Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੇਰੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ

ਮੇਰੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ
  • ਜਨਮ: 1952

  • ਦੇਸ਼: ਅਮਰੀਕਾ

  • ਅਤੀਤ: ਗਰਮ ਸੁਭਾਅ ਵਾਲਾ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰੀ ਪਰਵਰਿਸ਼ ਅਮਰੀਕਾ ਦੇ ਸੂਬੇ ਕੈਲੇਫ਼ੋਰਨੀਆ ਦੇ ਸ਼ਹਿਰ ਲਾਸ ਏਂਜਲੀਜ਼ ਵਿਚ ਹੋਈ। ਅਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਸੀ ਜੋ ਗੁੰਡਾਗਰਦੀ ਅਤੇ ਨਸ਼ਿਆਂ ਕਰਕੇ ਮਸ਼ਹੂਰ ਸੀ। ਅਸੀਂ ਛੇ ਭੈਣ-ਭਰਾ ਸੀ ਅਤੇ ਮੈਂ ਦੂਜੇ ਨੰਬਰ ’ਤੇ ਸੀ।

ਮੇਰੇ ਮੰਮੀ ਇਵੈਂਜਲੀਕਲ ਚਰਚ ਦੇ ਮੈਂਬਰ ਸਨ ਅਤੇ ਮੈਂ ਬਚਪਨ ਤੋਂ ਹੀ ਉਨ੍ਹਾਂ ਨਾਲ ਉੱਥੇ ਜਾਂਦਾ ਹੁੰਦਾ ਸੀ। ਪਰ ਅੱਲੜ੍ਹ ਉਮਰ ਵਿਚ ਮੈਂ ਦੋਹਰੀ ਜ਼ਿੰਦਗੀ ਜੀਉਣ ਲੱਗ ਪਿਆ। ਐਤਵਾਰ ਵਾਲੇ ਦਿਨ ਮੈਂ ਚਰਚ ਦੀ ਭਜਨ-ਮੰਡਲੀ ਨਾਲ ਗਾਉਂਦਾ ਸੀ। ਪਰ ਬਾਕੀ ਹਫ਼ਤੇ ਦੌਰਾਨ ਮੈਂ ਪਾਰਟੀਆਂ ਕਰਦਾ ਸੀ, ਨਸ਼ੇ ਲੈਂਦਾ ਸੀ ਅਤੇ ਅਨੈਤਿਕ ਕੰਮ ਕਰਦਾ ਹੁੰਦਾ ਸੀ।

ਮੈਨੂੰ ਗੱਲ-ਗੱਲ ’ਤੇ ਗੁੱਸਾ ਆ ਜਾਂਦਾ ਸੀ ਅਤੇ ਮੈਂ ਮਾਰ-ਕੁਟਾਈ ਕਰਦਾ ਸੀ। ਲੜਾਈ ਜਿੱਤਣ ਲਈ ਮੈਂ ਕਿਸੇ ਵੀ ਚੀਜ਼ ਨੂੰ ਹਥਿਆਰ ਬਣਾ ਲੈਂਦਾ ਸੀ। ਮੈਂ ਚਰਚ ਵਿਚ ਜੋ ਵੀ ਸਿੱਖ ਰਿਹਾ ਸੀ, ਉਸ ਦਾ ਮੈਨੂੰ ਕੋਈ ਫ਼ਾਇਦਾ ਨਹੀਂ ਹੋਇਆ। ਮੈਂ ਕਹਿੰਦਾ ਹੁੰਦਾ ਸੀ: “ਬਦਲਾ ਲੈਣਾ ਤਾਂ ਰੱਬ ਦਾ ਕੰਮ ਹੈ ਤੇ ਉਹ ਮੈਨੂੰ ਇਹ ਕੰਮ ਕਰਨ ਲਈ ਵਰਤ ਰਿਹਾ ਹੈ!” 1960 ਦੇ ਦਹਾਕੇ ਦੌਰਾਨ ਜਦੋਂ ਮੈਂ ਹਾਈ ਸਕੂਲ ਵਿਚ ਪੜ੍ਹਦਾ ਹੁੰਦਾ ਸੀ, ਤਾਂ ਮੈਂ ਬਲੈਕ ਪੈਂਥਰ ਨਾਂ ਦੇ ਸਿਆਸੀ ਗਰੁੱਪ ਤੋਂ ਬਹੁਤ ਪ੍ਰਭਾਵਿਤ ਹੋਇਆ ਜੋ ਲੋਕਾਂ ਦੇ ਹੱਕਾਂ ਲਈ ਲੜਦਾ ਸੀ। ਮੈਂ ਸਟੂਡੈਂਟ ਯੂਨੀਅਨ ਦਾ ਹਿੱਸਾ ਬਣ ਗਿਆ ਅਤੇ ਕਈ ਵਾਰ ਉਨ੍ਹਾਂ ਨਾਲ ਧਰਨੇ ਲਾਏ ਜਿਸ ਕਰਕੇ ਸਕੂਲ ਕੁਝ ਦਿਨਾਂ ਲਈ ਬੰਦ ਰਹਿੰਦਾ ਸੀ।

