Skip to content

ਲਹੂ ਚੜ੍ਹਾਉਣਾ—ਅੱਜ ਡਾਕਟਰ ਕੀ ਕਹਿੰਦੇ ਹਨ?

ਲਹੂ ਚੜ੍ਹਾਉਣਾ—ਅੱਜ ਡਾਕਟਰ ਕੀ ਕਹਿੰਦੇ ਹਨ?

ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਦੀ ਨੁਕਤਾਚੀਨੀ ਕੀਤੀ ਗਈ ਹੈ ਕਿਉਂਕਿ ਉਹ ਲਹੂ ਨਹੀਂ ਲੈਂਦੇ। ਉਹ ਇਸ ਲਈ ਲਹੂ ਨਹੀਂ ਲੈਂਦੇ ਕਿਉਂਕਿ ਬਾਈਬਲ ਕਹਿੰਦੀ ਹੈ ਕਿ ‘ਲਹੂ ਤੋਂ ਦੂਰ ਰਹੋ।’ (ਰਸੂਲਾਂ ਦੇ ਕੰਮ 15:29) ਪਰ ਡਾਕਟਰ ਸੋਚਦੇ ਹਨ ਕਿ ਮਰੀਜ਼ਾਂ ਲਈ ਲਹੂ ਲੈਣਾ ਸਭ ਤੋਂ ਵਧੀਆ ਇਲਾਜ ਹੈ। ਇਸ ਕਰਕੇ ਕਈ ਵਾਰ ਯਹੋਵਾਹ ਦੇ ਗਵਾਹ ਤੇ ਡਾਕਟਰ ਇਸ ਮਾਮਲੇ ਵਿਚ ਇਕ-ਦੂਜੇ ਨਾਲ ਸਹਿਮਤ ਨਹੀਂ ਹੁੰਦੇ।

ਪਰ ਅੱਜ ਮੈਡੀਕਲ ਖੇਤਰ ਵਿਚ ਕੰਮ ਕਰ ਰਹੇ ਡਾਕਟਰ ਅਤੇ ਹੋਰ ਲੋਕ ਦੱਸਦੇ ਹਨ ਕਿ ਲਹੂ ਚੜ੍ਹਾਉਣ ਦੀ ਬਜਾਇ ਹੋਰ ਤਰੀਕੇ ਨਾਲ ਇਲਾਜ ਕਰਾਉਣਾ ਵਧੀਆ ਹੈ।

ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਇਕ ਮੈਗਜ਼ੀਨ ਨੇ ਬਸੰਤ 2013 ਦੇ ਅੰਕ ਵਿਚ ਲਹੂ ਬਾਰੇ ਇਕ ਖ਼ਾਸ ਰਿਪੋਰਟ ਛਾਪੀ ਸੀ। ਉਸ ਵਿਚ ਇਕ ਲੇਖ ਸੀ ਜਿਸ ਦਾ ਸਿਰਲੇਖ ਸੀ “ਲਹੂ ਚੜ੍ਹਾਉਣ ਦੀ ਘੱਟਦੀ ਮੰਗ ਪਿੱਛੇ ਕਿਹੜੀ ਵਜ੍ਹਾ?” ਇਸ ਲੇਖ ਦੀ ਲੇਖਕਾ ਸੇਰਾਹ ਸੀ.ਪੀ. ਵਿਲੀਅਮਜ਼ ਕਹਿੰਦੀ ਹੈ: “ਪਿਛਲੇ ਦਸ ਸਾਲਾਂ ਦੀ ਰੀਸਰਚ ਤੋਂ ਪਤਾ ਲੱਗਾ ਹੈ ਕਿ ਦੁਨੀਆਂ ਭਰ ਦੇ ਹਸਪਤਾਲਾਂ ਵਿਚ ਦਾਨ ਕੀਤਾ ਗਿਆ ਲਹੂ ਮਰੀਜ਼ਾਂ ਨੂੰ ਓਪਰੇਸ਼ਨ ਥੀਏਟਰਾਂ ਤੇ ਹਸਪਤਾਲਾਂ ਦੇ ਵਾਰਡਾਂ ਵਿਚ ਅਕਸਰ ਤੇ ਲੋੜ ਤੋਂ ਜ਼ਿਆਦਾ ਚੜ੍ਹਾ ਦਿੱਤਾ ਜਾਂਦਾ ਹੈ।”—Stanford Medicine Magazine.

ਇਸ ਲੇਖ ਵਿਚ ਲੇਖਕਾ ਨੇ ਪਟਰੀਸ਼ੀਆ ਫੋਰਡ ਐੱਮ.ਡੀ ਦੀਆਂ ਗੱਲਾਂ ਦੱਸੀਆਂ ਜੋ ਅਮਰੀਕਾ ਵਿਚ ਪੈਨਸਿਲਵੇਨੀਆ ਹਸਪਤਾਲ ਦੀ ਮੁਖੀ ਤੇ ਡਾਇਰੈਕਟਰ ਹੈ। ਇਸ ਹਸਪਤਾਲ ਵਿਚ ਬਿਨਾਂ ਲਹੂ ਚੜ੍ਹਾਏ ਇਲਾਜ ਤੇ ਸਰਜਰੀ ਕੀਤੀ ਜਾਂਦੀ ਹੈ। ਡਾਕਟਰ ਫੋਰਡ ਕਹਿੰਦੀ ਹੈ: “ਡਾਕਟਰਾਂ ਦੇ ਦਿਮਾਗ਼ ਵਿਚ ਇਹ ਗੱਲ ਕੁੱਟ-ਕੁੱਟ ਕੇ ਭਰੀ ਹੋਈ ਹੈ ਕਿ ਲੋਕਾਂ ਦੀ ਜਾਨ ਜਾ ਸਕਦੀ ਹੈ ਜੇ ਉਨ੍ਹਾਂ ਵਿਚ ਲਹੂ ਦੀ ਕਮੀ ਹੋ ਜਾਵੇ। ਉਹ ਮੰਨਦੇ ਹਨ ਕਿ ਲਹੂ ਹੀ ਜ਼ਿੰਦਗੀ ਨੂੰ ਬਚਾਉਣ ਦਾ ਆਖ਼ਰੀ ਚਾਰਾ ਹੈ . . . . ਇਹ ਗੱਲ ਕੁਝ ਹਾਲਾਤਾਂ ਵਿਚ ਸਹੀ ਹੈ, a ਪਰ ਜ਼ਿਆਦਾਤਰ ਹਾਲਾਤਾਂ ਵਿਚ ਜ਼ਿਆਦਾਤਰ ਮਰੀਜ਼ਾਂ ਲਈ ਇਹ ਗੱਲ ਸਹੀ ਨਹੀਂ ਹੈ।”

ਹਰ ਸਾਲ ਡਾਕਟਰ ਪਟਰੀਸ਼ੀਆ ਫੋਰਡ ਲਗਭਗ 700 ਯਹੋਵਾਹ ਦੇ ਗਵਾਹਾਂ ਦਾ ਇਲਾਜ ਕਰਦੀ ਹੈ। ਉਸ ਨੇ ਕਿਹਾ: “ਮੈਂ ਬਹੁਤ ਸਾਰੇ ਡਾਕਟਰਾਂ ਨਾਲ ਗੱਲ ਕੀਤੀ . . . ਤੇ ਕਈਆਂ ਨੂੰ ਇਹ ਗ਼ਲਤਫ਼ਹਿਮੀ ਹੈ ਕਿ ਜਿਨ੍ਹਾਂ ਮਰੀਜ਼ਾਂ ਨੂੰ ਲਹੂ ਨਹੀਂ ਚੜ੍ਹਾਇਆ ਜਾਵੇਗਾ, ਉਹ ਨਹੀਂ ਬਚਣਗੇ . . . ਸ਼ਾਇਦ ਮੈਂ ਵੀ ਕੁਝ ਹੱਦ ਤਕ ਇਸ ਤਰ੍ਹਾਂ ਸੋਚਦੀ ਸੀ। ਪਰ ਜਲਦੀ ਹੀ ਮੈਂ ਜਾਣਿਆ ਕਿ ਕੁਝ ਸੌਖੇ ਤਰੀਕੇ ਵਰਤ ਕੇ ਇਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।”

ਇਕ ਹਸਪਤਾਲ ਵਿਚ 28 ਸਾਲਾਂ ਦੌਰਾਨ ਉਨ੍ਹਾਂ ਮਰੀਜ਼ਾਂ ਦੀ ਸਟੱਡੀ ਕੀਤੀ ਗਈ ਜਿਨ੍ਹਾਂ ਦੇ ਦਿਲ ਦਾ ਓਪਰੇਸ਼ਨ ਹੋਇਆ ਸੀ। ਅਗਸਤ 2012 ਵਿਚ ਇਸ ਸਟੱਡੀ ਦੇ ਆਧਾਰ ʼਤੇ ਇਕ ਰਿਪੋਰਟ ਛਾਪੀ ਗਈ। ਇਸ ਓਪਰੇਸ਼ਨ ਤੋਂ ਬਾਅਦ ਯਹੋਵਾਹ ਦੇ ਗਵਾਹ ਉਨ੍ਹਾਂ ਮਰੀਜ਼ਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਠੀਕ ਹੋਏ ਸਨ ਜਿਨ੍ਹਾਂ ਨੇ ਲਹੂ ਲਿਆ ਸੀ। ਇਨ੍ਹਾਂ ਗਵਾਹਾਂ ਨੂੰ ਥੋੜ੍ਹੀਆਂ ਹੀ ਸਿਹਤ ਸਮੱਸਿਆਵਾਂ ਹੋਈਆਂ, ਉਹ ਸਰਜਰੀ ਤੋਂ ਬਾਅਦ ਜੀਉਂਦੇ ਰਹੇ ਅਤੇ 20 ਸਾਲਾਂ ਤੋਂ ਬਾਅਦ ਵੀ ਜ਼ਿਆਦਾ ਗਵਾਹ ਹਾਲੇ ਵੀ ਜੀਉਂਦੇ ਹਨ। ਪਰ ਇਹ ਗੱਲਾਂ ਉਨ੍ਹਾਂ ਮਰੀਜ਼ਾਂ ਬਾਰੇ ਨਹੀਂ ਕਹੀਆਂ ਜਾ ਸਕਦੀਆਂ ਜਿਨ੍ਹਾਂ ਨੂੰ ਲਹੂ ਚੜ੍ਹਾਇਆ ਗਿਆ ਸੀ।—Archives of Internal Medicine.

