Skip to content

ਕੀ ਸਾਡੇ ਮਰਨ ਦਾ ਸਮਾਂ ਪਹਿਲਾਂ ਹੀ ਤੈਅ ਹੁੰਦਾ ਹੈ?

ਕੀ ਸਾਡੇ ਮਰਨ ਦਾ ਸਮਾਂ ਪਹਿਲਾਂ ਹੀ ਤੈਅ ਹੁੰਦਾ ਹੈ?

ਬਾਈਬਲ ਕਹਿੰਦੀ ਹੈ

 ਨਹੀਂ, ਸਾਡੇ ਮਰਨ ਦਾ ਸਮਾਂ ਪਹਿਲਾਂ ਹੀ ਤੈਅ ਨਹੀਂ ਹੁੰਦਾ। ਬਾਈਬਲ ਕਿਸਮਤ ਦੀ ਸਿੱਖਿਆ ਦਾ ਸਮਰਥਨ ਨਹੀਂ ਕਰਦੀ, ਸਗੋਂ ਬਾਈਬਲ ਦੱਸਦੀ ਹੈ ਕਿ ਮੌਤ ਅਕਸਰ “ਬੁਰਾ ਸਮਾਂ” ਹੋਣ ਕਰਕੇ ਆਉਂਦੀ ਹੈ।—ਉਪਦੇਸ਼ਕ 9:11 CL.

ਕੀ ਬਾਈਬਲ ਨਹੀਂ ਦੱਸਦੀ ਕਿ ‘ਮਰਨ ਦਾ ਵੀ ਵੇਲਾ” ਹੁੰਦਾ ਹੈ?

 ਜੀ ਹਾਂ, ਉਪਦੇਸ਼ਕ ਦੀ ਪੋਥੀ 3:2 ਵਿਚ ਦੱਸਿਆ ਗਿਆ ਹੈ ਕਿ “ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ, ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ।” ਪਰ ਇਸ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਸ ਆਇਤ ਵਿਚ ਬਾਈਬਲ ਸਾਡੀ ਸਾਰਿਆਂ ਦੀ ਜ਼ਿੰਦਗੀ ਵਿਚ ਵਾਰ-ਵਾਰ ਹੋਣ ਵਾਲੀਆਂ ਆਮ ਗੱਲਾਂ ਦਾ ਜ਼ਿਕਰ ਕਰ ਰਹੀ ਹੈ। (ਉਪਦੇਸ਼ਕ ਦੀ ਪੋਥੀ 3:1-8) ਜਿਸ ਤਰ੍ਹਾਂ ਬੀ ਬੀਜਣ ਦਾ ਇਕ ਮੌਸਮ ਹੁੰਦਾ ਹੈ, ਪਰ ਪਰਮੇਸ਼ੁਰ ਨੇ ਬੀ ਬੀਜਣ ਲਈ ਕੋਈ ਖ਼ਾਸ ਸਮਾਂ ਤੈਅ ਨਹੀਂ ਕੀਤਾ, ਉਸੇ ਤਰ੍ਹਾਂ ਪਰਮੇਸ਼ੁਰ ਨੇ ਸਾਡੇ ਮਰਨ ਦਾ ਸਮਾਂ ਤੈਅ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਰੋਜ਼ਮੱਰਾ ਦੇ ਕੰਮਾਂ ਵਿਚ ਇੰਨੇ ਨਹੀਂ ਰੁੱਝ ਜਾਣਾ ਚਾਹੀਦਾ ਕਿ ਅਸੀਂ ਆਪਣੇ ਸਿਰਜਣਹਾਰ ਨੂੰ ਹੀ ਭੁੱਲ ਜਾਈਏ।—ਉਪਦੇਸ਼ਕ ਦੀ ਪੋਥੀ 3:11; 12:1, 13.

ਸਾਡੀ ਜ਼ਿੰਦਗੀ ਲੰਬੀ ਹੋ ਸਕਦੀ ਹੈ

 ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਪਰ ਫਿਰ ਵੀ ਸੋਚ-ਸਮਝ ਕੇ ਫ਼ੈਸਲੇ ਕਰਨ ਨਾਲ ਸਾਡੀ ਜ਼ਿੰਦਗੀ ਲੰਬੀ ਹੋ ਸਕਦੀ ਹੈ। ਬਾਈਬਲ ਦੱਸਦੀ ਹੈ: “ਬੁੱਧਵਾਨ ਦੀ ਤਾਲੀਮ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਲਈ ਹੈ।” (ਕਹਾਉਤਾਂ 13:14) ਇਸੇ ਤਰ੍ਹਾਂ ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਜੇ ਉਹ ਪਰਮੇਸ਼ੁਰ ਦੇ ਹੁਕਮ ਮੰਨਣ, ਤਾਂ ਉਹ “ਲੰਮੇ” ਸਮੇਂ ਤਕ ਜੀ ਸਕਦੇ ਸਨ। (ਬਿਵਸਥਾ ਸਾਰ 6:2) ਇਸ ਦੇ ਉਲਟ, ਆਪਣੇ ਬੁਰੇ ਜਾਂ ਮੂਰਖਤਾ ਭਰੇ ਕੰਮਾਂ ਕਰਕੇ ਅਸੀਂ ਆਪਣੀ ਜ਼ਿੰਦਗੀ ਛੋਟੀ ਕਰ ਸਕਦੇ ਹਾਂ।—ਉਪਦੇਸ਼ਕ ਦੀ ਪੋਥੀ 7:17.

 ਚਾਹੇ ਅਸੀਂ ਜਿੰਨੇ ਮਰਜ਼ੀ ਬੁੱਧੀਮਾਨ ਜਾਂ ਸਾਵਧਾਨ ਕਿਉਂ ਨਾ ਹੋਈਏ, ਪਰ ਅਸੀਂ ਮੌਤ ਤੋਂ ਨਹੀਂ ਬਚ ਸਕਦੇ। (ਰੋਮੀਆਂ 5:12) ਪਰ ਹਾਲਾਤ ਬਦਲ ਜਾਣਗੇ ਕਿਉਂਕਿ ਬਾਈਬਲ ਵਾਅਦਾ ਕਰਦੀ ਹੈ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ “ਕੋਈ ਨਹੀਂ ਮਰੇਗਾ।”—ਪ੍ਰਕਾਸ਼ ਦੀ ਕਿਤਾਬ 21:4.