Skip to content

ਨੌਜਵਾਨ ਪੁੱਛਦੇ ਹਨ

ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?

ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?

 ਸਮੇਂ ਦੀ ਸਹੀ ਵਰਤੋਂ ਕਿਉਂ ਕਰੀਏ?

  •   ਸਮਾਂ ਪੈਸੇ ਵਾਂਗ ਹੈ। ਜੇ ਤੁਸੀਂ ਇਸ ਨੂੰ ਖ਼ਰਾਬ ਕਰਦੇ ਹੋ, ਤਾਂ ਲੋੜ ਵੇਲੇ ਇਹ ਤੁਹਾਡੇ ਕੋਲ ਨਹੀਂ ਹੋਵੇਗਾ। ਦੂਜੇ ਪਾਸੇ, ਜੇ ਤੁਸੀਂ ਸੋਚ ਸਮਝ ਕੇ ਸਮਾਂ ਵਰਤਦੇ ਹੋ, ਤਾਂ ਤੁਹਾਡੇ ਕੋਲ ਉਹ ਕੰਮ ਕਰਨ ਲਈ ਸਮਾਂ ਹੋਵੇਗਾ ਜਿਨ੍ਹਾਂ ਨੂੰ ਕਰ ਕੇ ਤੁਹਾਨੂੰ ਮਜ਼ਾ ਆਉਂਦਾ ਹੈ!

     ਬਾਈਬਲ ਦਾ ਅਸੂਲ: “ਆਲਸੀ ਮਨੁੱਖ ਦੇ ਮਨ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ, ਪਰ ਮਿਹਨਤੀ ਮਨੁੱਖ ਦੀ ਹਰ ਇੱਛਾ ਪੂਰੀ ਹੁੰਦੀ ਹੈ।”—ਕਹਾਉਤਾਂ 13:4, CL.

     ਮੁੱਖ ਗੱਲ: ਸਮੇਂ ਦੀ ਸਹੀ ਵਰਤੋਂ ਕਰਨ ਨਾਲ ਤੁਹਾਨੂੰ ਘੱਟ ਨਹੀਂ, ਸਗੋਂ ਜ਼ਿਆਦਾ ਆਜ਼ਾਦੀ ਮਿਲੇਗੀ।

  •   ਸਮੇਂ ਦੀ ਸਹੀ ਵਰਤੋਂ ਕਰਨੀ ਇਕ ਅਹਿਮ ਹੁਨਰ ਹੈ ਜਿਸ ਦਾ ਤੁਹਾਨੂੰ ਵੱਡੇ ਹੋ ਕੇ ਵੀ ਫ਼ਾਇਦਾ ਹੋਵੇਗਾ। ਇਸ ਨਾਲ ਜਾਂ ਤਾਂ ਤੁਸੀਂ ਨੌਕਰੀ ਨੂੰ ਬਚਾਈ ਰੱਖੋਗੇ ਜਾਂ ਇਸ ਤੋਂ ਹੱਥ ਧੋ ਬੈਠੋਗੇ। ਜੇ ਤੁਸੀਂ ਕੋਈ ਕਾਰੋਬਾਰ ਕਰਦੇ ਹੋ, ਤਾਂ ਕੀ ਤੁਸੀਂ ਕੋਈ ਅਜਿਹਾ ਕਾਮਾ ਰੱਖੋਗੇ ਜੋ ਅਕਸਰ ਕੰਮ ʼਤੇ ਲੇਟ ਆਉਂਦਾ ਹੈ?

     ਬਾਈਬਲ ਦਾ ਅਸੂਲ: “ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਈਮਾਨਦਾਰ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੁੰਦਾ ਹੈ।”​—ਲੂਕਾ 16:10.

