤਾ ਭਰੀ ਜਾਣਕਾਰੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਚਾਹੀਦੀ ਹੈ ਤੇ ਅਸੀਂ ਰੱਬ ਨਾਲ ਚੰਗਾ ਰਿਸ਼ਤਾ ਕਿਵੇਂ ਬਣਾ ਸਕਦੇ ਹਾਂ। ਬਾਈਬਲ ਸਾਨੂੰ ਇਨਸਾਨਾਂ ਦੇ ਦੁੱਖਾਂ ਤੇ ਲੜਾਈ-ਝਗੜਿਆਂ ਦੀ ਜੜ੍ਹ ਬਾਰੇ ਦੱਸਦੀ ਹੈ। ਇਸ ਵਿਚ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਕਿਵੇਂ।

ਬਾਈਬਲ ਨੈਤਿਕ ਤੇ ਪਰਮੇਸ਼ੁਰੀ ਸਮਝ ਦਿੰਦੀ ਹੈ

ਪੜ੍ਹਾਈ-ਲਿਖਾਈ ਕਰਨੀ ਜ਼ਰੂਰੀ ਹੈ। ਪਰ ਕੈਨੇਡਾ ਦੀ ਓਟਾਵਾ ਸਿਟੀਜ਼ਨ ਅਖ਼ਬਾਰ ਕਹਿੰਦੀ ਹੈ: ‘ਇਹ ਪੜ੍ਹਾਈ ਕਰ ਕੇ ਤੁਹਾਡੇ ਨਾਂ ਨਾਲ ਜੋ ਅੱਖਰ ਲੱਗਦੇ ਹਨ, ਉਹ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੇ ਕਿ ਤੁਸੀਂ ਸਹੀ ਫ਼ੈਸਲੇ ਕਰੋਗੇ।’ ਐਡਲਮੈਨ ਨਾਂ ਦੀ ਲੋਕ-ਸੰਪਰਕ ਸੰਸਥਾ ਦੁਆਰਾ ਛਾਪੇ ਇਕ ਅਧਿਐਨ ਅਨੁਸਾਰ ਕਈ ਬਹੁਤ ਪੜ੍ਹੇ-ਲਿਖੇ ਲੋਕ, ਜਿਨ੍ਹਾਂ ਵਿਚ ਵਪਾਰਕ ਤੇ ਸਰਕਾਰੀ ਆਗੂ ਸ਼ਾਮਲ ਹਨ, ਧੋਖਾ ਕਰਦੇ, ਠੱਗਦੇ ਤੇ ਚੋਰੀ ਕਰਦੇ ਹਨ ਜਿਸ ਕਰਕੇ ‘ਲੋਕਾਂ ਦਾ ਉਨ੍ਹਾਂ ਤੋਂ ਭਰੋਸਾ ਉੱਠ ਜਾਂਦਾ ਹੈ।’

ਬਾਈਬਲ ਨੈਤਿਕ ਤੇ ਪਰਮੇਸ਼ੁਰੀ ਸਿੱਖਿਆ ਲੈਣ ਉੱਤੇ ਜ਼ੋਰ ਦਿੰਦੀ ਹੈ। ਇਹ ਸਾਨੂੰ ‘ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝਣ’ ਵਿਚ ਮਦਦ ਕਰਦੀ ਹੈ। (ਕਹਾਉਤਾਂ 2:9) ਮਿਸਾਲ ਲਈ, 23 ਸਾਲਾਂ ਦਾ ਸਟੀਫ਼ਨ ਪੋਲੈਂਡ ਦੀ ਜੇਲ੍ਹ ਵਿਚ ਸੀ। ਜੇਲ੍ਹ ਵਿਚ ਹੁੰਦਿਆਂ ਉਸ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਇਸ ਦੀ ਵਧੀਆ ਸਲਾਹ ਨੂੰ ਲਾਗੂ ਕੀਤਾ। ਉਸ ਨੇ ਲਿਖਿਆ: “ਮੈਨੂੰ ਹੁਣ ਪਤਾ ਲੱਗਾ ਹੈ ਕਿ ‘ਆਪਣੇ ਮਾਤਾ-ਪਿਤਾ ਦਾ ਆਦਰ ਕਰਨ’ ਦਾ ਕੀ ਮਤਲਬ ਹੈ। ਮੈਂ ਆਪਣੇ ਜਜ਼ਬਾਤਾਂ ’ਤੇ ਕਾਬੂ ਪਾਉਣਾ ਸਿੱਖਿਆ ਹੈ, ਖ਼ਾਸ ਕਰਕੇ ਜਦੋਂ ਮੇਰਾ ਪਾਰਾ ਸੱਤਵੇਂ ਆਸਮਾਨ ’ਤੇ ਹੁੰਦਾ ਹੈ।”ਅਫ਼ਸੀਆਂ 4:31; 6:2.