ਮੈਂ ਬੜੇ ਗਰਮ ਸੁਭਾਅ ਦਾ ਸੀ, ਇਸ ਲਈ ਧਰਨੇ ਲਾਉਣ ਨਾਲ ਵੀ ਮੇਰੇ ਕਲੇਜੇ ਨੂੰ ਠੰਢ ਨਹੀਂ ਪੈਂਦੀ ਸੀ। ਇਸ ਕਰਕੇ ਮੈਂ ਗੈਂਗ ਨਾਲ ਰਲ਼ ਕੇ ਤਰ੍ਹਾਂ-ਤਰ੍ਹਾਂ ਦੇ ਜੁਰਮ ਕਰਨ ਲੱਗ ਪਿਆ। ਮਿਸਾਲ ਲਈ, ਇਕ ਵਾਰ ਮੈਂ ਅਤੇ ਮੇਰੇ ਦੋਸਤ ਥੀਏਟਰ ਵਿਚ ਇਕ ਫ਼ਿਲਮ ਦੇਖਣ ਗਏ ਜਿਸ ਵਿਚ ਦਿਖਾਇਆ ਗਿਆ ਸੀ ਕਿ ਅਮਰੀਕੀਆਂ ਨੇ ਅਫ਼ਰੀਕੀ ਗ਼ੁਲਾਮਾਂ ’ਤੇ ਕਿੰਨੇ ਜ਼ੁਲਮ ਢਾਹੇ। ਇਹ ਦੇਖ ਕੇ ਸਾਨੂੰ ਇੰਨਾ ਗੁੱਸਾ ਚੜ੍ਹ ਗਿਆ ਕਿ ਅਸੀਂ ਉੱਥੇ ਆਏ ਗੋਰੇ ਨੌਜਵਾਨਾਂ ਨੂੰ ਕੁੱਟਣ ਲੱਗ ਪਏ। ਇਸ ਤੋਂ ਬਾਅਦ ਅਸੀਂ ਉਨ੍ਹਾਂ ਮੁਹੱਲਿਆਂ ਵਿਚ ਗਏ ਜਿੱਥੇ ਗੋਰੇ ਲੋਕ ਰਹਿੰਦੇ ਸਨ ਤਾਂਕਿ ਅਸੀਂ ਉਨ੍ਹਾਂ ਨੂੰ ਲੱਭ ਕੇ ਕੁੱਟ ਸਕੀਏ।