     ਮੁੱਖ ਗੱਲ: ਸਮੇਂ ਨੂੰ ਵਰਤਣ ਦੀ ਤੁਹਾਡੀ ਕਾਬਲੀਅਤ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।

 ਪਰ ਇਹ ਗੱਲ ਸੱਚ ਹੈ ਕਿ ਸਮੇਂ ਨੂੰ ਸਹੀ ਢੰਗ ਨਾਲ ਵਰਤਣਾ ਸੌਖਾ ਨਹੀਂ ਹੈ। ਜ਼ਰਾ ਕੁਝ ਰੁਕਾਵਟਾਂ ʼਤੇ ਧਿਆਨ ਦਿਓ।

 ਰੁਕਾਵਟ #1: ਦੋਸਤ

 “ਜੇ ਮੇਰੇ ਦੋਸਤ ਮੈਨੂੰ ਘੁੰਮਣ ਜਾਣ ਲਈ ਪੁੱਛਣ, ਤਾਂ ਮੈਂ ਅਕਸਰ ਹਾਂ ਕਹਿ ਦਿੰਦੀ ਹਾਂ ਭਾਵੇਂ ਮੇਰੇ ਕੋਲ ਸਮਾਂ ਨਾ ਵੀ ਹੋਵੇ। ਮੈਂ ਸੋਚਦੀ ਹਾਂ ਕਿ ‘ਘਰ ਜਾ ਕੇ ਮੈਂ ਛੇਤੀ-ਛੇਤੀ ਸਾਰਾ ਕੰਮ ਮੁਕਾ ਦੇਣਾ।’ ਪਰ ਅਕਸਰ ਇੱਦਾਂ ਨਹੀਂ ਹੁੰਦਾ ਜਿਸ ਕਰਕੇ ਕਈ ਵਾਰ ਕਾਫ਼ੀ ਮਾੜੇ ਨਤੀਜੇ ਭੁਗਤਣੇ ਪੈਂਦੇ ਹਨ।”​—ਸਿੰਥੀਆ।

 ਰੁਕਾਵਟ #2: ਧਿਆਨ ਭਟਕਣਾ

 “ਟੀ. ਵੀ. ਇਕ ਚੁੰਬਕ ਦੀ ਤਰ੍ਹਾਂ ਹੈ। ਇਹ ਤੁਹਾਨੂੰ ਨਾਟਕਾਂ ਤੇ ਫ਼ਿਲਮਾਂ ਰਾਹੀਂ ਆਪਣੇ ਵੱਲ ਖਿੱਚਦਾ ਹੈ। ਇਸ ਦੀ ਖਿੱਚ ਨੂੰ ਰੋਕਣਾ ਔਖਾ ਹੈ।”—ਆਈਵੀ।

 “ਮੈਂ ਆਪਣੀ ਟੈਬਲੇਟ ʼਤੇ ਕਾਫ਼ੀ ਸਮਾਂ ਬਰਬਾਦ ਕਰਦੀ ਹਾਂ। ਮੈਨੂੰ ਬਹੁਤ ਬੁਰਾ ਲੱਗਦਾ ਕਿ ਮੈਂ ਸਿਰਫ਼ ਉਦੋਂ ਰੁਕਦੀ ਹਾਂ ਜਦੋਂ ਬੈਟਰੀ ਖ਼ਤਮ ਹੋ ਜਾਂਦੀ ਹੈ।”​—ਮੈਰੀ।

 ਰੁਕਾਵਟ #3: ਢਿੱਲ-ਮੱਠ

 “ਮੈਂ ਆਪਣਾ ਸਕੂਲ ਦਾ ਕੰਮ ਅਤੇ ਹੋਰ ਜ਼ਰੂਰੀ ਕੰਮ ਕਰਨ ਵਿਚ ਢਿੱਲ-ਮੱਠ ਕਰਦੀ ਹਾਂ। ਮੈਂ ਉਦੋਂ ਤਕ ਆਪਣਾ ਸਮਾਂ ਫਾਲਤੂ ਦੇ ਕੰਮਾਂ-ਕਾਰਾਂ ਵਿਚ ਖ਼ਰਾਬ ਕਰਦੀ ਰਹਿੰਦੀ ਹਾਂ ਜਦੋਂ ਤਕ ਮੇਰੇ ਕੋਲ ਸਕੂਲ ਦਾ ਕੰਮ ਕਰਨ ਲਈ ਬਹੁਤ ਘੱਟ ਸਮਾਂ ਰਹਿ ਜਾਂਦਾ। ਸਮੇਂ ਨੂੰ ਵਰਤਣ ਦਾ ਇਹ ਤਰੀਕਾ ਸਹੀ ਨਹੀਂ ਹੈ।”​—ਬੈਥ।