ਸਟੀਫ਼ਨ ਨੇ ਕਹਾਉਤਾਂ 19:11 ਵਿਚ ਪਾਏ ਜਾਂਦੇ ਅਸੂਲ ਨੂੰ ਆਪਣੇ ਦਿਲ ਵਿਚ ਬਿਠਾਇਆ ਹੈ: “ਬਿਬੇਕ [ਸਮਝਦਾਰੀ] ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।” ਹੁਣ ਜਦੋਂ ਸਟੀਫ਼ਨ ਕਿਸੇ ਚੁਣੌਤੀ ਭਰੇ ਹਾਲਾਤ ਦਾ ਸਾਮ੍ਹਣਾ ਕਰਦਾ ਹੈ, ਤਾਂ ਉਹ ਸ਼ਾਂਤੀ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਹਾਲਾਤ ਨਾਲ ਢੁਕਦੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਦਾ ਹੈ। ਉਸ ਨੇ ਕਿਹਾ: “ਮੈਂ ਦੇਖਿਆ ਕਿ ਬਾਈਬਲ ਹੀ ਅਜਿਹੀ ਕਿਤਾਬ ਹੈ ਜਿਸ ਵਿੱਚੋਂ ਸਭ ਤੋਂ ਵਧੀਆ ਸਲਾਹ ਮਿਲਦੀ ਹੈ।”

ਮਾਰੀਆ ਯਹੋਵਾਹ ਦੀ ਇਕ ਗਵਾਹ ਹੈ। ਇਕ ਔਰਤ ਨੇ, ਜੋ ਗਵਾਹਾਂ ਨੂੰ ਪਸੰਦ ਨਹੀਂ ਕਰਦੀ ਸੀ, ਸਾਰੇ ਲੋਕਾਂ ਸਾਮ੍ਹਣੇ ਉਸ ਨੂੰ ਬੇਇੱਜ਼ਤ ਕੀਤਾ ਤੇ ਤਮਾਸ਼ਾ ਖੜ੍ਹਾ ਕਰ ਲਿਆ। ਪਰ ਮਾਰੀਆ ਬਦਲਾ ਲੈਣ ਦੀ ਬਜਾਇ, ਚੁੱਪ-ਚਾਪ ਉੱਥੋਂ ਚਲੇ ਗਈ। ਬਾਅਦ ਵਿਚ ਉਸ ਔਰਤ ਨੂੰ ਬੁਰਾ ਲੱਗਾ ਕਿ ਉਸ ਨੇ ਮਾਰੀਆ ਨਾਲ ਚੰਗਾ ਨਹੀਂ ਕੀਤਾ ਤੇ ਉਹ ਗਵਾਹਾਂ ਦੀ ਭਾਲ ਕਰਨ ਲੱਗ ਪਈ। ਇਕ ਮਹੀਨੇ ਬਾਅਦ ਅਖ਼ੀਰ ਜਦ ਉਸ ਨੂੰ ਮਾਰੀਆ ਮਿਲ ਗਈ, ਤਾਂ ਉਸ ਨੇ ਮਾਰੀਆ ਨੂੰ ਗਲ਼ੇ ਲਗਾਇਆ ਤੇ ਮਾਫ਼ੀ ਮੰਗੀ। ਇਸ ਤੋਂ ਇਲਾਵਾ, ਉਹ ਸਮਝ ਗਈ ਕਿ ਮਾਰੀਆ ਨੇ ਜੋ ਨਰਮਾਈ ਦਿਖਾਈ ਤੇ ਆਪਣੇ ਆਪ ’ਤੇ ਕਾਬੂ ਰੱਖਿਆ, ਉਸ ਤੋਂ ਉਸ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਪਤਾ ਲੱਗਦਾ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਉਸ ਔਰਤ ਨੇ ਅਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕੀਤਾ।

