Skip to content

ਕੀ ਯਹੋਵਾਹ ਦੇ ਗਵਾਹ ਟੀਕਾ (ਵੈਕਸੀਨ) ਲਗਵਾਉਣ ਦੇ ਖ਼ਿਲਾਫ਼ ਹਨ?

ਕੀ ਯਹੋਵਾਹ ਦੇ ਗਵਾਹ ਟੀਕਾ (ਵੈਕਸੀਨ) ਲਗਵਾਉਣ ਦੇ ਖ਼ਿਲਾਫ਼ ਹਨ?

 ਨਹੀਂ। ਯਹੋਵਾਹ ਦੇ ਗਵਾਹ ਟੀਕਾ ਲਗਵਾਉਣ ਦੇ ਖ਼ਿਲਾਫ਼ ਨਹੀਂ ਹਨ। ਅਸੀਂ ਮੰਨਦੇ ਹਾਂ ਕਿ ਟੀਕਾ ਲਵਾਉਣਾ ਜਾਂ ਨਾ ਲਵਾਉਣਾ ਹਰੇਕ ਮਸੀਹੀ ਦਾ ਆਪਣਾ ਫ਼ੈਸਲਾ ਹੈ। ਬਹੁਤ ਸਾਰੇ ਮਸੀਹੀਆਂ ਨੇ ਟੀਕਾ ਲਗਵਾ ਲਿਆ ਹੈ।

 ਅਸੀਂ ਵਧੀਆ ਇਲਾਜ ਕਰਾਉਣਾ ਚਾਹੁੰਦੇ ਹਾਂ। ਅਸੀਂ ਡਾਕਟਰੀ ਖੇਤਰ ਵਿਚ ਹੋਈ ਤਰੱਕੀ ਦੀ ਕਦਰ ਕਰਦੇ ਹਾਂ ਜਿਸ ਕਰਕੇ ਅਸੀਂ ਗੰਭੀਰ ਬੀਮਾਰੀਆਂ ਤੋਂ ਬਚ ਸਕਦੇ ਹਾਂ। ਅਸੀਂ ਸਾਰੇ ਡਾਕਟਰਾਂ ਤੇ ਨਰਸਾਂ ਦੇ ਵੀ ਸ਼ੁਕਰਗੁਜ਼ਾਰ ਹਾਂ, ਖ਼ਾਸ ਕਰਕੇ ਜਦੋਂ ਉਹ ਕੋਈ ਬਿਪਤਾ ਆਉਣ ʼਤੇ ਬਹੁਤ ਕੰਮ ਕਰਦੇ ਹਨ।

 ਯਹੋਵਾਹ ਦੇ ਗਵਾਹ ਸਿਹਤ ਅਧਿਕਾਰੀਆਂ ਦਾ ਸਾਥ ਦਿੰਦੇ ਹਨ। ਮਿਸਾਲ ਲਈ, ਜਦੋਂ ਤੋਂ ਕੋਵਿਡ-19 ਮਹਾਂਮਾਰੀ ਫੈਲੀ ਹੈ, ਉਦੋਂ ਤੋਂ ਯਹੋਵਾਹ ਦੇ ਗਵਾਹਾਂ ਨੇ ਸਰਕਾਰ ਵੱਲੋਂ ਦਿੱਤੀਆਂ ਸੁਰੱਖਿਆ ਸੰਬੰਧੀ ਹਿਦਾਇਤਾਂ ਸੈਂਕੜੇ ਭਾਸ਼ਾਵਾਂ ਵਿਚ ਆਪਣੀ ਇਸ ਵੈੱਬਸਾਈਟ ʼਤੇ ਪਾਈਆਂ ਹਨ। ਇਨ੍ਹਾਂ ਵਿੱਚੋਂ ਕੁਝ ਹਿਦਾਇਤਾਂ ਹਨ: ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ, ਹੱਥ ਧੋਣੇ, ਮਾਸਕ ਪਾਉਣਾ, ਬੀਮਾਰੀ ਦੇ ਲੱਛਣ ਹੋਣ ʼਤੇ ਆਪਣੇ ਆਪ ਨੂੰ ਵੱਖ ਕਰਨਾ। ਨਾਲੇ ਲੋਕਾਂ ਨੂੰ ਇਕੱਠੇ ਹੋਣ ਸੰਬੰਧੀ ਤੇ ਹੋਰ ਸਾਰੀਆਂ ਹਿਦਾਇਤਾਂ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਵੀ ਦਿੱਤੀ ਹੈ।—ਰੋਮੀਆਂ 13:1, 2.

 ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਵਿਚ ਹੇਠ ਲਿਖੇ ਅਸੂਲਾਂ ʼਤੇ ਜ਼ੋਰ ਦਿੱਤਾ ਜਾਂਦਾ ਹੈ:

  •   ਕਿਸੇ ਨੇ ਕਿਹੜਾ ਇਲਾਜ ਕਰਾਉਣਾ ਹੈ ਤੇ ਕਿਹੜਾ ਨਹੀਂ, ਇਹ ਹਰੇਕ ਦਾ ਆਪਣਾ ਫ਼ੈਸਲਾ ਹੈ।—ਗਲਾਤੀਆਂ 6:5.

     “[ਇਹ ਰਸਾਲਾ] ਕਿਸੇ ਇਕ ਤਰ੍ਹਾਂ ਦੀ ਦਵਾਈ ਜਾਂ ਥੈਰੇਪੀ ਲੈਣ ਦੀ ਸਲਾਹ ਨਹੀਂ ਦਿੰਦਾ ਅਤੇ ਨਾ ਹੀ ਕੋਈ ਡਾਕਟਰੀ ਸਲਾਹ ਦਿੰਦਾ ਹੈ। ਇਹ ਰਸਾਲਾ ਸਿਰਫ਼ ਜਾਣਕਾਰੀ ਦਿੰਦਾ ਹੈ ਅਤੇ ਫ਼ੈਸਲਾ ਪਾਠਕਾਂ ʼਤੇ ਛੱਡਦਾ ਹੈ।”—ਜਾਗਰੂਕ ਬਣੋ!, 8 ਫਰਵਰੀ 1987.

     “ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ ਜਾਂ ਨਹੀਂ, ਇਹ ਤੁਹਾਡਾ ਆਪਣਾ ਫ਼ੈਸਲਾ ਹੈ।”—ਜਾਗਰੂਕ ਬਣੋ!, 22 ਅਗਸਤ 1965.

  •  ਅਸੀਂ ਜ਼ਿੰਦਗੀ ਨੂੰ ਅਨਮੋਲ ਸਮਝਦੇ ਹਾਂ, ਇਸ ਕਰਕੇ ਅਸੀਂ ਆਪਣਾ ਇਲਾਜ ਕਰਾਉਂਦੇ ਹਾਂ।—ਰਸੂਲਾਂ ਦੇ ਕੰਮ 17:28.

     “ਗਵਾਹ ਆਪਣੀਆਂ ਬੀਮਾਰੀਆਂ ਦੇ ਇਲਾਜ ਸੰਬੰਧੀ ਅਲੱਗ-ਅਲੱਗ ਡਾਕਟਰਾਂ ਤੋਂ ਸਲਾਹ ਲੈਂਦੇ ਹਨ। ਉਹ ਜ਼ਿੰਦਗੀ ਦੀ ਕਦਰ ਕਰਦੇ ਹਨ, ਇਸ ਲਈ ਉਹ ਬਾਈਬਲ ਅਨੁਸਾਰ ਸਹੀ ਇਲਾਜ ਕਰਵਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ।—ਪਹਿਰਾਬੁਰਜ, 1 ਜੁਲਾਈ 1975.

     “ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਇਲਾਜ ਕਰਾਉਂਦੇ ਹਨ। ਉਹ ਤੰਦਰੁਸਤ ਰਹਿਣਾ ਅਤੇ ਲੰਬੀ ਜ਼ਿੰਦਗੀ ਜੀਉਣੀ ਚਾਹੁੰਦੇ ਹਨ। ਦਰਅਸਲ, ਪਹਿਲੀ ਸਦੀ ਦੇ ਮਸੀਹੀ ਲੂਕਾ ਵਾਂਗ ਅੱਜ ਵੀ ਕੁਝ ਯਹੋਵਾਹ ਦੇ ਗਵਾਹ ਡਾਕਟਰ ਹਨ। . . . ਯਹੋਵਾਹ ਦੇ ਗਵਾਹ ਡਾਕਟਰਾਂ ਤੇ ਨਰਸਾਂ ਦੀ ਸਖ਼ਤ ਮਿਹਨਤ ਦੇ ਸ਼ੁਕਰਗੁਜ਼ਾਰ ਹਨ। ਨਾਲੇ ਇਸ ਲਈ ਵੀ ਸ਼ੁਕਰਗੁਜ਼ਾਰ ਹਨ ਕਿ ਉਹ ਬੀਮਾਰੀ ਵਿਚ ਉਨ੍ਹਾਂ ਦਾ ਇਲਾਜ ਕਰਦੇ ਹਨ।”—ਪਹਿਰਾਬੁਰਜ, 1 ਫਰਵਰੀ 2011.