ਸਮੇਂ ਦੀ ਸਹੀ ਵਰਤੋਂ ਕਰਨ ਨਾਲ ਤੁਹਾਨੂੰ ਘੱਟ ਨਹੀਂ, ਸਗੋਂ ਜ਼ਿਆਦਾ ਆਜ਼ਾਦੀ ਮਿਲੇਗੀ

 ਤੁਸੀਂ ਕੀ ਕਰ ਸਕਦੇ ਹੋ?

  1.   ਆਪਣੇ ਕੰਮਾਂ ਦੀ ਲਿਸਟ ਬਣਾਓ। ਮਿਸਾਲ ਲਈ, ਇਸ ਵਿਚ ਆਪਣੇ ਘਰ ਦੇ ਅਤੇ ਸਕੂਲ ਦੇ ਕੰਮ ਸ਼ਾਮਲ ਕਰੋ। ਲਿਖੋ ਕਿ ਹਰ ਹਫ਼ਤੇ ਤੁਹਾਨੂੰ ਹਰੇਕ ਕੰਮ ਨੂੰ ਕਰਨ ਵਿਚ ਕਿੰਨੇ ਸਮੇਂ ਦੀ ਲੋੜ ਹੈ।

     ਬਾਈਬਲ ਦਾ ਅਸੂਲ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”​—ਫ਼ਿਲਿੱਪੀਆਂ 1:10.

  2.   ਉਨ੍ਹਾਂ ਕੰਮਾਂ ਦੀ ਲਿਸਟ ਬਣਾਓ ਜੋ ਤੁਸੀਂ ਆਪਣੇ ਵਿਹਲੇ ਸਮੇਂ ਵਿਚ ਕਰਨਾ ਚਾਹੁੰਦੇ ਹੋ। ਤੁਸੀਂ ਇਸ ਵਿਚ ਸੋਸ਼ਲ ਨੈੱਟਵਰਕਿੰਗ ਅਤੇ ਟੀ. ਵੀ. ਦੇਖਣ ਵਰਗੇ ਕੰਮ ਸ਼ਾਮਲ ਕਰ ਸਕਦੇ ਹੋ। ਫਿਰ ਲਿਖੋ ਕਿ ਤੁਸੀਂ ਹਰ ਹਫ਼ਤੇ ਹਰੇਕ ਕੰਮ ਵਿਚ ਕਿੰਨੇ ਘੰਟੇ ਲਾਉਂਦੇ ਹੋ।

     ਬਾਈਬਲ ਦਾ ਅਸੂਲ: “ਸਮਝਦਾਰੀ ਤੋਂ ਕੰਮ ਲਓ ਅਤੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।”​—ਕੁਲੁੱਸੀਆਂ 4:5.

  3.   ਯੋਜਨਾ ਬਣਾਓ। ਬਣਾਈਆਂ ਦੋ ਲਿਸਟਾਂ ਨੂੰ ਦੇਖੋ। ਕੀ ਤੁਸੀਂ ਜ਼ਰੂਰੀ ਕੰਮਾਂ ਨੂੰ ਕਰਨ ਲਈ ਲੋੜੀਂਦਾ ਸਮਾਂ ਦਿੱਤਾ ਹੈ? ਕੀ ਤੁਹਾਨੂੰ ਘੱਟ ਜ਼ਰੂਰੀ ਕੰਮਾਂ ਵਿਚ ਘੱਟ ਸਮਾਂ ਲਾਉਣ ਦੀ ਤਾਂ ਲੋੜ ਨਹੀਂ?