ਯਿਸੂ ਮਸੀਹ ਨੇ ਕਿਹਾ ਸੀ ਕਿ ਕਿਸੇ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਬੁੱਧੀਮਾਨ ਹੈ। (ਲੂਕਾ 7:35) ਇਸ ਗੱਲ ਦੇ ਢੇਰ ਸਾਰੇ ਸਬੂਤ ਹਨ ਕਿ ਬਾਈਬਲ ਦੇ ਅਸੂਲ ਅਸਰਕਾਰੀ ਹਨ। ਇਹ ਸਾਡੀ ਵਧੀਆ ਇਨਸਾਨ ਬਣਨ ਵਿਚ ਮਦਦ ਕਰਦੇ ਹਨ। ਇਹ ‘ਭੋਲੇ ਨੂੰ ਬੁੱਧਵਾਨ ਕਰਦੇ ਹਨ,’ “ਦਿਲ ਨੂੰ ਅਨੰਦ ਕਰਦੇ ਹਨ” ਅਤੇ ਨੈਤਿਕ ਤੇ ਪਰਮੇਸ਼ੁਰੀ ਸਮਝ ਨਾਲ ‘ਅੱਖੀਆਂ ਨੂੰ ਚਾਨਣ ਦਿੰਦੇ ਹਨ।’ਜ਼ਬੂਰਾਂ ਦੀ ਪੋਥੀ 19:7, 8.

ਬਾਈਬਲ ਦੁੱਖਾਂ-ਤਕਲੀਫ਼ਾਂ ਅਤੇ ਲੜਾਈ-ਝਗੜਿਆਂ ਬਾਰੇ ਸਮਝਾਉਂਦੀ ਹੈ

ਜਦੋਂ ਕੋਈ ਬੀਮਾਰੀ ਫੈਲ ਜਾਂਦੀ ਹੈ, ਤਾਂ ਜਾਂਚ-ਪੜਤਾਲ ਕਰਨ ਵਾਲੇ ਇਸ ਦੇ ਕਾਰਨ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਬੀਮਾਰੀ ਸ਼ੁਰੂ ਕਿਵੇਂ ਹੋਈ। ਇਹੀ ਸਿਧਾਂਤ ਇਨਸਾਨਾਂ ਦੇ ਦੁੱਖਾਂ-ਤਕਲੀਫ਼ਾਂ ਅਤੇ ਲੜਾਈ-ਝਗੜਿਆਂ ਦੀ ਜੜ੍ਹ ਨੂੰ ਸਮਝਣ ’ਤੇ ਵੀ ਲਾਗੂ ਹੁੰਦਾ ਹੈ। ਬਾਈਬਲ ਇਸ ਮਾਮਲੇ ਵਿਚ ਵੀ ਬਹੁਤ ਮਦਦਗਾਰ ਹੈ ਕਿਉਂਕਿ ਇਸ ਵਿਚ ਇਨਸਾਨਾਂ ਦੇ ਇਤਿਹਾਸ ਦੀ ਸ਼ੁਰੂਆਤ ਬਾਰੇ ਦੱਸਿਆ ਹੈ ਜਦੋਂ ਸਾਡੀਆਂ ਮੁਸ਼ਕਲਾਂ ਦਾ ਦੌਰ ਸ਼ੁਰੂ ਹੋਇਆ ਸੀ।

