Skip to content

ਕੀ ਬਾਈਬਲ ਲੰਬੇ ਸਮੇਂ ਤੋਂ ਬੀਮਾਰ ਲੋਕਾਂ ਦੀ ਮਦਦ ਕਰ ਸਕਦੀ ਹੈ?

ਕੀ ਬਾਈਬਲ ਲੰਬੇ ਸਮੇਂ ਤੋਂ ਬੀਮਾਰ ਲੋਕਾਂ ਦੀ ਮਦਦ ਕਰ ਸਕਦੀ ਹੈ?

ਬਾਈਬਲ ਕਹਿੰਦੀ ਹੈ

 ਜੀ ਹਾਂ। ਰੱਬ ਨੂੰ ਆਪਣੇ ਉਨ੍ਹਾਂ ਸੇਵਕਾਂ ਦੀ ਪਰਵਾਹ ਹੈ ਜੋ ਬੀਮਾਰ ਹਨ। ਬਾਈਬਲ ਕਹਿੰਦੀ ਹੈ ਕਿ ਜਦ ਉਸ ਦਾ ਵਫ਼ਾਦਾਰ ਸੇਵਕ ‘ਬੀਮਾਰੀ ਕਰਕੇ ਮੰਜੇ ʼਤੇ ਪਿਆ ਹੋਵੇਗਾ, ਉਦੋਂ ਯਹੋਵਾਹ ਉਸ ਦੀ ਦੇਖ-ਭਾਲ ਕਰੇਗਾ।’ (ਜ਼ਬੂਰ 41:3) ਜੇ ਤੁਸੀਂ ਲੰਬੇ ਸਮੇਂ ਤੋਂ ਬੀਮਾਰ ਹੋ, ਤਾਂ ਇਹ ਤਿੰਨ ਸੁਝਾਅ ਲਾਗੂ ਕਰ ਕੇ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ:

  1.  1. ਪ੍ਰਾਰਥਨਾ ਰਾਹੀਂ ਸਹਿਣ ਦੀ ਤਾਕਤ ਮੰਗੋ। ਤੁਹਾਨੂੰ ‘ਪਰਮੇਸ਼ੁਰ ਦੀ ਸ਼ਾਂਤੀ ਮਿਲ ਸਕਦੀ ਹੈ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ ਇਸ ਦੀ ਮਦਦ ਨਾਲ ਤੁਹਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲੇਗੀ ਅਤੇ ਤੁਹਾਡੀ ਚਿੰਤਾ ਘਟੇਗੀ।—ਫ਼ਿਲਿੱਪੀਆਂ 4:6, 7.

  2.  2. ਸਹੀ ਨਜ਼ਰੀਆ ਰੱਖੋ। ਬਾਈਬਲ ਕਹਿੰਦੀ ਹੈ: “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ, ਪਰ ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।” (ਕਹਾਉਤਾਂ 17:22) ਛੋਟੀਆਂ-ਛੋਟੀਆਂ ਗੱਲਾਂ ʼਤੇ ਖ਼ੁਸ਼ ਹੋਣਾ ਸਿੱਖੋ। ਇੱਦਾਂ ਕਰਨ ਨਾਲ ਨਾ ਸਿਰਫ਼ ਤੁਹਾਡੀ ਉਦਾਸੀ ਘਟੇਗੀ, ਸਗੋਂ ਤੁਹਾਡੀ ਸਿਹਤ ʼਤੇ ਵੀ ਇਸ ਦਾ ਚੰਗਾ ਅਸਰ ਹੋਵੇਗਾ।

  3.  3. ਚੰਗੇ ਭਵਿੱਖ ਦੀ ਉਮੀਦ ਰੱਖੋ। ਉਮੀਦ ਹੋਣ ਕਰਕੇ ਤੁਸੀਂ ਲੰਬੇ ਸਮੇਂ ਤੋਂ ਬੀਮਾਰ ਹੋਣ ਦੇ ਬਾਵਜੂਦ ਵੀ ਖ਼ੁਸ਼ ਰਹਿ ਸਕਦੇ ਹੋ। (ਰੋਮੀਆਂ 12:12) ਬਾਈਬਲ ਦੱਸਦੀ ਹੈ ਕਿ ਉਹ ਸਮਾਂ ਆਉਣ ਵਾਲਾ ਹੈ ਜਦੋਂ “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’” (ਯਸਾਯਾਹ 33:24) ਪਰਮੇਸ਼ੁਰ ਉਨ੍ਹਾਂ ਸਾਰੀਆਂ ਲਾਇਲਾਜ ਬੀਮਾਰੀਆਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਦਾ ਇਲਾਜ ਲੱਭਣਾ ਅੱਜ ਦੇ ਵਿਗਿਆਨ ਦੇ ਵੱਸ ਦੀ ਗੱਲ ਨਹੀਂ ਹੈ। ਆਉਣ ਵਾਲੇ ਸਮੇਂ ਵਿਚ ਬਜ਼ੁਰਗ ਫਿਰ ਤੋਂ ਜਵਾਨ ਅਤੇ ਤੰਦਰੁਸਤ ਹੋ ਜਾਣਗੇ। ਬਾਈਬਲ ਇਸ ਬਾਰੇ ਕਹਿੰਦੀ ਹੈ: “ਉਸ ਦੀ ਚਮੜੀ ਬੱਚੇ ਦੀ ਚਮੜੀ ਨਾਲੋਂ ਵੀ ਕੋਮਲ ਹੋ ਜਾਵੇ; ਉਸ ਦੀ ਜਵਾਨੀ ਦੀ ਤਾਕਤ ਦੁਬਾਰਾ ਉਸ ਵਿਚ ਆ ਜਾਵੇ।”—ਅੱਯੂਬ 33:25.

 ਧਿਆਨ ਦਿਓ: ਯਹੋਵਾਹ ਦੇ ਗਵਾਹ ਪਰਮੇਸ਼ੁਰ ਤੋਂ ਮਦਦ ਮੰਗਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਡਾਕਟਰੀ ਇਲਾਜ ਵੀ ਕਰਾਉਂਦੇ ਹਨ। (ਮਰਕੁਸ 2:17) ਅਸੀਂ ਇਹ ਸੁਝਾਅ ਨਹੀਂ ਦਿੰਦੇ ਕਿ ਤੁਹਾਨੂੰ ਕਿਹੜਾ ਇਲਾਜ ਕਰਾਉਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਇਹ ਸਾਰਿਆਂ ਦਾ ਨਿੱਜੀ ਫ਼ੈਸਲਾ ਹੈ।