ਜਦੋਂ ਮੈਂ 20 ਕੁ ਸਾਲਾਂ ਦਾ ਸੀ, ਤਾਂ ਮੈਂ ਅਤੇ ਮੇਰੇ ਭਰਾ ਖ਼ਤਰਨਾਕ ਅਪਰਾਧੀਆਂ ਦੇ ਤੌਰ ਤੇ ਮਸ਼ਹੂਰ ਹੋ ਗਏ। ਅਸੀਂ ਇੰਨੇ ਜੁਰਮ ਕਰਦੇ ਸੀ ਕਿ ਪੁਲਿਸ ਸਾਨੂੰ ਆਏ ਦਿਨ ਥਾਣੇ ਜਾਂ ਅਦਾਲਤ ਲੈ ਜਾਂਦੀ ਸੀ। ਮੇਰਾ ਇਕ ਛੋਟਾ ਭਰਾ ਤਾਂ ਬਹੁਤ ਹੀ ਖ਼ਤਰਨਾਕ ਗੈਂਗ ਦਾ ਮੈਂਬਰ ਸੀ ਤੇ ਮੈਂ ਵੀ ਉਸ ਗੈਂਗ ਨਾਲ ਰਲ਼ ਗਿਆ। ਮੇਰੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਮੇਰੇ ਇਕ ਦੋਸਤ ਦੇ ਮੰਮੀ-ਡੈਡੀ ਯਹੋਵਾਹ ਦੇ ਗਵਾਹ ਸਨ। ਇਕ ਵਾਰ ਉਨ੍ਹਾਂ ਨੇ ਮੈਨੂੰ ਆਪਣੀਆਂ ਮੀਟਿੰਗਾਂ ’ਤੇ ਆਉਣ ਦਾ ਸੱਦਾ ਦਿੱਤਾ ਅਤੇ ਮੈਂ ਚਲਾ ਗਿਆ। ਪਹਿਲੀ ਹੀ ਮੀਟਿੰਗ ’ਤੇ ਜਾ ਕੇ ਮੈਨੂੰ ਅਹਿਸਾਸ ਹੋ ਗਿਆ ਕਿ ਗਵਾਹ ਦੂਜਿਆਂ ਤੋਂ ਕਿੰਨੇ ਵੱਖਰੇ ਹਨ। ਸਾਰਿਆਂ ਕੋਲ ਆਪੋ-ਆਪਣੀ ਬਾਈਬਲ ਸੀ ਤੇ ਉਹ ਮੀਟਿੰਗ ਦੌਰਾਨ ਉਸ ਵਿੱਚੋਂ ਪੜ੍ਹ ਰਹੇ ਸਨ। ਇੱਥੋਂ ਤਕ ਕਿ ਨੌਜਵਾਨ ਵੀ ਸਟੇਜ ਤੋਂ ਭਾਸ਼ਣ ਦੇ ਰਹੇ ਸਨ। ਮੈਂ ਇਹ ਜਾਣ ਕੇ ਬਹੁਤ ਹੈਰਾਨ ਹੋਇਆ ਕਿ ਰੱਬ ਦਾ ਨਾਂ ਯਹੋਵਾਹ ਹੈ ਅਤੇ ਮੀਟਿੰਗ ਵਿਚ ਵਾਰ-ਵਾਰ ਇਹ ਨਾਂ ਵਰਤਿਆ ਜਾ ਰਿਹਾ ਸੀ। (ਜ਼ਬੂਰ 83:18) ਉੱਥੇ ਵੱਖੋ-ਵੱਖਰੀਆਂ ਨਸਲਾਂ ਦੇ ਲੋਕ ਸਨ ਅਤੇ ਇਹ ਸਾਫ਼ ਦਿਸ ਰਿਹਾ ਸੀ ਕਿ ਕਿਸੇ ਦੇ ਵੀ ਦਿਲ ਵਿਚ ਨਸਲੀ ਭੇਦ-ਭਾਵ ਨਹੀਂ ਹੈ।

ਸ਼ੁਰੂ-ਸ਼ੁਰੂ ਵਿਚ ਮੈਂ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਨਹੀਂ ਕਰਨੀ ਚਾਹੁੰਦਾ ਸੀ, ਪਰ ਹਾਂ, ਮੈਨੂੰ ਉਨ੍ਹਾਂ ਦੀਆਂ ਸਭਾਵਾਂ ਵਿਚ ਜਾਣਾ ਵਧੀਆ ਲੱਗਦਾ ਸੀ। ਇਕ ਸ਼ਾਮ ਜਦੋਂ ਮੈਂ ਉਨ੍ਹਾਂ ਦੀ ਮੀਟਿੰਗ ਵਿਚ ਸੀ, ਤਾਂ ਮੇਰੇ ਕੁਝ ਦੋਸਤ ਕੰਸਰਟ ਵਿਚ ਗਏ ਹੋਏ ਸਨ। ਉੱਥੇ ਉਨ੍ਹਾਂ ਨੇ ਇਕ ਨੌਜਵਾਨ ਨੂੰ ਸਿਰਫ਼ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਉਨ੍ਹਾਂ ਨੂੰ ਆਪਣੀ ਲੈਦਰ ਦੀ ਜੈਕਟ ਦੇਣ ਤੋਂ ਮਨ੍ਹਾ ਕਰ ਰਿਹਾ ਸੀ। ਅਗਲੇ ਦਿਨ ਉਹ ਸ਼ੇਖ਼ੀਆਂ ਮਾਰ ਰਹੇ ਸਨ ਕਿ ਉਨ੍ਹਾਂ ਨੇ ਕਿਵੇਂ ਉਸ ਨੌਜਵਾਨ ਨੂੰ ਜਾਨੋਂ ਮਾਰ ਦਿੱਤਾ। ਇੱਥੋਂ ਤਕ ਕਿ ਅਦਾਲਤ ਵਿਚ ਜਦੋਂ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਗਿਆ, ਤਾਂ ਉਹ ਉਦੋਂ ਵੀ ਹੱਸ ਰਹੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਸ਼ੁਕਰ ਹੈ ਕਿ ਮੈਂ ਉਸ ਰਾਤ ਉਨ੍ਹਾਂ ਨਾਲ ਨਹੀਂ ਸੀ। ਮੈਂ ਫ਼ੈਸਲਾ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਬਦਲ ਲਵਾਂਗਾ ਅਤੇ ਸਟੱਡੀ ਕਰਾਂਗਾ।