ਉਤਪਤ ਦੀ ਕਿਤਾਬ ਦੱਸਦੀ ਹੈ ਕਿ ਇਨਸਾਨਾਂ ਉੱਤੇ ਮੁਸ਼ਕਲਾਂ ਆਉਣੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਪਹਿਲੇ ਇਨਸਾਨੀ ਜੋੜੇ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ। ਹੋਰ ਗੱਲਾਂ ਦੇ ਨਾਲ-ਨਾਲ ਉਨ੍ਹਾਂ ਨੇ ਆਪ ਸਹੀ-ਗ਼ਲਤ ਬਾਰੇ ਫ਼ੈਸਲਾ ਕੀਤਾ। ਇਹ ਹੱਕ ਸਿਰਫ਼ ਸਾਡੇ ਸ੍ਰਿਸ਼ਟੀਕਰਤਾ ਦਾ ਸੀ। (ਉਤਪਤ 3:1-7) ਦੁੱਖ ਦੀ ਗੱਲ ਹੈ ਕਿ ਉਦੋਂ ਤੋਂ ਹੀ ਲੋਕਾਂ ਨੇ ਇਹ ਸੋਚ ਅਪਣਾ ਲਈ। ਨਤੀਜਾ? ਮਨੁੱਖੀ ਇਤਿਹਾਸ ਆਜ਼ਾਦੀ ਤੇ ਖ਼ੁਸ਼ੀਆਂ ਦੀ ਬਜਾਇ ਲੜਾਈ-ਝਗੜਿਆਂ, ਅਤਿਆਚਾਰ, ਧਾਰਮਿਕ ਫੁੱਟਾਂ ਨਾਲ ਭਰਿਆ ਪਿਆ ਹੈ ਤੇ ਨੈਤਿਕ ਮਾਮਲਿਆਂ ਬਾਰੇ ਵੀ ਲੋਕਾਂ ਦੀ ਅਲੱਗ-ਅਲੱਗ ਰਾਇ ਹੈ। (ਉਪਦੇਸ਼ਕ ਦੀ ਪੋਥੀ 8:9) ਬਾਈਬਲ ਸਹੀ ਕਹਿੰਦੀ ਹੈ: ‘ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।’ (ਯਿਰਮਿਯਾਹ 10:23) ਖ਼ੁਸ਼ੀ ਦੀ ਖ਼ਬਰ ਹੈ ਕਿ ਇਨਸਾਨ ਦਾ ਮਨਮਰਜ਼ੀ ਕਰਨ ਦਾ ਸਮਾਂ ਲਗਭਗ ਖ਼ਤਮ ਹੋ ਚੁੱਕਾ ਹੈ।

ਬਾਈਬਲ ਤੋਂ ਸਾਨੂੰ ਆਸ ਮਿਲਦੀ ਹੈ

ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਜਿਹੜੇ ਲੋਕ ਰੱਬ ਦੇ ਅਧਿਕਾਰ ਅਤੇ ਮਿਆਰਾਂ ਦਾ ਆਦਰ ਕਰਦੇ ਹਨ, ਉਨ੍ਹਾਂ ਨਾਲ ਪਿਆਰ ਹੋਣ ਕਰਕੇ ਰੱਬ ਬੁਰਾਈ ਅਤੇ ਇਸ ਦੇ ਦੁਖਦਾਈ ਨਤੀਜਿਆਂ ਨੂੰ ਹਮੇਸ਼ਾ ਲਈ ਬਰਦਾਸ਼ਤ ਨਹੀਂ ਕਰੇਗਾ। ਬੁਰੇ ਲੋਕ “ਆਪਣੀ ਕਰਨੀ ਦਾ ਫਲ ਭੋਗਣਗੇ।” (ਕਹਾਉਤਾਂ 1:30, 31) ਦੂਜੇ ਪਾਸੇ, “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”ਜ਼ਬੂਰਾਂ ਦੀ ਪੋਥੀ 37:11.

“[ਰੱਬ] ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”—1 ਤਿਮੋਥਿਉਸ 2:3, 4

“ਪਰਮੇਸ਼ੁਰ ਦੇ ਰਾਜ” ਰਾਹੀਂ ਰੱਬ ਧਰਤੀ ਲਈ ਆਪਣੇ ਮਕਸਦ ਨੂੰ ਪੂਰਾ ਕਰ ਕੇ ਸ਼ਾਂਤੀ ਕਾਇਮ ਕਰੇਗਾ। (ਲੂਕਾ 4:43, OV) ਇਹ ਰਾਜ ਦੁਨੀਆਂ ਦੀ ਇੱਕੋ-ਇਕ ਸਰਕਾਰ ਹੋਵੇਗੀ ਜਿਸ ਰਾਹੀਂ ਰੱਬ ਮਨੁੱਖਜਾਤੀ ਉੱਤੇ ਰਾਜ ਕਰੇਗਾ। ਯਿਸੂ ਨੇ ਇਸ ਰਾਜ ਦਾ ਸੰਬੰਧ ਧਰਤੀ ਨਾਲ ਜੋੜਿਆ ਜਦੋਂ ਉਸ ਨੇ ਪ੍ਰਾਰਥਨਾ ਵਿਚ ਕਿਹਾ: “ਤੇਰਾ ਰਾਜ ਆਵੇ। ਤੇਰੀ ਇੱਛਾ . . . ਧਰਤੀ ਉੱਤੇ ਪੂਰੀ ਹੋਵੇ।”ਮੱਤੀ 6:10.