8 ਅਪ੍ਰੈਲ 2013 ਦੇ ਇਕ ਰਸਾਲੇ ਵਿਚ ਲੇਖ ਛਪਿਆ ਜਿਸ ਵਿਚ ਲਿਖਿਆ ਸੀ: “ਕਾਫ਼ੀ ਸਾਲਾਂ ਤੋਂ ਉਨ੍ਹਾਂ ਮਰੀਜ਼ਾਂ ਦਾ ਬਿਨਾਂ ਲਹੂ ਚੜ੍ਹਾਏ ਓਪਰੇਸ਼ਨ ਕੀਤਾ ਗਿਆ ਹੈ ਜੋ ਆਪਣੇ ਧਰਮ ਕਰਕੇ ਲਹੂ ਲੈਣ ਤੋਂ ਇਨਕਾਰ ਕਰਦੇ ਹਨ। ਹੁਣ ਹਸਪਤਾਲ ਬਿਨਾਂ ਲਹੂ ਚੜ੍ਹਾਏ ਓਪਰੇਸ਼ਨ ਕਰਨ ਲਈ ਤਿਆਰ ਹੋ ਰਹੇ ਹਨ . . . ਬਿਨਾਂ ਲਹੂ ਚੜ੍ਹਾਏ ਇਲਾਜ ਦੀ ਹਿਮਾਇਤ ਕਰਨ ਵਾਲੇ ਡਾਕਟਰ ਕਹਿੰਦੇ ਹਨ ਕਿ ਅਸੀਂ ਕਾਫ਼ੀ ਖ਼ਰਚਾ ਘਟਾ ਸਕਦੇ ਹਾਂ ਜੋ ਲਹੂ ਖ਼ਰੀਦਣ, ਜਮ੍ਹਾ ਕਰਨ, ਇਸ ਨੂੰ ਟੈੱਸਟ ਕਰਨ ਅਤੇ ਚੜ੍ਹਾਉਣ ʼਤੇ ਆਉਂਦਾ ਹੈ। ਇਸ ਤਕਨੀਕ ਕਰਕੇ ਲਹੂ ਚੜ੍ਹਾਏ ਜਾਣ ਨਾਲ ਹੋਣ ਵਾਲੀਆਂ ਇਨਫੈਕਸ਼ਨਾਂ ਤੇ ਹੋਰ ਬੀਮਾਰੀਆਂ ਲੱਗਣ ਦਾ ਖ਼ਤਰਾ ਘੱਟਦਾ ਹੈ ਜਿਨ੍ਹਾਂ ਕਰਕੇ ਮਰੀਜ਼ਾਂ ਨੂੰ ਲੰਬੇ ਸਮੇਂ ਤਕ ਹਸਪਤਾਲ ਵਿਚ ਰਹਿਣਾ ਪੈਂਦਾ ਹੈ।”—The Wall Street Journal.

ਓਹੀਓ, ਅਮਰੀਕਾ ਦੇ ਇਕ ਮੈਡੀਕਲ ਸੈਂਟਰ ਦੇ ਡਾਇਰੈਕਟਰ ਰੌਬਰਟ ਲੌਰੈਂਜ਼ ਦਾ ਕਹਿਣਾ ਹੈ: “ਤੁਹਾਨੂੰ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਜੇ ਤੁਸੀਂ ਮਰੀਜ਼ ਨੂੰ ਲਹੂ ਚੜ੍ਹਾਉਂਦੇ ਹੋ, ਤਾਂ ਤੁਸੀਂ ਉਸ ਦੀ ਮਦਦ ਕਰ ਰਹੇ ਹੋ . . . ਪਰ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਸ ਨਾਲ ਫ਼ਾਇਦਾ ਹੋਣ ਦੀ ਬਜਾਇ ਦਰਅਸਲ ਨੁਕਸਾਨ ਹੀ ਹੁੰਦਾ ਹੈ।”

a ਲਹੂ ਬਾਰੇ ਯਹੋਵਾਹ ਦੇ ਗਵਾਹਾਂ ਦੇ ਨਜ਼ਰੀਏ ਬਾਰੇ ਜਾਣਨ ਲਈ “ਆਮ ਪੁੱਛੇ ਜਾਂਦੇ ਸਵਾਲ—ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ?” ਨਾਂ ਦਾ ਲੇਖ ਦੇਖੋ।