ਆਇਰਲੈਂਡ ਅਤੇ ਬ੍ਰਿਟੇਨ ਦੀਆਂ ਮਾਂ-ਬੋਲੀਆਂ ਵਿਚ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ
ਯਹੋਵਾਹ ਦੇ ਗਵਾਹ ਆਇਰਲੈਂਡ ਅਤੇ ਬ੍ਰਿਟੇਨ ਦੀ ਮਾਂ-ਬੋਲੀ ਬੋਲਣ ਵਾਲੇ ਲੋਕਾਂ ਨੂੰ ਲੱਭਣ ਵਿਚ ਬਹੁਤ ਮਿਹਨਤ ਕਰ ਰਹੇ ਹਨ। a ਅੰਗ੍ਰੇਜ਼ੀ ਦੇ ਨਾਲ-ਨਾਲ ਇਨ੍ਹਾਂ ਭਾਸ਼ਾਵਾਂ ਵਿਚ ਆਇਰਿਸ਼, ਸਕਾਟਲੈਂਡ ਗੇਲਿਕ ਅਤੇ ਵੈਲਸ਼ ਭਾਸ਼ਾਵਾਂ ਵੀ ਸ਼ਾਮਲ ਹਨ
ਸਤੰਬਰ 2012 ਵਿਚ ਦੁਬਾਰਾ ਬਣਾਈ jw.org ਵੈੱਬਸਾਈਟ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਸ਼ੁਰੂ ਕੀਤੀ ਗਈ ਜਿਨ੍ਹਾਂ ਵਿਚ ਆਇਰਿਸ਼, ਅਤੇ ਵੈਲਸ਼ ਭਾਸ਼ਾਵਾਂ ਵੀ ਸ਼ਾਮਲ ਹਨ। ਅਗਸਤ 2014 ਵਿਚ ਸਕਾਟਲੈਂਡ ਦੀ ਗੇਲਿਕ ਭਾਸ਼ਾ ਵੀ ਸ਼ਾਮਲ ਕੀਤੀ ਗਈ। ਅਸੀਂ ਇਨ੍ਹਾਂ ਭਾਸ਼ਾਵਾਂ ਵਿਚ ਵੱਖੋ-ਵੱਖਰੇ ਪ੍ਰਕਾਸ਼ਨਾਂ ਦੀ ਛਪਾਈ ਵੀ ਸ਼ੁਰੂ ਕੀਤੀ। ਇਨ੍ਹਾਂ ਕੋਸ਼ਿਸ਼ਾਂ ਦਾ ਕੀ ਨਤੀਜਾ ਨਿਕਲਿਆ?
ਇਕ ਚਰਚ ਦੇ ਆਗੂ ਨੇ ਸਕਾਟਲੈਂਡ ਦੀ ਗੇਲਿਕ ਭਾਸ਼ਾ ਵਿਚ ਬਾਈਬਲ ਆਧਾਰਿਤ ਟ੍ਰੈਕਟ ਲਿਆ ਅਤੇ ਉਦੋਂ ਹੀ ਉੱਚੀ ਆਵਾਜ਼ ਵਿਚ ਪੜ੍ਹਿਆ, ਫਿਰ ਰੋਣ ਲੱਗ ਪਿਆ। ਉਸ ʼਤੇ ਇੰਨਾ ਜ਼ਬਰਦਸਤ ਅਸਰ ਕਿਉਂ ਹੋਇਆ? ਉਹ ਅਨੁਵਾਦ ਦੇ ਇੰਨੇ ਵਧੀਆ ਢੰਗ ਨੂੰ ਦੇਖ ਕਿ ਦੰਗ ਰਹਿ ਗਿਆ ਅਤੇ ਉਸ ਨੇ ਕਿਹਾ: “ਕਿਸ ਨੇ ਇਸ ਦਾ ਅਨੁਵਾਦ ਕੀਤਾ ਹੈ? ਇਹ ਤਾਂ ਸਿੱਧੀ ਦਿਲ ʼਤੇ ਲੱਗਦੀ ਹੈ!”
