ਅਫ਼ਰੀਕਾ ਵਿਚ ਅੰਨ੍ਹੇ ਲੋਕਾਂ ਦੀ ਮਦਦ
ਕੁਝ ਦੇਸ਼ਾਂ ਵਿਚ ਅੰਨ੍ਹੇ ਲੋਕਾਂ ਨੂੰ ਉਹ ਮੌਕੇ ਨਹੀਂ ਮਿਲਦੇ ਜੋ ਹੋਰ ਦੇਸ਼ਾਂ ਵਿਚ ਅੰਨ੍ਹੇ ਲੋਕਾਂ ਨੂੰ ਮਿਲਦੇ ਹਨ। ਕਈ ਵਾਰ ਉਹ ਸਮਾਜ ਤੋਂ ਕੱਟੇ-ਕੱਟੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਅਜਿਹੇ ਕੰਮ ਕਰਨ ਵਿਚ ਚੁਣੌਤੀਆਂ ਆਉਂਦੀਆਂ ਹਨ ਜਿਨ੍ਹਾਂ ਕੰਮਾਂ ਨੂੰ ਸੁਜਾਖੇ ਲੋਕ ਮਾਮੂਲੀ ਸਮਝਦੇ ਹਨ। ਉਦਾਹਰਣ ਲਈ, ਖਾਣ-ਪੀਣ ਦੀਆਂ ਚੀਜ਼ਾਂ ਖ਼ਰੀਦਣ ਲਈ ਬਾਜ਼ਾਰ ਜਾਣਾ, ਬੱਸ ਫੜਨੀ ਅਤੇ ਪੈਸੇ ਦਾ ਹਿਸਾਬ ਰੱਖਣਾ ਖ਼ਾਸ ਕਰਕੇ ਉਨ੍ਹਾਂ ਲਈ ਔਖਾ ਹੁੰਦਾ ਹੈ। ਪੜ੍ਹਨ ਵਿਚ ਵੀ ਮੁਸ਼ਕਲ ਆ ਸਕਦੀ ਹੈ। ਸਾਰੇ ਲੋਕ ਬ੍ਰੇਲ ਭਾਸ਼ਾ ਨਹੀਂ ਪੜ੍ਹਦੇ। ਜੇ ਉਹ ਪੜ੍ਹਦੇ ਵੀ ਹਨ, ਤਾਂ ਉਨ੍ਹਾਂ ਨੂੰ ਸ਼ਾਇਦ ਆਪਣੀ ਭਾਸ਼ਾ ਵਿਚ ਪ੍ਰਕਾਸ਼ਨ ਲੱਭਣੇ ਔਖੇ ਲੱਗਦੇ ਹਨ।
100 ਤੋਂ ਜ਼ਿਆਦਾ ਸਾਲਾਂ ਤੋਂ ਯਹੋਵਾਹ ਦੇ ਗਵਾਹ ਅੰਨ੍ਹੇ ਲੋਕਾਂ ਲਈ ਬਾਈਬਲ-ਆਧਾਰਿਤ ਪ੍ਰਕਾਸ਼ਨ ਤਿਆਰ ਕਰਦੇ ਆਏ ਹਨ। ਮਲਾਵੀ ਵਿਚ ਬੋਲੀ ਜਾਂਦੀ ਚਿਚੇਵਾ ਭਾਸ਼ਾ ਵਿਚ ਬ੍ਰੇਲ ਭਾਸ਼ਾ ਦੇ ਪ੍ਰਕਾਸ਼ਨ ਉਪਲਬਧ ਕਰਾਉਣ ਲਈ ਗਵਾਹਾਂ ਨੇ ਹਾਲ ਹੀ ਵਿਚ ਬ੍ਰੇਲ ਪ੍ਰਿੰਟਿੰਗ ਮਸ਼ੀਨ ਅਤੇ ਜਿਲਦਾਂ ਬੰਨ੍ਹਣ ਵਾਲੀ ਮਸ਼ੀਨ ਨੀਦਰਲੈਂਡਜ਼ ਤੋਂ ਮਲਾਵੀ ਭੇਜੀ ਹੈ।
ਬ੍ਰਾਜ਼ੀਲ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਤੋਂ ਲੇਓ, ਜਿਸ ਨੂੰ ਬ੍ਰੇਲ ਪ੍ਰਕਾਸ਼ਨ ਤਿਆਰ ਕਰਨ ਦਾ ਤਜਰਬਾ ਹੈ, ਮਲਾਵੀ ਗਿਆ। ਉਸ ਨੇ ਪੰਜ ਮੈਂਬਰਾਂ ਦੀ ਟੀਮ ਦੀ ਮਦਦ ਕੀਤੀ ਤਾਂਕਿ ਉਹ ਗਵਾਹਾਂ ਵੱਲੋਂ ਬ੍ਰੇਲ ਭਾਸ਼ਾ ਲਈ ਤਿਆਰ ਕੀਤੇ ਕੰਪਿਊਟਰ ਪ੍ਰੋਗ੍ਰਾਮ ਅਤੇ ਮਸ਼ੀਨਾਂ ਨੂੰ ਚਲਾਉਣਾ ਸਿੱਖ ਸਕਣ। ਇਹ ਪ੍ਰੋਗ੍ਰਾਮ ਚਿਚੇਵਾ ਅੱਖਰਾਂ ਨੂੰ ਬ੍ਰੇਲ ਵਿਚ ਬਦਲ ਦਿੰਦਾ ਹੈ। ਇਸ ਤਰ੍ਹਾਂ ਕਰਨ ਲਈ ਇਕ ਫਾਈਲ ਤਿਆਰ ਕਰਨੀ ਜ਼ਰੂਰੀ ਸੀ ਜਿਸ ਵਿਚ ਚਿਚੇਵਾ ਦੇ ਅੱਖਰ ਸਨ ਅਤੇ ਉਨ੍ਹਾਂ ਨਾਲ ਮਿਲਦੇ-ਜੁਲਦੇ ਬ੍ਰੇਲ ਦੇ ਅੱਖਰ ਸਨ। ਇਸ ਦੀ ਮਦਦ ਨਾਲ ਪ੍ਰੋਗ੍ਰਾਮ ਚਿਚੇਵਾ ਦੇ ਅੱਖਰਾਂ ਨੂੰ ਬ੍ਰੇਲ ਵਿਚ ਬਦਲ ਸਕਦਾ ਅਤੇ ਪ੍ਰਕਾਸ਼ਨ ਅਜਿਹੇ ਤਰੀਕੇ ਨਾਲ ਫਾਰਮੈਟ ਕਰਦਾ ਹੈ ਜਿਸ ਨੂੰ ਅੰਨ੍ਹੇ ਲੋਕ ਸੌਖਿਆਂ ਪੜ੍ਹ ਸਕਦੇ। ਗੌਰ ਕਰੋ ਕਿ ਮਲਾਵੀ ਵਿਚ ਰਹਿੰਦੇ ਕੁਝ ਲੋਕਾਂ ਨੇ ਬ੍ਰੇਲ ਪ੍ਰਕਾਸ਼ਨਾਂ ਬਾਰੇ ਕੀ ਕਿਹਾ।
ਮੁਨੀਆਰਾਦਜ਼ੀ ਇਕ ਅੰਨ੍ਹੀ ਨੌਜਵਾਨ ਤੀਵੀਂ ਹੈ ਜੋ ਕੁਝ ਘੰਟੇ ਕੰਮ ਕਰਦੀ ਹੈ। ਉਹ ਆਪਣਾ ਰੇਡੀਓ ਪ੍ਰੋਗ੍ਰਾਮ ਚਲਾਉਂਦੀ ਹੈ। ਨਾਲੇ ਉਹ ਹਰ ਮਹੀਨੇ 70 ਘੰਟੇ ਲਾ ਕੇ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦਿੰਦੀ ਹੈ। ਉਸ ਨੇ ਕਿਹਾ: “ਪਹਿਲਾਂ ਮੈਨੂੰ ਅੰਗ੍ਰੇਜ਼ੀ ਦੀ ਬ੍ਰੇਲ ਭਾਸ਼ਾ ਵਿਚ ਪ੍ਰਕਾਸ਼ਨ ਮਿਲਦੇ ਸਨ, ਪਰ ਹੁਣ ਆਪਣੀ ਭਾਸ਼ਾ ਵਿਚ ਇਨ੍ਹਾਂ ਨੂੰ ਪੜ੍ਹ ਕੇ ਗੱਲਾਂ ਮੇਰੇ ਦਿਲ ਨੂੰ ਛੂਹ ਗਈਆਂ। ਮੈਂ ਉਨ੍ਹਾਂ ਗਵਾਹਾਂ ਦੀ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨੀ ਮਿਹਨਤ ਅਤੇ ਪੈਸੇ ਲਾ ਕੇ ਸਾਡੀ ਭਾਸ਼ਾ ਵਿਚ ਬ੍ਰੇਲ ਪ੍ਰਕਾਸ਼ਨ ਤਿਆਰ ਕੀਤੇ ਹਨ। ਉਹ ਸਾਨੂੰ ਭੁੱਲੇ ਨਹੀਂ ਹਨ ਤੇ ਸਾਡੀ ਕਦਰ ਕਰਦੇ ਹਨ।”
ਫ਼ਰਾਂਸਿਸ ਨਾਂ ਦਾ ਗਵਾਹ ਉੱਤਰੀ ਮਲਾਵੀ ਵਿਚ ਰਹਿੰਦਾ ਹੈ। ਅੰਨ੍ਹਾ ਹੋਣ ਕਰਕੇ ਉਸ ਨੂੰ ਪਹਿਲਾਂ ਦੂਜਿਆਂ ʼਤੇ ਨਿਰਭਰ ਹੋਣਾ ਪੈਂਦਾ ਸੀ ਜੋ ਉਸ ਲਈ ਜਾਣਕਾਰੀ ਪੜ੍ਹਦੇ ਸਨ। ਜਦੋਂ ਉਸ ਨੂੰ ਚਿਚੇਵਾ ਭਾਸ਼ਾ ਵਿਚ ਪਹਿਲੀ ਵਾਰ ਬ੍ਰੇਲ ਪ੍ਰਕਾਸ਼ਨ ਮਿਲੇ, ਤਾਂ ਉਸ ਨੇ ਖ਼ੁਸ਼ੀ ਦੇ ਮਾਰੇ ਕਿਹਾ: “ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ? ਮੈਂ ਕਿੰਨਾ ਖ਼ੁਸ਼ ਹਾਂ!”