ਮੈਂ ਜ਼ਿੰਦਗੀ ਵਿਚ ਬਹੁਤ ਪੱਖਪਾਤ ਬਰਦਾਸ਼ਤ ਕੀਤਾ। ਪਰ ਜਦੋਂ ਮੈਂ ਦੇਖਿਆ ਕਿ ਯਹੋਵਾਹ ਦੇ ਗਵਾਹ ਇਸ ਤਰ੍ਹਾਂ ਨਹੀਂ ਕਰਦੇ, ਤਾਂ ਮੈਂ ਹੈਰਾਨ ਰਹਿ ਗਿਆ। ਮਿਸਾਲ ਲਈ, ਜਦੋਂ ਇਕ ਗੋਰੇ ਭਰਾ ਨੂੰ ਕਿਸੇ ਕੰਮ ਲਈ ਹੋਰ ਦੇਸ਼ ਜਾਣਾ ਪਿਆ, ਤਾਂ ਉਹ ਆਪਣੇ ਬੱਚਿਆਂ ਨੂੰ ਕਾਲ਼ੇ ਭੈਣਾਂ-ਭਰਾਵਾਂ ਕੋਲ ਛੱਡ ਗਿਆ। ਇਸ ਤੋਂ ਇਲਾਵਾ, ਇਕ ਗੋਰੇ ਪਰਿਵਾਰ ਨੇ ਆਪਣੇ ਘਰ ਇਕ ਕਾਲ਼ੇ ਨੌਜਵਾਨ ਨੂੰ ਰਹਿਣ ਲਈ ਜਗ੍ਹਾ ਦਿੱਤੀ। ਮੈਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਕਿ ਯਹੋਵਾਹ ਦੇ ਗਵਾਹ ਹੀ ਉਹ ਲੋਕ ਹਨ ਜੋ ਯੂਹੰਨਾ 13:35 ਵਿਚ ਯਿਸੂ ਦੀ ਕਹੀ ਗੱਲ ’ਤੇ ਚੱਲਦੇ ਹਨ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” ਮੈਂ ਸਮਝ ਗਿਆ ਕਿ ਮੈਨੂੰ ਸੱਚੇ ਭੈਣ-ਭਰਾ ਮਿਲ ਗਏ ਹਨ।

ਬਾਈਬਲ ਦੀ ਸਟੱਡੀ ਕਰ ਕੇ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਤਾਂਕਿ ਮੈਂ ਨਾ ਸਿਰਫ਼ ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖ ਸਕਾਂ, ਸਗੋਂ ਇਕ ਵਧੀਆ ਜ਼ਿੰਦਗੀ ਵੀ ਜੀ ਸਕਾਂ। (ਰੋਮੀਆਂ 12:2) ਹੌਲੀ-ਹੌਲੀ ਮੈਂ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲੱਗ ਪਿਆ ਤੇ ਜਨਵਰੀ 1974 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।

ਮੈਨੂੰ ਆਪਣੀ ਸੋਚ ਬਦਲਣ ਦੀ ਲੋੜ ਸੀ ਤਾਂਕਿ ਮੈਂ ਨਾ ਸਿਰਫ਼ ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖ ਸਕਾਂ, ਸਗੋਂ ਇਕ ਵਧੀਆ ਜ਼ਿੰਦਗੀ ਵੀ ਜੀ ਸਕਾਂ