ਸਕਾਟਲੈਂਡ ਦੀ ਗੇਲਿਕ ਭਾਸ਼ਾ ਦੇ ਸ਼ਾਮਲ ਹੋਣ ਦੇ ਪਹਿਲੇ ਹੀ ਮਹੀਨੇ ਵਿਚ ਕੁਝ 750 ਜਣੇ jw.org ਵੈੱਬਸਾਈਟ ʼਤੇ ਗਏ।
ਆਇਰਲੈਂਡ ਦੇ ਗਾਲਵੇ ਸ਼ਹਿਰ ਦੀ ਯੂਨੀਵਰਸਿਟੀ ਦੇ ਲੈਕਚਰਾਰ ਨੇ ਗਵਾਹਾਂ ਨੂੰ ਕਿਹਾ ਕਿ ਉਸ ਨੂੰ ਧਰਮ ਵਿਚ ਕੋਈ ਦਿਲਚਸਪੀ ਨਹੀਂ ਹੈ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਰਸਾਲਾ ਆਇਰਿਸ਼ ਵਿਚ ਲੈ ਸਕਦਾ ਹੈ, ਤਾਂ ਉਸ ਨੇ ਆਪਣੇ ਲਈ ਰਸਾਲੇ ਦੀ ਇਕ ਕਾਪੀ ਮੰਗਵਾਈ। ਉਸ ਦਾ ਮੰਨਣਾ ਸੀ ਕਿ ਸਾਰਿਆਂ ਨੂੰ ਬਾਈਬਲ ਪ੍ਰਕਾਸ਼ਨ ਉਨ੍ਹਾਂ ਦੀ ਆਪਣੀ ਮਾਂ-ਬੋਲੀ ਵਿਚ ਮਿਲਣਾ ਚਾਹੀਦਾ ਹੈ। ਉਸ ਨੇ ਆਇਰਿਸ਼ ਬੋਲਣ ਵਾਲੇ ਲੋਕਾਂ ਲਈ ਜੋ ਯਹੋਵਾਹ ਦੇ ਗਵਾਹਾਂ ਨੇ ਕੀਤਾ ਹੈ ਉਸ ਦੀ ਤਾਰੀਫ਼ ਕੀਤੀ।
ਇਕ ਬਜ਼ੁਰਗ ਔਰਤ ਨੇ ਵੈਲਸ਼ ਭਾਸ਼ਾ ਵਿਚ ਬਾਈਬਲ ਆਧਾਰਿਤ ਪ੍ਰਕਾਸ਼ਨ ਪਾ ਕੇ ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ : “ਸੱਚ ਕਹਾਂ, ਤਾਂ ਜੇ ਤੁਸੀਂ ਇਹ ਰਸਾਲਾ ਮੈਨੂੰ ਅੰਗ੍ਰੇਜ਼ੀ ਵਿਚ ਦਿੱਤਾ ਹੁੰਦਾ, ਤਾਂ ਸ਼ਾਇਦ ਮੈਂ ਇਸ ਨੂੰ ਨਾ ਲੈਂਦੀ, ਪਰ ਆਪਣੀ ਮਾਂ-ਬੋਲੀ ਵਿਚ ਇਸ ਨੂੰ ਲੈਣਾ ਕਿੰਨਾ ਵਧੀਆ ਹੈ!”
