ਯਹੋਵਾਹ ਦੇ ਗਵਾਹ ਆਪਣੀ ਮੀਟਿੰਗ ਵਾਲੀ ਜਗ੍ਹਾ ਨੂੰ ਚਰਚ ਕਿਉਂ ਨਹੀਂ ਕਹਿੰਦੇ?
ਜਿਸ ਯੂਨਾਨੀ ਸ਼ਬਦ ਦਾ ਤਰਜਮਾ ਕਈ ਵਾਰ “ਚਰਚ” ਕੀਤਾ ਜਾਂਦਾ ਹੈ, ਬਾਈਬਲ ਵਿਚ ਉਹ ਸ਼ਬਦ ਭਗਤਾਂ ਦੇ ਸਮੂਹ ਨੂੰ ਦਰਸਾਉਂਦਾ ਹੈ, ਨਾ ਕਿ ਕਿਸੇ ਜਗ੍ਹਾ ਨੂੰ ਜਿੱਥੇ ਲੋਕ ਇਕੱਠੇ ਹੁੰਦੇ ਹਨ।
ਇਸ ਮਿਸਾਲ ਉੱਤੇ ਗੌਰ ਕਰੋ: ਜਦੋਂ ਪੌਲੁਸ ਰਸੂਲ ਨੇ ਮਸੀਹੀ ਜੋੜੇ ਅਕੂਲਾ ਤੇ ਪਰਿਸਕਾ ਨੂੰ ਚਿੱਠੀ ਰਾਹੀਂ ਨਮਸਕਾਰ ਭੇਜੀ ਸੀ, ਤਾਂ ਉਸ ਨੇ ਇਹ ਵੀ ਕਿਹਾ: “ਉਸ ਗਿਰਜੇ ਨੂੰ ਵੀ ਸਲਾਮ ਜਿਹੜਾ ਉਨ੍ਹਾਂ ਦੇ ਘਰ ਨਾਲ ਜੁੜਦਾ ਹੈ।” (ਰੋਮੀਆਂ 16:5, ਈਜ਼ੀ ਟੂ ਰੀਡ ਵਰਯਨ) ਪੌਲੁਸ ਇੱਥੇ ਆਪਣਾ ਸਲਾਮ ਕਿਸੇ ਇਮਾਰਤ ਨੂੰ ਨਹੀਂ, ਸਗੋਂ ਲੋਕਾਂ ਨੂੰ ਭੇਜ ਰਿਹਾ ਸੀ ਜੋ ਉਸ ਘਰ ਇਕੱਠੇ ਹੁੰਦੇ ਸਨ। a
ਇਸ ਲਈ ਜਿੱਥੇ ਅਸੀਂ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ, ਉਸ ਨੂੰ ਅਸੀਂ ਚਰਚ ਕਹਿਣ ਦੀ ਬਜਾਇ “ਕਿੰਗਡਮ ਹਾਲ” ਕਹਿੰਦੇ ਹਾਂ।
ਅਸੀਂ ਉਸ ਨੂੰ “ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ” ਕਿਉਂ ਕਹਿੰਦੇ ਹਾਂ?
ਇਸ ਦੇ ਕਈ ਕਾਰਨ ਹਨ:
ਇਹ ਇਕ ਹਾਲ ਜਾਂ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਇਕੱਠੇ ਹੁੰਦੇ ਹਾਂ।
ਅਸੀਂ ਬਾਈਬਲ ਵਿਚ ਜ਼ਿਕਰ ਕੀਤੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਉਸ ਦੀ ਗਵਾਹੀ ਦੇਣ ਲਈ ਇਕੱਠੇ ਹੁੰਦੇ ਹਾਂ।—ਜ਼ਬੂਰਾਂ ਦੀ ਪੋਥੀ 83:18; ਯਸਾਯਾਹ 43:12.
ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਵੀ ਸਿੱਖਣ ਲਈ ਇਕੱਠੇ ਹੁੰਦੇ ਹਾਂ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ।—ਮੱਤੀ 6:9, 10; 24:14; ਲੂਕਾ 4:43.
ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਕਿੰਗਡਮ ਹਾਲ ਵਿਚ ਆਓ ਤੇ ਦੇਖੋ ਕਿ ਯਹੋਵਾਹ ਦੇ ਗਵਾਹ ਆਪਣੀਆਂ ਮੀਟਿੰਗਾਂ ਕਿਵੇਂ ਚਲਾਉਂਦੇ ਹਨ।
a ਇਸੇ ਤਰ੍ਹਾਂ ਦੇ ਸ਼ਬਦ 1 ਕੁਰਿੰਥੀਆਂ 16:19; ਕੁਲੁੱਸੀਆਂ 4:15 ਅਤੇ ਫਿਲੇਮੋਨ 2 ਵਿਚ ਪਾਏ ਜਾਂਦੇ ਹਨ।