     ਸੁਝਾਅ: ਰੋਜ਼ ਦੇ ਕੰਮਾਂ ਦੀ ਲਿਸਟ ਬਣਾਓ ਤੇ ਜਿਹੜਾ-ਜਿਹੜਾ ਕੰਮ ਹੋਈ ਜਾਂਦਾ, ਉਸ ʼਤੇ ਨਿਸ਼ਾਨ ਲਗਾਓ।

     ਬਾਈਬਲ ਦਾ ਅਸੂਲ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।”​—ਕਹਾਉਤਾਂ 21:5, CL.

  4.   ਇਸ ਮੁਤਾਬਕ ਕੰਮ ਕਰੋ। ਜ਼ਿਆਦਾ ਜ਼ਰੂਰੀ ਕੰਮ ਕਰਨ ਲਈ ਸ਼ਾਇਦ ਤੁਹਾਨੂੰ ਕਿਸੇ ਨੂੰ ਨਾਂਹ ਕਹਿਣੀ ਪਵੇ। ਪਰ ਇੱਦਾਂ ਕਰਕੇ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਜ਼ਿਆਦਾ ਵਿਹਲਾ ਸਮਾਂ ਹੈ ਅਤੇ ਤੁਸੀਂ ਇਸ ਸਮੇਂ ਦਾ ਜ਼ਿਆਦਾ ਆਨੰਦ ਮਾਣ ਸਕੋਗੇ।

     ਬਾਈਬਲ ਦਾ ਅਸੂਲ: “ਮਿਹਨਤ ਵਿੱਚ ਢਿੱਲੇ ਨਾ ਹੋਵੋ।”—ਰੋਮੀਆਂ 12:11, OV.

  5.   ਪਹਿਲਾਂ ਕੰਮ, ਫਿਰ ਮਨੋਰੰਜਨ। ਤਾਰਾ ਨਾਂ ਦੀ ਇਕ ਨੌਜਵਾਨ ਕੁੜੀ ਕਹਿੰਦੀ ਹੈ, “ਕਈ ਵਾਰ ਮੈਂ ਲਿਸਟ ਵਿੱਚੋਂ ਦੋ ਕੰਮ ਪੂਰੇ ਕਰਦੀ ਹਾਂ ਤੇ ਫਿਰ ਸੋਚਦੀ ਹਾਂ ਕਿ ਹੁਣ ਮੈਂ 15 ਮਿੰਟਾਂ ਲਈ ਟੀ. ਵੀ. ਦੇਖ ਸਕਦੀ ਹਾਂ ਤੇ ਬਾਅਦ ਵਿਚ ਮੈਂ ਬਾਕੀ ਕੰਮ ਕਰ ਲਵਾਂਗੀ। ਪਰ 15 ਮਿੰਟਾਂ ਤੋਂ 30 ਮਿੰਟ ਅਤੇ 30 ਮਿੰਟਾਂ ਤੋਂ ਇਕ ਘੰਟਾ ਕਦੋਂ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ। ਜਦੋਂ ਮੈਨੂੰ ਅਹਿਸਾਸ ਹੁੰਦਾ ਹੈ, ਉਦੋਂ ਤਕ ਮੈਂ ਟੀ. ਵੀ. ʼਤੇ ਦੋ ਘੰਟੇ ਬਰਬਾਦ ਕਰ ਦਿੱਤੇ ਹੁੰਦੇ ਹਨ!”

     ਹੱਲ ਕੀ ਹੈ? ਸਾਰੇ ਕੰਮ ਖ਼ਤਮ ਕਰ ਲੈਣ ਤੋਂ ਬਾਅਦ ਇਨਾਮ ਵਜੋਂ ਮਨੋਰੰਜਨ ਕਰੋ, ਨਾ ਕਿ ਜਦੋਂ ਤੁਹਾਡਾ ਦਿਲ ਕਰੇ।

     ਬਾਈਬਲ ਦਾ ਅਸੂਲ: “ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ . . . ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।”—ਉਪਦੇਸ਼ਕ ਦੀ ਪੋਥੀ 2:24.