ਅਗਸਤ 2014 ਵਿਚ ਅਸੀਂ ਵੈਲਸ਼ ਭਾਸ਼ਾ ਵਿਚ jw.org ʼਤੇ ਹੋਰ ਪ੍ਰਕਾਸ਼ਨ ਪਾਏ। ਨਤੀਜੇ ਵਜੋਂ ਸਾਡੀ ਵੈੱਬਸਾਈਟ ʼਤੇ ਵੈਲਸ਼ ਭਾਸ਼ਾ ਵਿਚ ਪ੍ਰਕਾਸ਼ਨ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਦੁਗਣੀ ਹੋ ਗਈ।
“ਅਸੀਂ ਇੱਕੋ ਭਾਸ਼ਾ ਬੋਲਦੇ ਹਾਂ”
ਜਦ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਆਇਤਾਂ ਸਮਝਾਈਆਂ ਤਾਂ ਉਨ੍ਹਾਂ ਦੋਨਾਂ ਨੇ ਜੋਸ਼ ਨਾਲ ਕਿਹਾ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?” (ਲੂਕਾ 24:32) ਜਦੋਂ ਬਾਈਬਲ ਦੀਆਂ ਸੱਚਾਈਆਂ ਲੋਕਾਂ ਦੀ ਮਾਂ-ਬੋਲੀ ਵਿਚ ਖੁੱਲ੍ਹ ਕੇ ਸਮਝਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ ʼਤੇ ਗਹਿਰਾ ਅਸਰ ਪੈਂਦਾ ਹੈ।
ਵੇਲਜ਼ ਤੋਂ ਏਮੀਰ ਨਾਂ ਦੇ ਆਦਮੀ ਦਾ ਵਿਆਹ ਇਕ ਯਹੋਵਾਹ ਦੀ ਗਵਾਹ ਨਾਲ ਹੋਇਆ ਸੀ, ਪਰ ਉਹ ਆਪਣੀ ਪਤਨੀ ਨਾਲ ਭਗਤੀ ਵਿਚ ਕਦੇ ਸ਼ਾਮਲ ਨਹੀਂ ਹੋਇਆ। ਫਿਰ ਉਸ ਦੀ ਦੋਸਤੀ ਇਕ ਰਸਲ ਨਾਂ ਦੇ ਗਵਾਹ ਨਾਲ ਹੋ ਗਈ। ਏਮੀਰ ਨੇ ਦੱਸਿਆ ਕਿ ਕਿਸ ਚੀਜ਼ ਨੇ ਉਸ ਦਾ ਰਵੱਈਆ ਬਦਲਿਆ: “ਜਦੋਂ ਰਸਲ ਮੇਰੇ ਕੋਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? b ਕਿਤਾਬ ਲੈ ਕਿ ਆਇਆ, ਤਾਂ ਮੈਂ ਗੰਭੀਰਤਾ ਨਾਲ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਮੈਨੂੰ ਉਸ ਕਿਤਾਬ ਦੀ ਕਾਪੀ ਦਿੱਤੀ ਅਤੇ ਕਿਹਾ: ‘ਇਹ ਕਿਤਾਬ ਵੈਲਸ਼ ਵਿਚ ਹੈ ਅਤੇ ਆਪਾਂ ਦੋਨੋ ਇਸ ਨੂੰ ਇਕੱਠੇ ਪੜ੍ਹਨੀ ਸ਼ੁਰੂ ਕਰਨ ਜਾ ਰਹੇ ਹਾਂ।’” ਏਮੀਰ ਰਸਲ ਦੀ ਇਸ ਸਿੱਧੀ ਗੱਲ-ਬਾਤ ਤੋਂ ਕਿਉਂ ਪ੍ਰਭਾਵਿਤ ਹੋਇਆ? ਉਹ ਦੱਸਦਾ ਹੈ: “ਅਸੀਂ ਦੋਵੇਂ ਇੱਕੋ ਭਾਸ਼ਾ ਬੋਲਦੇ ਹਾਂ, ਸਾਡਾ ਸਭਿਆਚਾਰ ਇੱਕੋ ਹੈ ਅਤੇ ਅਸੀਂ ਦੋਵੇਂ ਇਕ ਦੂਜੇ ਨੂੰ ਸਮਝਦੇ ਹਾਂ।” ਏਮੀਰ ਦਾ ਦਿਲ “ਜੋਸ਼ ਨਾਲ ਭਰ ਗਿਆ” ਜਦੋਂ ਉਸ ਨੇ ਆਪਣੀ ਮਾਂ-ਬੋਲੀ ਵੈਲਸ਼ ਵਿਚ ਬਾਈਬਲ ਚਰਚਾ ਕੀਤੀ ਕਿਉਂਕਿ ਉਹ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਿਆ।
ਯਹੋਵਾਹ ਦੇ ਗਵਾਹ ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਰੱਬ ਬਾਰੇ ਸਿੱਖਣ ਲਈ ਮਦਦ ਕਰਦੇ ਰਹਿਣਗੇ, ਅਜਿਹੀ ਭਾਸ਼ਾ ਜੋ ਸਿੱਧੀ ਲੋਕਾਂ ਦੇ ਦਿਲਾਂ ਤਕ ਜਾਂਦੀ ਹੈ।