ਲੋਇਸ ਵੀ ਦੇਖ ਨਹੀਂ ਸਕਦੀ ਤੇ ਉਹ ਪੂਰਾ ਸਮਾਂ ਪ੍ਰਚਾਰ ਕਰਦੀ ਹੈ। ਉਸ ਨੇ 52 ਲੋਕਾਂ ਦੀ ਆਪਣੀਆਂ ਜ਼ਿੰਦਗੀਆਂ ਸੁਧਾਰਨ ਵਿਚ ਮਦਦ ਕੀਤੀ ਹੈ। ਕਿਵੇਂ? ਉਹ ਲੋਕਾਂ ਨੂੰ ਸਿਖਾਉਣ ਲਈ ਬ੍ਰੇਲ ਪ੍ਰਕਾਸ਼ਨ ਵਰਤਦੀ ਹੈ ਜਦਕਿ ਉਸ ਤੋਂ ਸਿੱਖਣ ਵਾਲੇ ਛਪੇ ਹੋਏ ਪ੍ਰਕਾਸ਼ਨ ਵਰਤਦੇ ਹਨ। ਇਹ ਸਾਰੇ ਪ੍ਰਕਾਸ਼ਨ ਯਹੋਵਾਹ ਦੇ ਗਵਾਹਾਂ ਨੇ ਛਾਪੇ ਹਨ।
ਲੇਓ, ਜੋ ਬ੍ਰਾਜ਼ੀਲ ਤੋਂ ਟ੍ਰੇਨਿੰਗ ਦੇਣ ਆਇਆ ਸੀ, ਨੇ ਕਿਹਾ: “ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਜਦੋਂ ਮੈਂ ਲੋਕਾਂ ਨੂੰ ਬ੍ਰੇਲ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੰਦਾ ਹਾਂ ਅਤੇ ਉਨ੍ਹਾਂ ਦੇ ਚਿਹਰੇ ʼਤੇ ਖ਼ੁਸ਼ੀ ਦੇਖਦਾ ਹਾਂ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਪ੍ਰਕਾਸ਼ਨ ਉਨ੍ਹਾਂ ਦੀ ਭਾਸ਼ਾ ਵਿਚ ਹਨ। ਕਈਆਂ ਨੇ ਕਿਹਾ ਕਿ ਉਹ ਯਹੋਵਾਹ ਦੇ ਬਹੁਤ ਧੰਨਵਾਦੀ ਹਨ ਤੇ ਖ਼ੁਸ਼ ਹਨ ਕਿਉਂਕਿ ਹੁਣ ਉਹ ਆਪ ਮਸੀਹੀ ਮੀਟਿੰਗਾਂ ਅਤੇ ਪ੍ਰਚਾਰ ਦੀ ਤਿਆਰੀ ਕਰ ਸਕਦੇ ਹਨ। ਉਨ੍ਹਾਂ ਨੂੰ ਹੁਣ ਦੂਜਿਆਂ ʼਤੇ ਨਿਰਭਰ ਨਹੀਂ ਹੋਣਾ ਪੈਂਦਾ ਕਿ ਉਹ ਉਨ੍ਹਾਂ ਲਈ ਪੜ੍ਹਨ। ਉਹ ਆਪ ਹੀ ਨਿੱਜੀ ਅਧਿਐਨ ਕਰ ਸਕਦੇ ਹਨ। ਉਹ ਆਪਣੇ ਪਰਿਵਾਰਾਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਪਹਿਲਾਂ ਨਾਲੋਂ ਜ਼ਿਆਦਾ ਮਦਦ ਕਰ ਸਕਦੇ ਹਨ। ਇਹ ਪ੍ਰਕਾਸ਼ਨ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ।”