ਪਰ ਬਪਤਿਸਮਾ ਲੈਣ ਤੋਂ ਬਾਅਦ ਵੀ ਮੈਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨੀ ਪਈ। ਮਿਸਾਲ ਲਈ, ਇਕ ਵਾਰ ਅਸੀਂ ਘਰ-ਘਰ ਪ੍ਰਚਾਰ ਕਰ ਰਹੇ ਸੀ। ਇਕ ਚੋਰ ਮੇਰੀ ਗੱਡੀ ਵਿੱਚੋਂ ਰੇਡੀਓ ਕੱਢ ਕੇ ਭੱਜਾ। ਮੈਂ ਉਸ ਦਾ ਪਿੱਛਾ ਕੀਤਾ। ਮੈਂ ਜਿੱਦਾਂ ਹੀ ਉਸ ਦੇ ਨੇੜੇ ਪਹੁੰਚਿਆ, ਉਹ ਰੇਡੀਓ ਸੁੱਟ ਕੇ ਦੌੜ ਗਿਆ। ਬਾਅਦ ਵਿਚ ਜਦੋਂ ਮੈਂ ਭੈਣਾਂ-ਭਰਾਵਾਂ ਨੂੰ ਦੱਸਿਆ ਕਿ ਮੈਂ ਆਪਣਾ ਰੇਡੀਓ ਵਾਪਸ ਕਿਵੇਂ ਲਿਆ, ਤਾਂ ਇਕ ਬਜ਼ੁਰਗ ਨੇ ਮੈਨੂੰ ਪੁੱਛਿਆ: “ਸਟੀਵਨ, ਜੇ ਤੂੰ ਉਸ ਚੋਰ ਨੂੰ ਫੜ ਲੈਂਦਾ, ਤਾਂ ਤੂੰ ਉਸ ਨਾਲ ਕੀ ਕਰਦਾ?” ਇਸ ਸਵਾਲ ਨੇ ਮੈਨੂੰ ਸੋਚਾਂ ਵਿਚ ਪਾ ਦਿੱਤਾ ਅਤੇ ਮੈਂ ਸੋਚ ਲਿਆ ਕਿ ਮੈਂ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ।

ਅਕਤੂਬਰ 1974 ਵਿਚ ਮੈਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਹਰ ਮਹੀਨੇ ਲਗਭਗ 100 ਘੰਟੇ ਦੂਜਿਆਂ ਨੂੰ ਬਾਈਬਲ ਦੀ ਸਿੱਖਿਆ ਦੇਣ ਵਿਚ ਲਾਉਂਦਾ ਸੀ। ਬਾਅਦ ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਬਰੁਕਲਿਨ, ਨਿਊਯਾਰਕ ਹੈੱਡਕੁਆਰਟਰ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ। 1978 ਵਿਚ ਮੈਂ ਵਾਪਸ ਲਾਸ ਏਂਜਲੀਜ਼ ਆ ਗਿਆ ਤਾਂਕਿ ਮੈਂ ਆਪਣੀ ਬੀਮਾਰ ਮਾਂ ਦੀ ਦੇਖ-ਭਾਲ ਕਰ ਸਕਾਂ। ਦੋ ਸਾਲਾਂ ਬਾਅਦ ਮੈਂ ਆਰੋਂਡਾ ਨਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ। ਮੰਮੀ ਦੀ ਮੌਤ ਹੋਣ ਤਕ ਉਸ ਨੇ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਮੇਰੀ ਬਹੁਤ ਮਦਦ ਕੀਤੀ। ਮੈਨੂੰ ਅਤੇ ਆਰੋਂਡਾ ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਜਾਣ ਦਾ ਮੌਕਾ ਮਿਲਿਆ ਅਤੇ ਫਿਰ ਸਾਨੂੰ ਪਨਾਮਾ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਭੇਜਿਆ ਗਿਆ।