ਜੀ ਹਾਂ, ਪਰਮੇਸ਼ੁਰ ਦੇ ਰਾਜ ਦੀ ਪਰਜਾ ਉਸ ਦੀ ਇੱਛਾ ਪੂਰੀ ਕਰੇਗੀ ਅਤੇ ਉਹ ਸਿਰਜਣਹਾਰ ਨੂੰ ਆਪਣਾ ਹਾਕਮ ਮੰਨੇਗੀ ਨਾ ਕਿ ਕਿਸੇ ਇਨਸਾਨ ਨੂੰ। ਭ੍ਰਿਸ਼ਟਾਚਾਰ, ਲਾਲਚ, ਅਮੀਰੀ-ਗ਼ਰੀਬੀ, ਜਾਤ-ਪਾਤ ਅਤੇ ਯੁੱਧਾਂ ਨੂੰ ਖ਼ਤਮ ਕੀਤਾ ਜਾਵੇਗਾ। ਉਸ ਵੇਲੇ ਪੂਰੀ ਦੁਨੀਆਂ ’ਤੇ ਇੱਕੋ ਸਰਕਾਰ ਹੋਵੇਗੀ, ਇੱਕੋ ਜਿਹੇ ਨੈਤਿਕ ਅਤੇ ਪਰਮੇਸ਼ੁਰੀ ਅਸੂਲ ਹੋਣਗੇ।ਪ੍ਰਕਾਸ਼ ਦੀ ਕਿਤਾਬ 11:15.

ਨਵੀਂ ਦੁਨੀਆਂ ਦੇਖਣ ਲਈ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। 1 ਤਿਮੋਥਿਉਸ 2:3, 4 ਦੱਸਦਾ ਹੈ: “[ਰੱਬ] ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” ਇਸ ਸੱਚਾਈ ਵਿਚ ਰਾਜ ਦੇ ਸੰਵਿਧਾਨ ਬਾਰੇ ਬਾਈਬਲ ਦੀਆਂ ਸਿੱਖਿਆਵਾਂ ਸ਼ਾਮਲ ਹਨ। ਇਹ ਸੰਵਿਧਾਨ ਹੈ ਰਾਜ ਦੇ ਕਾਨੂੰਨ ਅਤੇ ਅਸੂਲ ਜਿਨ੍ਹਾਂ ਦੀਆਂ ਮਿਸਾਲਾਂ ਸਾਨੂੰ ਯਿਸੂ ਮਸੀਹ ਦੇ ਪਹਾੜ ਉੱਤੇ ਦਿੱਤੇ ਉਪਦੇਸ਼ ਤੋਂ ਪਤਾ ਲੱਗ ਸਕਦੀਆਂ ਹਨ। (ਮੱਤੀ, ਅਧਿਆਇ 5-7) ਜਦੋਂ ਤੁਸੀਂ ਇਨ੍ਹਾਂ ਤਿੰਨਾਂ ਅਧਿਆਵਾਂ ਨੂੰ ਪੜ੍ਹੋਗੇ, ਤਾਂ ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਹਰ ਕੋਈ ਯਿਸੂ ਦੀਆਂ ਬੁੱਧ ਦੀਆਂ ਗੱਲਾਂ ਅਨੁਸਾਰ ਚੱਲੇਗਾ।

ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਬਾਈਬਲ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ? ਬਿਲਕੁਲ ਨਹੀਂ! ਇਸ ਦੀਆਂ ਸਿੱਖਿਆਵਾਂ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖੀਆਂ ਗਈਆਂ ਹਨ। ਇੰਨੀ ਵੱਡੀ ਮਾਤਰਾ ਵਿਚ ਬਾਈਬਲ ਦਾ ਵੰਡਿਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੀਆਂ ਭਾਸ਼ਾਵਾਂ ਅਤੇ ਕੌਮਾਂ ਦੇ ਲੋਕ ਉਸ ਬਾਰੇ ਸਿੱਖਣ ਅਤੇ ਉਸ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਤੋਂ ਫ਼ਾਇਦਾ ਲੈਣ।ਰਸੂਲਾਂ ਦੇ ਕੰਮ 10:34, 35.▪  (g16-E No. 2)