ਬਪਤਿਸਮੇ ਤੋਂ ਬਾਅਦ ਵੀ ਮੈਂ ਇੱਦਾਂ ਦੇ ਕਈ ਹਾਲਾਤਾਂ ਵਿੱਚੋਂ ਗੁਜ਼ਰਿਆ ਜਦੋਂ ਮੈਂ ਆਪੇ ਤੋਂ ਬਾਹਰ ਹੋ ਸਕਦਾ ਸੀ। ਇਨ੍ਹਾਂ ਹਾਲਾਤਾਂ ਵਿਚ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਜਾਂ ਤਾਂ ਉਨ੍ਹਾਂ ਲੋਕਾਂ ਤੋਂ ਦੂਰ ਚਲਾ ਜਾਵਾਂ ਜਿਹੜੇ ਮੈਨੂੰ ਗੁੱਸਾ ਚੜ੍ਹਾਉਂਦੇ ਹਨ ਜਾਂ ਫਿਰ ਸ਼ਾਂਤ ਰਹਿ ਕੇ ਮਸਲੇ ਨੂੰ ਹੱਲ ਕਰਾਂ। ਮੇਰੀ ਪਤਨੀ ਅਤੇ ਹੋਰ ਲੋਕਾਂ ਨੇ ਮੇਰੀ ਇਸ ਗੱਲੋਂ ਤਾਰੀਫ਼ ਕੀਤੀ ਕਿ ਮੈਂ ਸ਼ਾਂਤ ਰਹਿ ਕੇ ਇੱਦਾਂ ਦੇ ਮਸਲਿਆਂ ਨੂੰ ਸੁਲਝਾਇਆ ਹੈ। ਮੈਂ ਆਪ ਵੀ ਇਸ ਗੱਲੋਂ ਬਹੁਤ ਹੈਰਾਨ ਸੀ! ਮੇਰੇ ਵਿਚ ਜੋ ਵੀ ਤਬਦੀਲੀਆਂ ਆਈਆਂ ਹਨ, ਮੈਂ ਉਨ੍ਹਾਂ ਦਾ ਸਿਹਰਾ ਆਪਣੇ ਸਿਰ ਨਹੀਂ ਲੈਂਦਾ। ਇਸ ਦੀ ਬਜਾਇ, ਮੈਂ ਇਹ ਮੰਨਦਾ ਹਾਂ ਕਿ ਰੱਬ ਦੇ ਬਚਨ ਬਾਈਬਲ ਵਿਚ ਜ਼ਿੰਦਗੀਆਂ ਬਦਲਣ ਦੀ ਤਾਕਤ ਹੈ।—ਇਬਰਾਨੀਆਂ 4:12.

ਅੱਜ ਮੇਰੀ ਜ਼ਿੰਦਗੀ:

ਬਾਈਬਲ ਦੀ ਸਿੱਖਿਆ ਲੈ ਕੇ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਮਿਲਿਆ ਹੈ ਤੇ ਮੈਂ ਸਿੱਖਿਆ ਕਿ ਮੈਂ ਦੂਜਿਆਂ ਨਾਲ ਸ਼ਾਂਤੀ ਕਿਵੇਂ ਬਣਾ ਕੇ ਰੱਖ ਸਕਦਾ ਹਾਂ। ਹੁਣ ਮੈਂ ਲੋਕਾਂ ਨੂੰ ਕੁੱਟਦਾ-ਮਾਰਦਾ ਨਹੀਂ, ਸਗੋਂ ਉਨ੍ਹਾਂ ਦੀ ਮਦਦ ਕਰਦਾ ਹਾਂ ਤਾਂਕਿ ਉਹ ਯਹੋਵਾਹ ਬਾਰੇ ਜਾਣ ਸਕਣ। ਮੈਂ ਤਾਂ ਉਸ ਆਦਮੀ ਨੂੰ ਵੀ ਸਟੱਡੀ ਕਰਾਈ ਜੋ ਸਕੂਲ ਵਿਚ ਮੇਰਾ ਦੁਸ਼ਮਣ ਹੁੰਦਾ ਸੀ। ਉਸ ਦੇ ਬਪਤਿਸਮੇ ਤੋਂ ਬਾਅਦ ਅਸੀਂ ਥੋੜ੍ਹੇ ਸਮੇਂ ਲਈ ਇੱਕੋ ਘਰ ਵਿਚ ਰਹੇ ਅਤੇ ਉਹ ਅੱਜ ਵੀ ਮੇਰਾ ਪੱਕਾ ਦੋਸਤ ਹੈ। ਹੁਣ ਤਕ ਮੈਂ ਅਤੇ ਮੇਰੀ ਪਤਨੀ ਨੇ 80 ਤੋਂ ਜ਼ਿਆਦਾ ਜਣਿਆਂ ਦੀ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਕੀਤੀ ਹੈ।

ਮੈਂ ਯਹੋਵਾਹ ਪਰਮੇਸ਼ੁਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਵਧੀਆ ਜ਼ਿੰਦਗੀ ਦਿੱਤੀ ਜੋ ਸੱਚੇ ਦੋਸਤਾਂ ਅਤੇ ਖ਼ੁਸ਼ੀਆਂ ਨਾਲ ਭਰੀ ਹੈ।